ਅਥਲੀਟ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਨੂੰ ਵੀ ਕੀਤਾ ਸਨਮਾਨਤ
(ਸੱਚ ਕਹੂੰ ਨਿਊਜ਼) ਹਕੀਮਪੁਰ (ਨਵਾਂਸ਼ਹਿਰ)। ਦੁਆਬੇ ਦੀਆਂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 26ਵੀਆਂ ਪੁਰੇਵਾਲ ਖੇਡਾਂ ਦੇ ਦੂਜੇ ਦਿਨ ਅੱਜ ਸਨਮਾਨ ਸਮਾਰੋਹ ਦੌਰਾਨ ਖੇਡ ਲਿਖਾਰੀਆਂ ਦੇ ਭੀਸ਼ਮ ਪਿਤਾਮਾ ਪਿ੍ਰੰਸੀਪਲ ਸਰਵਣ ਸਿੰਘ ਨੂੰ ਖੇਡ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਕੌਮੀ ਰਿਕਾਰਡ ਬਣਾਉਣ ਵਾਲੇ ਅਥਲੀਟ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਪੰਜਾਬੀ ਖੇਡ ਪ੍ਰਮੋਟਰਾਂ ਤਰਫੋਂ ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ, ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ, ਚਰਨਜੀਤ ਸਿੰਘ ਬਾਠ, ਸਤਨਾਮ ਸਿੰਘ ਜੌਹਲ, ਮੋਹਨ ਸਿੰਘ ਕੰਧੋਲਾ, ਅੰਮਿ੍ਰਤਪਾਲ ਸਿੰਘ, ਦੇਵ ਥਿੰਦ, ਜੀਤਾ ਨੱਤ, ਬਲਕਾਰ ਸਿੰਘ ਜੌਹਲ, ਅਵਤਾਰ ਸਿੰਘ ਸਮਾਧ ਭਾਈ ਨੇ ਤਿੰਨਾਂ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ।
ਪਿ੍ਰੰਸੀਪਲ ਸਰਵਣ ਸਿੰਘ ਨੂੰ ਉਮਰ ਭਰ ਦੀਆਂ ਸਿੱਖਿਆ, ਸਾਹਿਤ, ਸਿਹਤ ਤੇ ਖੇਡ ਸੇਵਾਵਾਂ ਲਈ ’ਖੇਡ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਵਿੱਚ ਸਨਮਾਨ ਪਲੇਕ, ਗੋਲਡ ਮੈਡਲ, ਦਸਤਾਰ, ਕੰਬਲੀ ਤੇ 5 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ। ਉਨ੍ਹਾਂ ਦੀਆਂ ਪੰਜਾਹ ਪੁਸਤਕਾਂ ਵਿੱਚੋਂ ਪੱਚੀ ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਲਿਖੀਆਂ ਹਨ।
ਸਨਮਾਨ ਸਮਾਰੋਹ ਦੌਰਾਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਅਕਸ਼ਦੀਪ ਸਿੰਘ ਨੂੰ ਸਵਰਗੀ ਗੁਰਿੰਦਰਜੀਤ ਸਿੰਘ ਲਿਧੜ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਅਕਸ਼ਦੀਪ ਦੇ ਇੰਡੀਆ ਕੈਂਪ ਵਿੱਚ ਹੋਣ ਕਰਕੇ ਇਹ ਐਵਾਰਡ ਉਨਾਂ ਦੇ ਭਰਾ ਵਿਸ਼ਵਦੀਪ ਸਿੰਘ ਤੇ ਕੋਚ ਗੁਰਦੇਵ ਸਿੰਘ ਨੇ ਹਾਸਲ ਕੀਤਾ। ਐਵਾਰਡ ਵਿੱਚ ਯਾਦਗਾਰੀ ਟਰਾਫੀ, ਸ਼ਾਲ ਤੇ 31 ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਸੀ।
-
ਕਬੱਡੀ, ਕੁਸ਼ਤੀ, ਰੱਸ਼ਾਕਸ਼ੀ ਤੇ ਅਥਲੈਟਿਕਸ ਦੇ ਦਿਲ ਖਿੱਚਵੇਂ ਮੁਕਾਬਲਿਆਂ ਨੇ ਰੰਗ ਬੰਨਿਆ
ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ 35 ਕਿਲੋਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਮੰਜੂ ਰਾਣੀ ਨੂੰ ਮਾਤਾ ਸੁਰਜੀਤ ਕੌਰ ਪੁਰੇਵਾਲ ਐਵਾਰਡ ਨਾਲ ਸਨਮਾਨਿਆ ਕੀਤਾ ਗਿਆ। ਮੰਜੂ ਰਾਣੀ ਦੇ ਇੰਡੀਆ ਕੈਂਪ ਵਿੱਚ ਹੋਣ ਕਰਕੇ ਇਹ ਐਵਾਰਡ ਉਨਾਂ ਦੇ ਪਿਤਾ ਜਗਦੀਸ਼ ਕੁਮਾਰ ਨੇ ਹਾਸਲ ਕੀਤਾ।ਐਵਾਰਡ ਵਿੱਚ ਯਾਦਗਾਰੀ ਟਰਾਫੀ, ਸ਼ਾਲ ਤੇ 31 ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਸੀ।
ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਕੌਮਾਂਤਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਮਲਕੀਤ ਸਿੰਘ ਪੁਰੇਵਾਲ ਨੂੰ ਸਮਰਪਿਤ ਪੁਰੇਵਾਲ ਖੇਡਾਂ ਦੌਰਾਨ ਅੱਜ ਭਾਰ ਵਰਗ, ਅੰਡਰ 21 ਤੇ ਕੁੜੀਆਂ ਦੀ ਕਬੱਡੀ ਦੇ ਫ਼ਾਈਨਲ ਮੁਕਾਬਲੇ ਹੋਏ। ਦੇਰ ਸ਼ਾਮ ਕਬੱਡੀ ਦੀਆਂ ਚੋਟੀ ਦੀਆਂ ਅਕੈਡਮੀਆਂ ਦੇ ਮੁਕਾਬਲੇ ਹੋਏ। ਕੁਸ਼ਤੀ ਮੁਕਾਬਲਿਆਂ ਵਿੱਚ ਪੰਜਾਬ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲੇ ਹੋਏ। ਅਥਲੈਟਿਕਸ ਦੇ ਟਰੈਕ ਤੇ ਫੀਲਡ ਮੁਕਾਬਲਿਆਂ ਵਿੱਚ ਮੁੰਡਿਆਂ ਤੇ ਕੁੜੀਆਂ ਦੀ 100 ਮੀਟਰ, 200 ਮੀਟਰ, 400 ਮੀਟਰ ਤੇ 1500 ਮੀਟਰ ਦੌੜ, ਬਜ਼ੁਰਗਾਂ ਦੀ ਦੌੜ, ਲੰਬੀ ਛਾਲ ਤੇ ਸ਼ਾਟਪੁੱਟ ਦੇ ਮੁਕਾਬਲੇ ਹੋਏ। ਰੱਸ਼ਾਕਸ਼ੀ ਦੇ ਵੀ ਮੁਕਾਬਲੇ ਹੋਏ। ਖੇਡ ਮੁਕਾਬਲਿਆਂ ਦੌਰਾਨ ਪ੍ਰੋ ਮੱਖਣ ਸਿੰਘ ਹਕੀਮਪੁਰ, ਕਰਮਦੀਨ, ਤੇਲੂ ਰਾਮ, ਸੁਰਜੀਤ ਕਕਰਾਲੀ ਨੇ ਆਪਣੀ ਕੁਮੈਂਟਰੀ ਕਲਾ ਨਾਲ ਰੰਗ ਬੰਨਿਆ।
ਇਸ ਮੌਕੇ ਸਾਬਕਾ ਪ੍ਰਸਿੱਧ ਕਬੱਡੀ ਖਿਡਾਰੀ ਬਲਵਿੰਦਰ ਫਿੱਡੂ, ਗੁਰਿੰਦਰ ਸਿੰਘ ਗੋਸਲ, ਬਿੱਲਾ ਗੋਸਲ, ਬਹਾਦਰ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਜੌਹਲ, ਸਤਨਾਮ ਸਿੰਘ ਹੇੜੀਆ, ਸ਼ਮਿੰਦਰ ਸਿੰਘ ਗਰਚਾ, ਸੁਰਜੀਤ ਸਿੰਘ ਨੱਤ, ਮਾਸਟਰ ਜੋਗਾ ਸਿੰਘ, ਕੁਲਤਾਰ ਪੁਰੇਵਾਲ, ਖੇਡ ਲਿਖਾਰੀ ਜਗਰੂਪ ਸਿੰਘ ਜਰਖੜ, ਡਾ ਸੁਖਦਰਸ਼ਨ ਚਹਿਲ, ਨਵਦੀਪ ਸਿੰਘ ਗਿੱਲ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।