ਖੇਡ ਮਾਫੀਆ ਨਾਲ ਮਿਲ ਕੀਤਾ ਕਰੋੜਾਂ ਦਾ ਘਪਲਾ, ਵਿਜੀਲੈਂਸ ਕੋਲ ਪੁੱਜੀ ਸ਼ਿਕਾਇਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖੇਡ ਮਾਫ਼ੀਆ ਨਾਲ ਮਿਲ ਕੇ ਆਈਏਐੱਸ ਅਧਿਕਾਰੀ ਅਜੋਏ ਸ਼ਰਮਾ ਨੇ ਕਰੋੜਾਂ ਰੁਪਏ ਦਾ ਘਪਲਾ ਕਰ ਦਿੱਤਾ ਹੈ। ਅਜੋਏ ਸ਼ਰਮਾ ਦਾ ਇਸ ਘਪਲੇ ਵਿੱਚ ਸਾਥ ਉਨ੍ਹਾਂ ਦੇ ਤਤਕਾਲੀ ਵਿਭਾਗ ਦੇ ਡਾਇਰੈਕਟਰ ਸੁਖਵੀਰ ਸਿੰਘ ਨੇ ਦਿੱਤਾ ਅਤੇ ਦੋਵਾਂ ਨੇ ਮਿਲ ਕੇ ਗਰੀਬ ਖਿਡਾਰੀਆਂ ਨੂੰ ਕਿੱਟ ਲਈ ਮਿਲੇ ਕਰੋੜਾਂ ਰੁਪਏ ਨੂੰ ਆਪਣੇ ਭਿ੍ਰਸ਼ਟਾਚਾਰ ਦਾ ਸ਼ਿਕਾਰ ਬਣਾ ਲਿਆ ਹੈ। ਇਸ ਤਰ੍ਹਾਂ ਦੀ ਸ਼ਿਕਾਇਤ ਪੰਜਾਬ ਵਿਜੀਲੈਂਸ ਵਿਭਾਗ ਕੋਲ ਪੁੱਜੀ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਵਿਜੀਲੈਂਸ ਵੱਲੋਂ ਆਈਏਐੱਸ ਅਧਿਕਾਰੀ ਅਜੋਏ ਸ਼ਰਮਾ ਅਤੇ ਸੁਖਵੀਰ ਗਰੇਵਾਲ ਖ਼ਿਲਾਫ਼ ਅੰਦਰ ਖਾਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਪੰਜਾਬ ਵਿਜੀਲੈਂਸ ਵੱਲੋਂ ਜਾਂਚ ਲਈ ਸੱਦਿਆ ਜਾ ਸਕਦਾ ਹੈ ਜਾਂ ਫਿਰ ਸਰਕਾਰ ਤੋਂ ਇਜਾਜ਼ਤ ਲੈਂਦੇ ਹੋਏ ਭਿ੍ਰਸ਼ਟਾਚਾਰ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਦੇ ਅਧਿਕਾਰੀ ਜ਼ਿਆਦਾ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹਨ ਪਰ ਇਸ ਮਾਮਲੇ ਨੂੰ ਕਾਫ਼ੀ ਜ਼ਿਆਦਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
6212 ਖਿਡਾਰੀਆਂ ਨੂੰ ਬਣਾਇਆ ਆਪਣਾ ਸ਼ਿਕਾਰ, ਡਕਾਰ ਗਏ ਅਧਿਕਾਰੀ ਕਰੋੜਾਂ ਰੁਪਏ
ਪੰਜਾਬ ਵਿਜੀਲੈਂਸ ਕੋਲ ਪੁੱਜੀ ਸ਼ਿਕਾਇਤ ਅਨੁਸਾਰ ਅਜੋਏ ਸ਼ਰਮਾ ਪਿਛਲੀ ਸਰਕਾਰ ਦੌਰਾਨ ਖੇਡ ਵਿਭਾਗ ਦੇ ਸਕੱਤਰ ਦੇ ਤੌਰ ’ਤੇ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਡਾਇਰੈਕਟਰ ਸਿਖਲਾਈ ਦੇ ਤੌਰ ’ਤੇ ਸੁਖਵੀਰ ਸਿੰਘ ਗਰੇਵਾਲ ਤੈਨਾਤ ਸਨ। ਪਿਛਲੀ ਸਰਕਾਰ ਵੱਲੋਂ ਪੰਜਾਬ ਦੇ ਲਗਭਗ 10 ਹਜ਼ਾਰ 300 ਖਿਡਾਰੀਆਂ ਨੂੰ ਖੇਡ ਕਿੱਟਾਂ ਖ਼ਰੀਦਣ ਲਈ 3-3 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਸਨ। ਇਨ੍ਹਾਂ ਚੈੱਕਾਂ ਦੀ ਅਦਾਇਗੀ ਕਰਨ ਤੋਂ ਪਹਿਲਾਂ ਹੀ ਮੌਕੇ ਦੇ ਸਕੱਤਰ ਅਜੋਏ ਸ਼ਰਮਾ ਅਤੇ ਡਾਇਰੈਕਟਰ ਸੁਖਵੀਰ ਸਿੰਘ ਵੱਲੋਂ ਖੇਡ ਕੰਪਨੀਆਂ ਨਾਲ ਸੌਦਾ ਤੈਅ ਕਰ ਲਿਆ ਗਿਆ ਸੀ ਅਤੇ ਖੇਡ ਕਿੱਟਾਂ ਦੀ ਖਰੀਦ ਵਿਭਾਗ ਵੱਲੋਂ ਹੀ ਕੀਤੀ ਜਾਣੀ ਸੀ ਪਰ ਚੋਣ ਜਾਬਤਾ ਨੇੜੇ ਆਉਣ ਦੌੌਰਾਨ ਸਰਕਾਰ ਦੇ ਇਸ਼ਾਰੇ ’ਤੇ ਖਿਡਾਰੀਆਂ ਨੂੰ ਚੈੱਕ ਦਿੱਤੇ ਗਏ ਸਨ।
ਵਿਜੀਲੈਂਸ ਅਨੁਸਾਰ ਭਿ੍ਰਸ਼ਟਾਚਾਰ ਕਰਨ ਦੀ ਪਹਿਲਾਂ ਤੋਂ ਤਿਆਰੀ ਕਰ ਚੁੱਕੇ ਅਜੋਏ ਸ਼ਰਮਾ ਅਤੇ ਸੁਖਵੀਰ ਸਿੰਘ ਵੱਲੋਂ ਖਿਡਾਰੀਆਂ ਦੇ ਕੋਚ ਰਾਹੀਂ ਖਿਡਾਰੀਆਂ ਤੱਕ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਖਿਡਾਰੀਆਂ ਨੂੰ ਮਿਲੇ ਚੈੱਕ ਦੇ ਬਦਲੇ 3-3 ਹਜ਼ਾਰ ਦੇ ਵਾਪਸ ਚੈੱਕ ਖੇਡ ਕੰਪਨੀ ਦੇ ਨਾਂਅ ’ਤੇ ਲੈ ਲਏ ਗਏ। ਇਨ੍ਹਾਂ ਚੈੱਕ ਨੂੰ ਲੈਣ ਤੋਂ ਬਾਅਦ ਸੰਗਰੂਰ, ਪਟਿਆਲਾ ਅਤੇ ਜਲੰਧਰ ਦੀਆਂ ਖੇਡ ਕੰਪਨੀਆਂ ਨੂੰ ਕਿੱਟ ਦੇਣ ਦੇ ਆਦੇਸ਼ ਦਿੱਤੇ ਗਏ ਪਰ ਕਿੱਟ ਦੀ ਕੁਆਲਿਟੀ ਕਾਫ਼ੀ ਜ਼ਿਆਦਾ ਘਟੀਆ ਅਤੇ ਘੱਟ ਰੇਟ ਦੀ ਦਰਜ ਕੀਤੀ ਗਈ। ਇਸ ਸਾਰੀ ਖੇਡ ਵਿੱਚ ਇਨ੍ਹਾਂ ਦੋਵਾਂ ਅਧਿਕਾਰੀਆਂ ਵੱਲੋਂ ਕਰੋੜਾਂ ਰੁਪਏ ਦੇ ਭਿ੍ਰਸ਼ਟਾਚਾਰ ਦੀ ਖੇਡ ਖੇਡੀ ਗਈ, ਜਿਸ ਨਾਲ ਸਿੱਧੇ ’ਤੇ ਤੌਰ ’ਤੇ ਖਿਡਾਰੀਆਂ ਅਤੇ ਪੰਜਾਬ ਸਰਕਾਰ ਨੂੰ ਨੁਕਸਾਨ ਹੋਇਆ ਸੀ।
ਸਾਬਕਾ ਪੀਸੀਐੱਸ ਅਧਿਕਾਰੀ ਨੇ ਕੀਤੀ ਸੀ ਸ਼ਿਕਾਇਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸਾਬਕਾ ਪੀਸੀਐੱਸ ਅਧਿਕਾਰੀ ਇਕਬਾਲ ਸਿੰਘ ਸੰਧੂ ਵੱਲੋਂ ਪੱਤਰ ਲਿਖਦੇ ਹੋਏ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਪੱਤਰ ਨੂੰ ਵਿਜੀਲੈਂਸ ਕੋਲ ਭੇਜ ਦਿੱਤਾ ਗਿਆ ਸੀ। ਇਸ ਨਾਲ ਹੀ ਵਿਜੀਲੈਂਸ ਕੋਲ ਹੋਰ ਵੀ ਸ਼ਿਕਾਇਤਾਂ ਪੁੱਜੀਆਂ ਸਨ। ਜਿਨ੍ਹਾਂ ਨੂੰ ਦੇਖਦੇ ਹੋਏ ਪੰਜਾਬ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਤਾਂ ਮਾਮਲੇ ਵਿੱਚ ਵੱਡੇ ਖ਼ੁਲਾਸੇ ਹੁੰਦੇ ਨਜ਼ਰ ਆ ਰਹੇ ਹਨ। ਹੁਣ ਜਲਦ ਹੀ ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਕਾਰਵਾਈ ਕਰਨ ਜਾ ਰਹੀ ਹੈ।
69 ਸਾਲਾ ਸੁਖਵੀਰ ਸਿੰਘ ਗਰੇਵਾਲ ਨੂੰ ਲਾਇਆ ਗਿਆ ਡਾਇਰੈਕਟਰ
ਪਿਛਲੀ ਸਰਕਾਰ ਸਮੇਂ 69 ਸਾਲਾ ਸੁਖਵੀਰ ਸਿੰਘ ਗਰੇਵਾਲ ਨੂੰ ਡਾਇਰੈਕਟਰ ਸਿਖਲਾਈ ਲਾਇਆ ਹੋਇਆ ਸੀ, ਜਿਹੜੀ ਕਿ ਪੰਜਾਬ ਵਿਜੀਲੈਂਸ ਨੂੰ ਹਜ਼ਮ ਨਹੀਂ ਹੋ ਰਹੀ ਕਿ 60 ਸਾਲ ਉਮਰ ਵਿੱਚ ਰਿਟਾਇਰਮੈਂਟ ਮਿਲਣ ਤੋਂ ਬਾਅਦ 2 ਸਾਲਾਂ ਲਈ ਹੀ ਵਾਧਾ ਮਿਲਦਾ ਹੈ ਤਾਂ ਸੁਖਵੀਰ ਸਿੰਘ ਗਰੇਵਾਲ ਵਿੱਚ ਇਹੋ ਜਿਹਾ ਕੀ ਖ਼ਾਸ ਸੀ ਕਿ ਉਨ੍ਹਾਂ ਨੂੰ 69 ਸਾਲ ਦੀ ਉਮਰ ਵਿੱਚ ਡਾਇਰੈਕਟਰ ਲਾਇਆ ਹੋਇਆ ਸੀ। ਇਸ ਪਿੱਛੇ ਵੀ ਮੌਕੇ ਦੇ ਵਿਭਾਗ ਸਕੱਤਰ ਅਜੋਏ ਸ਼ਰਮਾ ਦਾ ਹੀ ਨਾਂਅ ਆ ਰਿਹਾ ਹੈ, ਕਿਉਂਕਿ ਭਿ੍ਰਸ਼ਟਾਚਾਰ ਕਰਨ ਲਈ ਲਗਾਤਾਰ ਸੁਖਵੀਰ ਸਿੰਘ ਗਰੇਵਾਲ ਨੂੰ ਨੌਕਰੀ ’ਤੇ ਰੱਖਿਆ ਗਿਆ ਸੀ।