ਬੈਂਕ ਦੀ ਮਿਲੀਭੁਗਤ ਨਾਲ 6.5 ਕਰੋੜ ਰੁਪਏ ਦੀ ਮਾਰੀ ਠੱਗੀ

Fraud

ਪ੍ਰੋਜੈਕਟ ਦੇ ਸ਼ੇਅਰ ਹੜੱਪਣ ਲਈ ਦੋ ਭਾਈਵਾਲਾਂ ਤੇ ਬਿਲਡਰ ਅਤੇ ਬੈਂਕ ਨਾਲ ਮਿਲ ਕੇ ਠੱਗੀ ਮਾਰਨ ਦਾ ਦੋਸ਼

ਬੈਂਕ ਦੀ ਮਿਲੀਭੁਗਤ ਨਾਲ 6.5 ਕਰੋੜ ਰੁਪਏ ਦੀ ਨਕਦੀ ਆਪਣੇ ਹੀ ਖਾਤਿਆਂ ‘ਚ ਜਮ੍ਹਾ ਕਰਵਾਈ : ਪ੍ਰਿਤਪਾਲ ਸਿੰਘ ਮਾਨ

ਮੋਹਾਲੀ (ਐੱਮ ਕੇ ਸ਼ਾਇਨਾ)। ਸੈਕਟਰ-90 ‘ਚ ਫੈਸ਼ਨ ਟੈਕਨਾਲੋਜੀ ਪਾਰਕ ਦੇ ਨਾਂਅ ‘ਤੇ ਬਣਾਏ ਜਾ ਰਹੇ ਮੈਗਾ ਪ੍ਰੋਜੈਕਟ ਦੇ ਤਿੰਨ ਹਿੱਸੇਦਾਰਾਂ ‘ਚੋਂ ਦੋ ਉੱਤੇ ਆਪਣੇ ਤੀਜੇ ਪਾਰਟਨਰ ਨਾਲ ਧੋਖਾ ਕਰਦੇ ਹੋਏ ਇਕ ਬਿਲਡਰ ਅਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰੀਬ 6 ਕਰੋੜ 63 ਲੱਖ ਰੁਪਏ ਦਾ ਹਿੱਸਾ ਹੜੱਪਣ ਦੇ ਦੋਸ਼ ਲੱਗੇ ਹਨ। ਇਸ ਠੱਗੀ ਦਾ ਪਤਾ ਉਦੋਂ ਲੱਗਾ ਜਦੋਂ ਮੈਂ ਬੈਂਕ ਜਾ ਕੇ ਪੁੱਛਗਿੱਛ ਕੀਤੀ ਤਾਂ ਦੱਸਿਆ ਗਿਆ ਕਿ ਤੁਹਾਡਾ ਕੋਈ ਖਾਤਾ ਨਹੀਂ ਹੈ। ਇਹ ਗੱਲ ਫੇਜ਼-1 ਨਿਵਾਸੀ ਪ੍ਰਿਤਪਾਲ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਹੀ।

ਉਹਨਾਂ ਨੇ ਦੱਸਿਆ ਕਿ ਸੈਕਟਰ-90 ਵਿੱਚ ਉਸ ਦੇ ਪਿਤਾ ਹਰਦਿਆਲ ਸਿੰਘ ਮਾਨ, ਗੁਰਸ਼ਰਨ ਬੱਤਰਾ ਅਤੇ ਸੁਮੇਸ਼ ਚਾਵਲਾ ਵੱਲੋਂ ਫੈਸ਼ਨੇਬਲ ਟੈਕਨਾਲੋਜੀ ਨਾਂਅ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਉਸ ਦੇ ਪਿਤਾ ਨੂੰ ਉਸ ਦੇ ਦੋ ਸਾਥੀਆਂ ਗੁਰਸ਼ਰਨ ਬੱਤਰਾ ਅਤੇ ਸੁਮੇਸ਼ ਚਾਵਲਾ ਨੇ ਕਿਹਾ ਕਿ ਇਹ ਪ੍ਰਾਜੈਕਟ ਘਾਟੇ ਵਿਚ ਜਾ ਰਿਹਾ ਹੈ ਇਸ ਲਈ ਹੁਣ ਇਸ ਨੂੰ ਵੇਚ ਦੇਈਏ ਤਾਂ ਜੋ ਕੁਝ ਮੁਆਵਜ਼ਾ ਮਿਲ ਸਕੇ। ਜਿਸ ਲਈ ਉਹ ਸਹਿਮਤ ਹੋ ਗਿਆ।

ਇਸ ਲਈ ਦੋਵਾਂ ਭਾਈਵਾਲਾਂ ਨੇ ਇਹ ਪ੍ਰੋਜੈਕਟ ਮੋਨਾ ਟਾਊਨਸ਼ਿਪ ਦੇ ਬਿਲਡਰ ਤੇਜਿੰਦਰ ਪਾਲ ਸੇਤੀਆ, ਹਿਮਾਨੀ ਸੇਤੀਆ, ਸਾਗਰ ਸੇਤੀਆ ਅਤੇ ਆਕਾਸ਼ ਸੇਤੀਆ ਨੂੰ ਵੇਚ ਦਿੱਤਾ। ਇਸ ਪ੍ਰੋਜੈਕਟ ਨੂੰ ਵੇਚਣ ਲਈ ਇੱਕ ਪਾਰਟਨਰ ਦੀ ਹਿੱਸੇਦਾਰੀ ਕਰੀਬ 6 ਕਰੋੜ 63 ਲੱਖ ਰੁਪਏ ਬਣਦੀ ਸੀ। ਦੋਵਾਂ ਨੇ ਕਿਹਾ ਕਿ ਸਾਂਝਾ ਖਾਤਾ ਖੋਲ੍ਹਣ ਤੋਂ ਬਾਅਦ ਉਹ ਸਾਰੇ ਪੈਸੇ ਇਸ ਵਿੱਚ ਰੱਖਣਗੇ ਅਤੇ ਜਦੋਂ ਕੰਪਨੀ ਦਾ ਸਾਰਾ ਕੰਮ ਖਤਮ ਹੋ ਜਾਵੇਗਾ ਤਾਂ ਉਹ ਪੈਸੇ ਆਪਸ ਵਿੱਚ ਵੰਡ ਲੈਣਗੇ। ਇਸੇ ਲਈ ਉਹ ਮੰਨ ਗਿਆ। ਪਰ ਦੋਵਾਂ ਭਾਈਵਾਲਾਂ ਨੇ ਮਿਲੀਭੁਗਤ ਨਾਲ ਆਪਣੇ ਹਿੱਸੇ ਦੇ 6 ਕਰੋੜ 63 ਲੱਖ ਰੁਪਏ ਉਨ੍ਹਾਂ ਦੇ ਖਾਤਿਆਂ ‘ਚ ਪਾ ਲਏ।

ਬੈਂਕ ਜਾ ਕੇ ਦੇਖਿਆ ਤੇ ਕੋਈ ਖਾਤਾ ਨਹੀਂ ਹੈ

Fraud

ਹਰਦਿਆਲ ਮਾਨ ਦੇ ਪੁੱਤਰ ਪ੍ਰਿਤਪਾਲ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਉਸ ਨੂੰ ਬਾਹਰੋਂ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਰਹੀ ਹੈ ਤਾਂ ਉਸ ਨੇ ਬੈਂਕ ਜਾ ਕੇ ਇਸ ਬਾਰੇ ਪੁੱਛਗਿੱਛ ਕੀਤੀ। ਉਸ ਨੂੰ ਦੱਸਿਆ ਗਿਆ ਕਿ ਆਈਸੀਆਈਸੀ ਬੈਂਕ ਵਿੱਚ ਖਾਤਾ ਖੋਲ੍ਹਿਆ ਗਿਆ ਹੈ। ਪਰ ਉਥੇ ਜਾ ਕੇ ਪਤਾ ਲੱਗਾ ਕਿ ਉਸ ਬੈਂਕ ਵਿਚ ਕੋਈ ਖਾਤਾ ਨਹੀਂ ਹੈ। ਫਿਰ ਪਤਾ ਲੱਗਾ ਕਿ ਐੱਚ.ਡੀ.ਐੱਫ.ਸੀ. ਬੈਂਕ ‘ਚ ਖਾਤਾ ਖੋਲ੍ਹਿਆ ਗਿਆ ਹੈ, ਜਦੋਂ ਅਸੀਂ ਉੱਥੇ ਗਏ ਤਾਂ ਪਤਾ ਲੱਗਾ ਕਿ ਇਹ ਖਾਤਾ ਹਰਦਿਆਲ ਮਾਨ ਦੇ ਨਾਂਅ ‘ਤੇ ਨਹੀਂ ਸਗੋਂ ਬਾਕੀ ਦੋਵਾਂ ਸਾਥੀਆਂ ਦੇ ਨਾਂਅ ‘ਤੇ ਹੈ।

ਨਾਲ ਹੀ ਬੈਂਕ ਨੇ ਖਾਤੇ ਦੀ ਸਟੇਟਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਆਪਣੇ ਤੌਰ ‘ਤੇ ਜਾਂਚ ਕਰਨ ‘ਤੇ ਉਨ੍ਹਾਂ ਨੇ ਖਾਤੇ ਦੀ ਸਟੇਟਮੈਂਟ ਕਢਵਾਈ ਤਾਂ ਪਤਾ ਲੱਗਾ ਕਿ ਦੋਵੇਂ ਭਾਈਵਾਲਾਂ ਨੇ ਮੋਨਾ ਟਾਊਨਸ਼ਿਪ ਦੇ ਬਿਲਡਰ ਤੋਂ ਪੈਸੇ ਲੈ ਕੇ ਉਨ੍ਹਾਂ ਦੇ ਖਾਤੇ ‘ਚ ਚੈੱਕ ਕੈਸ਼ ਕਰਵਾ ਲਏ। ਨਾਲ ਹੀ, ਉਹ ਸਾਰਾ ਪੈਸਾ ਮੋਨਾ ਟਾਊਨਸ਼ਿਪ ਦੇ ਖਾਤੇ ਵਿੱਚ ਵਾਪਸ ਚਲਾ ਗਿਆ। ਪ੍ਰਿਤਪਾਲ ਸਿੰਘ ਮਾਨ ਨੇ ਦੱਸਿਆ ਕਿ ਅਜਿਹਾ ਕਰਕੇ ਦੋਵਾਂ ਭਾਈਵਾਲਾਂ ਨੇ ਬੈਂਕ ਅਧਿਕਾਰੀਆਂ ਅਤੇ ਬਿਲਡਰ ਨਾਲ ਮਿਲ ਕੇ ਉਸ ਨਾਲ ਠੱਗੀ ਮਾਰੀ ਹੈ। ਪ੍ਰਿਤਪਾਲ ਨੇ ਦੱਸਿਆ ਕਿ ਇਸ ਸਦਮੇ ਕਾਰਨ ਸਾਲ 2021 ਵਿੱਚ ਉਸ ਦੀ ਮਾਤਾ ਦੀ ਮੌਤ ਹੋ ਗਈ ਸੀ ਅਤੇ ਸਾਲ 2022 ਵਿੱਚ ਉਸ ਦੇ ਪਿਤਾ ਵੀ ਆਪਣੀ ਪਤਨੀ ਦੇ ਵਿਛੋੜੇ ਅਤੇ ਦੁੱਖ ਕਾਰਨ ਸਵਰਗਵਾਸ ਹੋ ਗਏ ਸਨ।

 ਪੁਲਿਸ ਨੂੰ ਦਿੱਤੀ ਸ਼ਿਕਾਇਤ ਪਰ ਕੋਈ ਕਾਰਵਾਈ ਨਹੀਂ ਹੋਈ

ਪ੍ਰਿਤਪਾਲ ਸਿੰਘ ਮਾਨ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦੀ ਜਾਂਚ ਐਸਪੀ ਨਵਰੀਤ ਵਿਰਕ ਨੂੰ ਸੌਂਪੀ ਗਈ ਸੀ। ਉਥੇ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਅਤੇ ਮੁਲਜ਼ਮਾਂ ਨੂੰ ਵੀ ਪੁਲੀਸ ਨੇ ਨੋਟਿਸ ਭੇਜ ਕੇ ਬੁਲਾਇਆ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਪ੍ਰਿਤਪਾਲ ਨੇ ਕਿਹਾ ਕਿ ਮਾਮਲੇ ਨੂੰ ਪੂਰੀ ਤਰ੍ਹਾਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।