ਭ੍ਰਿਸ਼ਟਾਚਾਰ ਨਹੀਂ ਕਰਾਂਗੇ ਬਰਦਾਸ਼ਤ, ਭਵਿੱਖ ’ਚ ਸੋਚਣ ਵਾਲੇ ਵੀ ਖ਼ਬਰਦਾਰ, ਵੱਡਾ ਹੋਵੇ ਜਾਂ ਛੋਟਾ ਕਰਾਂਗੇ ਸਖ਼ਤ ਕਾਰਵਾਈ
- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਹਿਮ ਦੀ ਅਪੀਲ ਕਰਨ ਵਾਲਿਆਂ ਨੂੰ ਚਿਤਾਵਨੀ, ਰਹਿਮ ਨਹੀਂ ਜੇਲ ਮਿਲੇਗੀ
(ਅਸ਼ਵਨੀ ਚਾਵਲਾ) ਚੰਡੀਗੜ। ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਆਮ ਜਾਂ ਫਿਰ ਖ਼ਾਸ ਵਿਅਕਤੀ ਲਈ ਰਹਿਮ ਦੀ ਅਪੀਲ ਨਹੀਂ ਮੰਨੀ ਜਾਏਗੀ, ਸਗੋਂ ਰਹਿਮ ਦੀ ਥਾਂ ’ਤੇ ਜੇਲ ਹੀ ਭੇਜਿਆ ਜਾਏਗਾ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ੀਰੋ ਸਹਿਣਸ਼ੀਲਤਾ ਮੰਨੀ ਜਾਏਗੀ ਅਤੇ ਹਰ ਕਿਸੇ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ। ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ 2 ਕੈਬਨਿਟ ਮੰਤਰੀਆਂ ਅਤੇ 1 ਵਿਧਾਇਕ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਕੋਈ ਵੀ ਵਿਅਕਤੀ ਕਿਸੇ ਵੀ ਵੱਡੇ ਅਹੁਦੇ ’ਤੇ ਕਿਉਂ ਨਾ ਬੈਠਾ ਹੋਵੇ, ਜੇਕਰ ਉਹ ਭ੍ਰਿਸ਼ਟਾਚਾਰ ਕਰ ਰਿਹਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸਖ਼ਤੀ ਦਾ ਇਸ਼ਾਰਾ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚੋਂ ਹੀ ਨਿਕਲੀ ਹੋਈ ਹੈ, ਇਸ ਲਈ ਜਿਹੜੀ ਪਾਰਟੀ ਦਾ ਜਨਮ ਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੋਂ ਹੋਵੇ ਤਾਂ ਭ੍ਰਿਸ਼ਟਾਚਾਰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਭਿ੍ਰਸ਼ਟਾਚਾਰ ਕਰਨ ਵਾਲੇ ਨੂੰ ਰਹਿਮ ਨਹੀਂ ਮਿਲੇਗੀ, ਭਾਵੇਂ ਉਹ ਵੱਡੇ ਅਹੁਦੇ ’ਤੇ ਰਿਹਾ ਹੋਵੇ ਜਾਂ ਫਿਰ ਵੱਡੇ ਅਹੁਦੇ ’ਤੇ ਅੱਜ ਵੀ ਬਿਰਾਜਮਾਨ ਹੋਵੇ। ਭਾਂਵੇ ਉਸ ਨੇ ਭਿ੍ਰਸ਼ਟਾਚਾਰ 10 ਸਾਲ ਪਹਿਲਾਂ ਕੀਤਾ ਹੋਵੇ ਜਾਂ ਫਿਰ 4 ਦਿਨ ਪਹਿਲਾਂ ਹੀ ਕੀਤਾ ਹੋਵੇ। ਇਨਾਂ ਸਾਰੀਆਂ ਦੇ ਖ਼ਿਲਾਫ਼ ਕਾਰਵਾਈ ਤਾਂ ਹੋ ਕੇ ਹੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਭਵਿੱਖ ਵਿੱਚ ਭ੍ਰਿਸ਼ਟਾਚਾਰ ਕਰਨ ਵਾਲੇ ਕੋਈ ਸੋਚ ਵੀ ਰਿਹਾ ਹੋਵੇ ਤਾਂ ਉਹ ਸਲਾਹ ਦੇਣਗੇ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਸੋਚਿਆ ਵੀ ਨਾ ਜਾਵੇ, ਕਿਉਂਕਿ ਛੱਡਿਆ ਕਿਸੇ ਨੂੰ ਵੀ ਨਹੀਂ ਜਾਏਗਾ।
ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ੀ ਮੰਤਰੀਆਂ ਅਤੇ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ
ਭਗਵੰਤ ਮਾਨ ਨੇ ਕਿਹਾ ਕਿ 75 ਸਾਲ ਦੇਸ਼ ਨੂੰ ਆਜ਼ਾਦ ਹੋ ਗਏ ਪਰ ਦਿੱਲੀ ਤੋਂ ਬਿਨਾਂ ਕਿਸੇ ਇੱਕ ਸਰਕਾਰ ਦੀ ਮਿਸਾਲ ਦੇ ਦਿਓ, ਜਿਸ ਨੇ ਆਪਣੀ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗਿਰਫ਼ਤਾਰ ਕੀਤਾ ਹੋਵੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ੀ ਮੰਤਰੀਆਂ ਅਤੇ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਲੋਕਾਂ ਦੇ ਟੈਕਸ ਦੇ ਪੈਸੇ ਖਾਣ ਵਾਲੇ ਨੂੰ ਕੋਈ ਵੀ ਰਹਿਮ ਨਹੀਂ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਪੈਸਾ ਖਾਣ ਦਾ ਤਰੀਕ ਵੱਖ-ਵੱਖ ਹੋ ਸਕਦਾ ਹੈ। ਕੋਈ ਪੈਸਾ ਢਾਬੇ ਜਾਂ ਫਿਰ ਸੜਕ ਤੋਂ ਖਾ ਰਿਹਾ ਹੋਏਗਾ ਤਾਂ ਕੋਈ ਬੱਸ ਜਾਂ ਫਿਰ ਸਰਪੰਚ ਤੋਂ ਖਾ ਰਿਹਾ ਹੋਏਗਾ ਪਰ ਇਹ ਪੈਸਾ ਖਾਣ ਵਾਲੇ ਦੇ ਖ਼ਿਲਾਫ਼ ਕਾਰਵਾਈ ਇੱਕੋ ਜਿਹੀ ਹੀ ਹੋਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ