ਭਾਈ ਵੀਰ ਸਿੰਘ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫਰੰਸ ਦਾ ਆਗਾਜ਼

Bhai Vir Singh Anniversary

ਭਾਈ ਵੀਰ ਸਿੰਘ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫਰੰਸ ਦਾ ਆਗਾਜ਼

(ਖੁਸ਼ਵੀਰ ਸਿੰਘ ਤੁਰ) ਪਟਿਆਲਾ। ਭਾਈ ਵੀਰ ਸਿੰਘ ਨੂੰ ਸਿਰਫ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਹਵਾਲੇ ਨਾਲ ਹੀ ਨਹੀਂ ਬਲਕਿ ਉਨ੍ਹਾਂ ਵੱਲੋਂ ਕੀਤੇ ਗਏ ਹੋਰ ਬਹੁਤ ਸਾਰੇ ਕਾਰਜਾਂ ਨਾਲ ਉਨ੍ਹਾਂ ਦੀ ਸ਼ਖਸੀਅਤ ਦੇ ਰੰਗ ਉੱਘੜਦੇ ਹਨ। ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ, ਪ੍ਰੈੱਸ ਦੀ ਸਥਾਪਨਾ ਕਰਕੇ ਵੱਡੀ ਮਾਤਰਾ ਵਿੱਚ ਸਾਹਿਤ ਪ੍ਰਕਾਸ਼ਿਤ ਕਰਨਾ ਅਤੇ ਵੰਡਣਾ, ਸਮੇਂ ਨਾਲ ਸੰਵਾਦ ਰਚਾਉਣ ਹਿੱਤ ਲਿਖੇ ਗਏ ਟੈ੍ਰਕਟ ਆਦਿ ਕੰਮ ਵਿੱਚ ਸ਼ਾਮਿਲ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਵੀਰ ਸਿੰਘ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜਾ ਕਾਨਫਰੰਸ ਦੇ ਆਗਾਜ ਮੌਕੇ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਵਿਦਵਾਨਾਂ ਨੇ ਕੀਤਾ।

ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਭਾਈ ਵੀਰ ਸਿੰਘ ਚੇਅਰ ਵੱਲੋਂ ਕਰਵਾਈ ਜਾ ਰਹੀ ਇਸ ਵਿਸ਼ਵ ਕਾਨਫਰੰਸ ਦੇ ਉਦਘਾਟਨੀ ਸ਼ਬਦ ਬੋਲਦਿਆਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਭਾਈ ਵੀਰ ਸਿੰਘ ਦੇ ਸਾਹਿਤ ਦੇ ਹਵਾਲੇ ਨਾਲ ਕਿਹਾ ਕਿ ਸਾਨੂੰ ਸਾਹਿਤ ਦੇ ਪਾਸਾਰ ਨੂੰ ਆਮ ਲੋਕਾਈ ਤੱਕ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦੀ ਪਹੁੰਚ ਦਾ ਦਾਇਰਾ ਵਸੀਹ ਕੀਤੇ ਜਾਣ ਲਈ ਸਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।ਪ੍ਰੋ. ਸਤਿੰਦਰ ਸਿੰਘ ਨੇ ਟਿੱਪਣੀ ਕੀਤੀ ਕਿ ਭਾਈ ਵੀਰ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ ਸਿਰਫ ਲਿਖਿਆ ਹੀ ਨਹੀਂ ਬਲਕਿ ਅੱਜ ਜੋ ਪੰਜਾਬੀ ਭਾਸ਼ਾ ਨੂੰ ਰੁਤਬਾ ਹਾਸਿਲ ਹੈ ਉਸ ਵਿੱਚ ਉਨ੍ਹਾਂ ਦੀ ਮੋਢੀ ਭੂਮਿਕਾ ਰਹੀ ਹੈ।

  • ਸਾਹਿਤ ਦੇ ਪਾਸਾਰ ਨੂੰ ਆਮ ਲੋਕਾਈ ਤੱਕ ਲੈ ਕੇ ਜਾਣ ਦੀ ਲੋੜ : ਵਿਜੇ ਕੁਮਾਰ ਜੰਜੂਆ

ਪੰਜਾਬੀ ਭਾਸ਼ਾ ਦੀ ਵਰਤਮਾਨ ਸ਼ੈਲੀ, ਜਿਸ ਨੂੰ ਅਸੀਂ ਆਧੁਨਿਕ ਮੁਹਾਵਰਾ ਆਖਦੇ ਹਾਂ, ਦੇ ਨਿਰਮਾਣ ਵਿੱਚ ਭਾਈ ਵੀਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਉਦਘਾਟਨੀ ਸੈਸ਼ਨ ਦੌਰਾਨ ਡਾ. ਰਵੇਲ ਸਿੰਘ ਨੇ ਥੀਮ ਸੰਬੰਧੀ ਜਾਣਕਾਰੀ ਦੌਰਾਨ ਕਿਹਾ ਕਿ ਭਾਈ ਵੀਰ ਸਿੰਘ ਦੀ ਵਾਰਤਕ ਨੂੰ ਹਾਲੇ ਤੱਕ ਓਨੇ ਗਹਿਰੇ ਅਧਿਐਨ ਰਾਹੀਂ ਨਹੀਂ ਵਾਚਿਆ ਗਿਆ। ਉਨ੍ਹਾਂ ਭਾਈ ਸਾਹਿਬ ਦੇ ਟ੍ਰੈਕਟਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਵਾਰਤਕ ਰਾਹੀਂ ਆਪਣੇ ਸਮੇਂ ਨਾਲ ਸੰਵਾਦ ਰਚਾ ਰਹੇ ਸਨ। ਪਦਮ ਸ੍ਰੀ ਬਾਬਾ ਸੇਵਾ ਸਿੰਘ ਵੱਲੋਂ ਭਾਈ ਵੀਰ ਸਿੰਘ ਦੀ ਕਵਿਤਾ ‘ਡਾਲੀ ਨਾਲੋਂ ਤੋੜ ਨਾ ਸਾਨੂੰ’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਿਸ ਤਰ੍ਹਾਂ ਕੁਦਰਤ ਨਾਲ ਇੱਕਮਿਕ ਹੋਣ ਦਾ ਸਬਕ ਦੇ ਰਹੇ ਸਨ ਜਿਸ ਬਾਰੇ ਸਾਨੂੰ ਅੱਜ ਵੀ ਸਮਝਣ ਦੀ ਲੋੜ ਹੈ।

  • ਭਾਈ ਵੀਰ ਸਿੰਘ ਦੇ ਵਾਰਤਕ ਨੂੰ ਅਜੇ ਉਨੇ ਗਹਿਰੇ ਅਧਿਐਨ ਨਾਲ ਨਹੀਂ ਵਾਚਿਆ ਗਿਆ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਭਾਈ ਵੀਰ ਸਿੰਘ ਨੂੰ ਤਿੰਨ ਨੁਕਤਿਆਂ ਤੋਂ ਵਿਸ਼ੇਸ਼ ਤੌਰ ਉੱਤੇ ਯਾਦ ਕੀਤਾ ਜਾ ਸਕਦਾ ਹੈ। ਪਹਿਲਾ ਇਹ ਕਿ ਉਨ੍ਹਾਂ ਨੇ ਉਸ ਦੌਰ ’ਚ ਪੰਜਾਬੀ ਭਾਸ਼ਾ ਨੂੰ ਆਪਣੇ ਪ੍ਰਗਟਾਅ ਮਾਧਿਅਮ ਵਜੋਂ ਚੁਣਿਆ ਜਦੋਂ ਉਨ੍ਹਾਂ ਦੇ ਆਲੇ-ਦੁਆਲੇ ਹੋਰਨਾਂ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ। ਦੂਜਾ ਇਹ ਕਿ ਉਨ੍ਹਾਂ ਵੱਲੋਂ ਅਜਿਹੀਆਂ ਸਿਨਫਾਂ ਵਿੱਚ ਕੰਮ ਕਰਨਾ ਚੁਣਿਆ ਜੋ ਉਸ ਸਮੇਂ ਤੱਕ ਪੰਜਾਬੀ ਵਿੱਚ ਮਕਬੂਲ ਨਹੀਂ ਸਨ। ਤੀਜਾ ਨੁਕਤਾ ਇਹ ਕਿ ਅਜਿਹੇ ਲੋਕ, ਜੋ ਉਨ੍ਹਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਾ ਵੀ ਹੋਣ, ਉਹ ਵੀ ਭਾਈ ਸਾਹਿਬ ਦੀ ਸਖਸੀਅਤ ਦੀ ਕਦਰ ਕਰਦੇ ਹਨ। ਇਸ ਦੌਰਾਨ ਸੁਰਜੀਤ ਪਾਤਰ ਅਤੇ ਸਵਰਾਜਬੀਰ ਸੰਪਾਦਕ ਪੰਜਾਬੀ ਟਿ੍ਰਬਿਊਨ ਵੱਲੋਂ ਸੰਪਾਦਿਤ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਨਾਲ ਸੰਬੰਧਤ ਪੁਸਤਕਾਂ ਵਿਸੇਸ ਤੌਰ ਉੱਤੇ ਰਿਲੀਜ ਕੀਤੀਆਂ ਗਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here