ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਤਬਾਹੀ ਮਚਾ ਰੱਖੀ ਹੈ। ਰੋਜ਼ਾਨਾ ਕੋਈ ਨਾ ਕੋਈ ਘਰ ਨਸ਼ਿਆਂ ਕਰਕੇ ਉੱਜੜ ਰਿਹਾ ਹੈ। ਅੱਜ ਪੰਜਾਬ ਵਿਧਾਨ ਸਭਾ (Vidhan Sabha) ਦੇ ਬਜ਼ਟ ਇਜਲਾਸ ਦੀ ਕਾਵਰਾਈ ਦੌਰਾਨ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਛਿੜੀ। ਸਦਨ ’ਚ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਗੁਰੂਆਂ ਦੀ ਪਵਿੱਤਰ ਧਰਤੀ ਅੰਮਿ੍ਰਤਸਰ, ਗੋਇੰਦਵਾਲ ਸਾਹਿਬ, ਤਰਨਤਾਰਨ ਅਤੇ ਖਡੂਰ ਸਾਹਿਬ ’ਚ ਸਭ ਤੋਂ ਜ਼ਿਆਦਾ ਨਸ਼ਿਆਂ ਦਾ ਕਹਿਰ ਹੈ ਅਤੇ ਕਈ ਘਰਾਂ ਦੇ ਚਿਰਾਗ ਨਸ਼ਿਆਂ ਨੇ ਬੁਝਾ ਦਿੱਤੇ ਹਨ।
ਡਾ. ਬਲਬੀਰ ਸਿੰਘ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਚਰਚਾ ਕੀਤੇ ਜਾਣ ਦੀ ਮੰਗ ਸਦਨ ਅੱਗੇ ਰੱਖੀ ਗਈ। ਇਸ ਦੌਰਾਨ ਸਪੀਕਰ ਨੇ ਸਭ ਦੀ ਸਹਿਮਤੀ ਨਾਲ ਫ਼ੈਸਲਾ ਦਿੱਤਾ ਕਿ 22 ਮਾਰਚ ਨੂੰ ਹੋਣ ਵਾਲੀ ਵਿਧਾਨ ਸਭਾ (Vidhan Sabha) ਦੀ ਕਾਰਵਾਈ ਦੌਰਾਨ ਨਸ਼ਿਆਂ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ। ਪਹਿਲਾਂ ਸਪੀਕਰ ਵੱਲੋਂ ਇੱਕ ਘੰਟੇ ਲਈ ਇਹ ਵਿਚਾਰ ਕਰਨ ਦੀ ਗੱਲ ਕਹੀ ਗਈ ਪਰ ਬਾਅਦ ’ਚ ਉਨ੍ਹਾਂ ਕਿਹਾ ਕਿ 22 ਮਾਰਚ ਨੂੰ ਸਦਨ ਅੰਦਰ 2 ਘੰਟੇ ਨਸ਼ਿਆਂ ਦੇ ਮੱਦੇ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਜਿਹੇ ਇਲਾਕਿਆਂ ’ਚ ਅਜੇ ਵੀ ਲੋਕਾਂ ਨੂੰ ਕੁੜੀਆਂ ਨੂੰ ਕੁੱਖ ’ਚ ਮਾਰ ਦਿੱਤਾ ਜਾਂਦਾ ਹੈ ਅਤੇ ਇੱਥੇ 1000 ਮੁੰਡਿਆਂ ਪਿੱਛੇ ਸਿਰਫ਼ 887 ਕੁੜੀਆਂ ਹਨ, ਜੋ ਕਿ ਇੱਕ ਗੰਭੀਰ ਵਿਸ਼ਾ ਹੈ।