ਜਦੋਂ ਤੱਕ ਸਾਡੇ ਲੜਕੇ ਦਾ ਸਿਰ ਬਰਾਮਦ ਨਹੀਂ ਹੋ ਜਾਂਦਾ, ਅਸੀਂ ਲੜਕੇ ਦਾ ਸਸਕਾਰ ਨਹੀਂ ਕਰਾਂਗੇ: ਪਰਿਵਾਰ ਮੈਂਬਰ
ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਿਛਲੇ ਦਿਨੀਂ ਇੱਥੇ ਜੇਲ੍ਹ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਸਾਈਕਲ ਸਵਾਰ ਦਾ ਸਿਰ ਹੀ ਧੜ ਨਾਲੋਂ ਵੱਖ ਹੋ ਗਿਆ ਤੇ ਅੱਜ ਤੱਕ ਪੁਲਿਸ ਨੂੰ ਮਿ੍ਰਤਕ ਦਾ ਸਿਰ ਬਰਾਮਦ ਨਹੀਂ ਹੋਇਆ। ਪੁਲਿਸ ਦੀ ਢਿੱਲੀ ਕਾਰਗੁਜਾਰੀ ਤੋਂ ਖਫਾ ਪਰਿਵਾਰ ਮੈਂਬਰਾਂ ਵੱਲੋਂ ਅੱਜ ਬੱਸ ਸਟੈਂਡ ਦੇ ਬੱਤੀਆਂ ਵਾਲੇ ਚੌਂਕ ’ਚ ਇਕੱਠੇ ਹੋ ਕੇ ਰੋਸ ਪ੍ਰ੍ਰਦਰਸ਼ਨ ਕੀਤਾ ਗਿਆ ਤੇ ਆਵਾਜਾਈ ਠੱਪ ਕਰਕੇ ਇਨਸਾਫ ਦੀ ਮੰਗ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਲੜਕੇ ਦਾ ਸਿਰ ਨਹੀਂ ਮਿਲ ਜਾਂਦਾ, ਉਸ ਸਮੇਂ ਤੱਕ ਉਹ ਆਪਣੇ ਲੜਕੇ ਦਾ ਅੰਤਿਮ ਸਸਕਾਰ ਨਹੀਂ ਕਰਨਗੇ। (Car Rider)
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਰੋਸ ਜਾਹਿਰ ਕੀਤਾ ਕਿ ਪਟਿਆਲਾ ਪੁਲਿਸ ਬਹੁਤ ਹੀ ਢਿੱਲੀ ਕਾਰਵਾਈ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਐਨਾ ਸਮਾਂ ਬੀਤਣ ਦੇ ਬਾਵਜ਼ੂਦ ਵੀ ਪੁਲਿਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਨਾਕਾਮ ਸਾਬਤ ਹੋਈ ਹੈ। ਪਰਿਵਾਰ ਮੈਂਬਰਾਂ ਨੇ ਕਿਹਾ ਕਿ ਮਿ੍ਰਤਕ ਨੌਜਵਾਨ ਦੀ ਮੌਤ ਪਿੱਛੋਂ ਉਸ ਦੀ ਘਰਵਾਲੀ ਤੇ ਦੋ ਛੋਟੇ ਬੱਚੇ ਰੁਲ ਗਏ ਜਿਨ੍ਹਾਂ ਵਿੱਚ ਇੱਕ 12 ਸਾਲ ਦਾ ਲੜਕਾ ਤੇ 10 ਸਾਲ ਦੀ ਲੜਕੀ ਹੈ। ਉਨ੍ਹਾਂ ਕਿਹਾ ਸਾਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਹੈ।
ਗੱਡੀ ਨਾਲ ਹੀ ਲੈ ਗਈ ਸਿਰ | Car Rider
ਦੱਸਣਯੋਗ ਹੈ ਕਿ ਬੀਤੇ ਦਿਨੀਂ ਦੋ ਕਾਰ ਸਵਾਰ ਜੇਲ੍ਹ ਰੋਡ ’ਤੇ ਆਪਣੀਆਂ ਕਾਰਾਂ ਦੀਆਂ ਆਪਸ ’ਚ ਰੇਸਾਂ ਲਾ ਰਹੇ ਸਨ। ਇਸ ਦੌਰਾਨ ਇੱਕ ਸਾਈਕਲ ਚਾਲਕ ਉਨ੍ਹਾਂ ਦੀ ਲਪੇਟ ’ਚ ਆ ਗਿਆ, ਜਿਸ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਤੇ ਅਗਲੀ ਸਵੇਰ ਪੁਲਿਸ ਨੂੰ ਸਾਈਕਲ ਸਵਾਰ ਦਾ ਸਿਰਫ ਧੜ ਹੀ ਮਿਲਿਆ ਤੇ ਸਿਰ ਉੱਥੋਂ ਗਾਇਬ ਸੀ। ਪੁਲਿਸ ਦੇ ਹੱਥ ਇੱਕ ਵੀਡੀਓ ਵੀ ਲੱਗੀ ਹੈ, ਜਿਸ ਵਿੱਚ ਕੁਝ ਨੌਜਵਾਨ ਲਿਫਾਫੇ ’ਚ ਸਿਰ ਲੈ ਕੇ ਜਾਂਦੇ ਦੇਖੇ ਗਏ ਹਨ। ਪੁਲਿਸ ਵੱਲੋਂ ਦੋਵੇਂ ਗੱਡੀਆਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ, ਜਦੋਕਿ ਸਾਈਕਲ ਚਾਲਕ ਨੂੰ ਟੱਕਰ ਮਾਰਨ ਵਾਲੀ ਸਕਾਰਪੀਓ ਕਾਰ ਦਾ ਚਾਲਕ ਫਰਾਰ ਹੈ।
ਉਕਤ ਸਾਈਕਲ ਸਵਾਰ ਤਫੱਜਲਪੁਰਾ ਦਾ ਰਹਿਣ ਵਾਲਾ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਮਿ੍ਰਤਕ ਦੇ ਰਿਸ਼ਤੇਦਾਰ ਸ਼ਾਮ ਲਾਲ ਤੇ ਭਰਾ ਸੰਜੀਵ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਦਾ ਸਿਰ ਸਾਈਕਲ ’ਚ ਟੱਕਰ ਮਾਰਨ ਵਾਲੇ ਸਕਾਰਪੀਓ ਸਵਾਰ ਨੌਜਵਾਨਾਂ ਵੱਲੋਂ ਹੀ ਚੁੱੱਕਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਪੈਲੇਸਾਂ ’ਚ ਕੌਫੀ ਬਣਾਉਣ ਦਾ ਕੰਮ ਕਰਦਾ ਸੀ ਤੇ ਘਟਨਾ ਵਾਲੀ ਰਾਤ ਵੀ ਉਹ ਕੰਮ ਤੋਂ ਵਾਪਸ ਆ ਰਿਹਾ ਸੀ, ਜਿਸ ਦੌਰਾਨ ਇਹ ਘਟਨਾ ਹੋਈ ਹੈ। ਪੁਲਿਸ ਨੇ ਹਾਦਸਾਗ੍ਰਸਤ ਸਕਾਰਪੀਓ ਗੱਡੀ ਤਿ੍ਰਪੜੀ ਦੇ ਇੱਕ ਪਾਰਕ ’ਚੋਂ ਬਰਾਮਦ ਕਰ ਲਈ ਹੈ
ਟੱਕਰ ਮਾਰਨ ਵਾਲੀ ਸਕਾਰਪੀਓ ਬਰਾਮਦ, ਚਾਲਕ ਦੀ ਭਾਲ ਜਾਰੀ: ਐੱਸਐੱਚਓ
ਥਾਣਾ ਤਿ੍ਰਪੜੀ ਦੇ ਐੱਸਐੱਚਓ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਟੱਕਰ ਮਾਰਨ ਵਾਲੀ ਗੱਡੀ ਦੇ ਚਾਲਕ ਦੀ ਪਛਾਣ ਸੁਖਮਨ ਸਿੰਘ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਪੁਸ਼ਟੀ ਕੀਤੀ ਕਿ ਅਜੇ ਤੱਕ ਮਿ੍ਰਤਕ ਦਾ ਸਿਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਕਾਰਪੀਓ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਗਿ੍ਰਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ