ਇਸ ਹੱਤਕ ਖਿਲਾਫ਼ ਜਾਵਾਂਗਾ ਅਦਾਲਤ, ਬੀਜੇਪੀ ਦਾ ਕਰਦਾ ਰਹਾਂਗਾ ਵਿਰੋਧ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇੰਡੀਅਨ ਫਾਰਮਰਜ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਬਜ਼ੁਰਗ ਮੈਂਬਰ ਸਤਨਾਮ ਸਿੰਘ ਬਹਿਰੂ (Satnam Singh Bahru) ਨੇ ਆਖਿਆ ਕਿ ਸੀਬੀਆਈ ਵੱਲੋਂ ਪਿਛਲੇ ਦਿਨੀਂ ਉਨ੍ਹਾਂ ਦੇ ਘਰ ਕੀਤੀ ਛਾਪੇਮਾਰੀ ਤੋਂ ਕੁਝ ਬਰਾਮਦ ਨਹੀਂ ਹੋਇਆ, ਉਨ੍ਹਾਂ ਦੀ ਸਿਰਫ਼ ਸਮਾਜਿਕ ਬਦਨਾਮੀ ਕੀਤੀ ਗਈ ਹੈ। ਇਸ ਲਈ ਉਹ ਆਪਣੀ ਇਸ ਹੱਤਕ ਖਿਲਾਫ਼ ਅਦਾਲਤ ਦਾ ਰੁੱਖ ਕਰਨਗੇ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਜੇਕਰ ਇੱਕ ਵਿਸਵਾ ਵੀ ਬੇਨਾਮੀ ਜਾਇਦਾਦ ਖਰੀਦੀ ਹੋਵੇ ਜਾਂ ਕੋਈ ਹੋਰ ਕਾਰੋਬਾਰ ਹੋਵੇ ਤਾਂ ਮੈਂ ਆਪਣਾ ਸਿਰ ਕਟਾ ਲਵਾਂਗਾ।
ਕਿਹਾ, ਸੀਬੀਆਈ ਦੇ ਅਧਿਕਾਰੀਆਂ ਨੇ ਮੇਰੇ ਘਰ ਛਾਪੇਮਾਰੀ ਕਰਕੇ ਮੇਰੀ ਸਮਾਜਿਕ ਬਦਨਾਮੀ ਕੀਤੀ
ਕਿਸਾਨ ਆਗੂ ਸਤਨਾਮ ਬਹਿਰੂ (Satnam Singh Bahru) ਅੱਜ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ 21 ਫਰਵਰੀ ਨੂੰ ਸੀਬੀਆਈ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਸਵੇਰੇ 9 ਵਜੇ ਤੋਂ ਲੈਕੇ ਸ਼ਾਮ 4 ਵਜੇ ਸੱਤ ਘੰਟੇ ਤੱਕ ਘਰ ਦੀ ਫਰੋਲਾ-ਫਰਾਲੀ ਕਰਨ ’ਤੇ ਜਦੋਂ ਸੀਬੀਆਈ ਦੀ ਟੀਮ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਤਾਂ ਸਿਰਫ ਮੇਰਾ ਮੋਬਾਇਲ ਫੋਨ ਅਤੇ ਜਥੇਬੰਦੀ ਦਾ ਲੈਟਰਪੈਡ ਲੈਕੇ ਚੱਲਦੇ ਬਣੇ ਅਤੇ ਮੇਰੇ ਵੱਲੋਂ ਵਾਰ-ਵਾਰ ਅਧਿਕਾਰੀਆਂ ਨੂੰ ਘਰ ਦੀ ਫਰੋਲਾ ਫਰਾਲੀ ਸਬੰਧੀ ਪੁੱਛਣ ’ਤੇ ਵੀ ਛਾਪੇ ਦੀ ਕੋਈ ਤੱਸਲੀ ਬਖਸ ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਫਰਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਮਾਰਚ ਮਹੀਨੇ ਵਿੱਚ ਦਿੱਲੀ ਵਿਖੇ ਵੀ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਬਹਿਰੂ ਨੇ ਕਿਹਾ ਕਿ ਉਨ੍ਹਾਂ ’ਤੇ ਇਹ ਛਾਪੇਮਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਹੀ ਕਰਵਾਈ ਗਈ ਹੈ ਕਿਉਂਕਿ ਉਨ੍ਹਾਂ ਵੱਲੋਂ ਸਾਲ 2016 ’ਚ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਬੀਜੇਪੀ ਕਿਸਾਨ ਵਿਰੋਧੀ ਹੈ ਅਤੇ ਇਸ ਨੂੰ ਵੋਟਾਂ ਨਾ ਪਾਇਓ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਵੀ ਬੀਜੇਪੀ ਦਾ ਵਿਰੋਧ ਕਰਨਗੇ ਅਤੇ ਜਿੱਥੇ ਵੀ ਚੋਣ ਹੋਵੇਗੀ, ਉਸ ਦੀ ਜਥੇਬੰਦੀ ਵਿਰੋਧ ਕਰੇਗੀ।
ਮੇਰੇ ਕੋਲ ਸਿਰਫ਼ ਗੈਰਮਲਕੀਅਤ ਪੰਜ ਏਕੜ ਜ਼ਮੀਨ (Satnam Singh Bahru)
ਬਹਿਰੂ ਨੇ ਕਿਹਾ ਕਿ ਮੇਰੇ ਕੋਲ ਜੋੋਂ ਪੰਜ ਏਕੜ ਖੇਤੀ ਲਈ ਜ਼ਮੀਨ ਹੈ ਉਹ ਵੀ ਗੈਰਮਲਕੀਅਤ ਹੈ ਅਤੇ ਉਸ ਦਾ ਮੈਂ ਪੰਜਾਹ ਸੱਠ ਸਾਲਾਂ ਤੋਂ ਲਗਾਨ ਦਿੰਦਾ ਆ ਰਿਹਾ ਹਾਂ। ਮੈਂ ਦੇਵੀਗੜ੍ਹ ਦੇ ਇੱਕ ਆੜ੍ਹਤੀਏ ਦਾ ਦੋ ਲੱਖ ਰੁਪਏ ਦਾ ਕਰਜਾਈ ਹਾਂ ਅਤੇ ਸਰਕਾਰੀ ਸੁਸਾਇਟੀ ਦਾ ਇੱਕ ਲੱਖ ਰੁਪਏ ਦਾ ਕਰਜਾ ਦੇਣਾ ਹੈ। ਬਹਿਰੂ ਨੇ ਕਿਹਾ ਕਿ ਉਹ ਆਪਣੇ ਖੇਤ ਦੀ ਜਿਣਸ ਜੀਰੀ ਤੇ ਕਣਕ ਸਿਰਫ ਸਾਲ ਵਿੱਚ ਲਗਭਗ 200 ਕੁਵਿੰਟਲ ਸਰਕਾਰੀ ਕੀਮਤ ’ਤੇ ਜੇ ਫਾਰਮ ਲੈਕੇ ਵੇਚਦਾ ਆ ਰਿਹਾ ਹੈ। ਮੇਰਾ ਕੋਈ ਸੈਲਰ ਅਤੇ ਹੋਰ ਕੋਈ ਵਪਾਰ ਨਹੀਂ ਹੈ ਜਦਕਿ ਸੀਬੀਆਈ ਦੇ ਅਧਿਕਾਰੀਆਂ ਵੱਲੋਂ ਮੇਰੇ ਘਰ ਆਕੇ ਕਿਹਾ ਗਿਆ ਕਿ ਤੁਹਾਡਾ ਬਹੁਤ ਵੱਡਾ ਕਾਰੋਬਾਰ ਹੈ।