ਡਿਪਟੀ ਕਮਿਸ਼ਨਰ ਨੇ ਖੂਈਆਂ ਸਰਵਰ ਵਿਖੇ ਕੈਂਪ ਲਾ ਕੇ ਸੁਣੀਆਂ ਲੋਕਾਂ ਦੀਆਂ ਸਿਕਾਇਤਾਂ
- ਖੇਤੀਬਾੜੀ ਵਿਭਾਗ ਨੂੰ ਨਰਮੇ ਦੇ ਬੀਜਾਂ ਦੀ ਗੁਣਵਤਾ ਯਕੀਨੀ ਬਣਾਉਣ ਦੀਆਂ ਕੀਤੀਆਂ ਹਦਾਇਤਾਂ
ਫਾਜਿਲਕਾ (ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਡਿਪਟੀ ਕਮਿਸਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਅੱਜ ਖੂਈਆਂ ਸਰਵਰ ਵਿਖੇ ਵਿਸੇਸ ਕੈਂਪ ਲਾ ਕੇ ਲੋਕਾਂ ਦੀਆਂ ਸਿਕਾਇਤਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸਨਰ ਜਨਰਲ ਡਾ: ਮਨਦੀਪ ਕੌਰ, ਐਸਡੀਐਮ ਅਬੋਹਰ ਸ੍ਰੀ ਅਕਾਸ ਬਾਂਸਲ, ਤਹਿਸੀਲਦਾਰ ਮਨਿੰਦਰ ਸਿੰਘ, ਨਾਇਬ ਤਹਿਸੀਲਦਾਰ ਜਤਿੰਦਰ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗਗਨਦੀਪ ਕੌਰ, ਤਹਿਸੀਲ ਭਲਾਈ ਅਫਸਰ ਅਸੋਕ ਕੁਮਾਰ ਆਦਿ ਵੀ ਹਾਜਰ ਸਨ।
100 ਤੋਂ ਵੱਧ ਸਿਕਾਇਤਾਂ ਆਈਆਂ
ਇਸ ਕੈਂਪ ਵਿਚ ਖੂਈਆਂ ਸਰਵਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ 100 ਤੋਂ ਵੱਧ ਸਿਕਾਇਤਾਂ ਦਰਜ ਕਰਵਾਈਆਂ। ਡਿਪਟੀ ਕਮਿਸਨਰ ਨੇ ਹਰੇਕ ਸਿਕਾਇਤਕਰਤਾ ਦੀ ਗੱਲ ਸੁਣ ਕੇ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਡਿਪਟੀ ਕਮਿਸਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਪਿੰਡ ਪਹੁੰਚ ਕਰਕੇ ਇਸ ਤਰਾਂ ਦੇ ਕੈਂਪ ਲਗਾਏ ਜਾ ਰਹੇ ਹਨ ਤਾਂ ਜ਼ੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਸਰਕਾਰੀ ਸੇਵਾਵਾਂ ਮਿਲ ਸਕਣ ਅਤੇ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਾ ਲਾਉਣੇ ਪੈਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਮੁਹਿੰਮ ਵਿਚ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਨਸੇ ਦੀ ਵਿਕਰੀ ਕਰਨ ਵਾਲੇ ਲੋਕਾਂ ਖਿਲਾਫ਼ਜਾਣਕਾਰੀ ਪੁਲਿਸ ਨੂੰ ਦੇਣ।
ਖੇਤੀਬਾੜੀ ਵਿਭਾਗ ਨੂੰ ਸਖ਼ਤ ਹਦਾਇਤਾਂ
ਇਸ ਦੌਰਾਨ ਸਿਕਾਇਤਾਂ ਸੁਣਦਿਆਂ ਡਿਪਟੀ ਕਮਿਸਨਰ ਨੇ ਖੇਤੀਬਾੜੀ ਵਿਭਾਗ ਨੂੰ ਸਖਤ ਹਦਾਇਤ ਕੀਤੀ ਕਿ ਨਰਮੇ ਦੇ ਬੀਜਾਂ ਦੀ ਉਚ ਗਣਵਤਾ ਯਕੀਨੀ ਬਣਾਈ ਜਾਵੇ ਅਤੇ ਨਰਮੇ ਦੇ ਬੀਜਾਂ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਗੈਰ ਮਿਆਰੀ ਬੀਜਾਂ, ਖਾਦਾਂ ਆਦਿ ਦੀ ਵਿਕਰੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਪੈਨਸਨਰਾਂ ਲਈ ਵਿਸੇਸ ਕੈਂਪ ਲਗਾਉਣ ਦੀ ਹਦਾਇਤ ਵੀ ਇਸ ਮੌਕੇ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।