ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ (Kejriwal) ਅੱਜ ਅੰਮ੍ਰਿਤਸਰ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਸੰਬੋਧਨ ਹੁੰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਪੈਸੇ ਦਿੱਤੇ ਹਨ, ਹਰ ਉਹ ਪੰਜਾਬੀ ਆਪਣੇ ਪਿੰਡ ਇੱਕ-ਇੱਕ ਮੁਹੱਲਾ ਕਲੀਨਿਕ ਅਤੇ ਸਕੂਲ ਬਣਾਉਣ ਦੀ ਜ਼ਿੰਮੇਵਾਰੀ ਲੈਣ। ਉਨ੍ਹਾਂ ਭਰੋਸਾ ਦਵਾਇਆ ਕਿ ਤੁਹਾਡੇ ਦਾਨ ਕੀਤੇ ਪੈਸੇ ਦਾ ਸਹੀ ਉਪਯੋਗ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਮੈਂ ਅੱਜ ਬਹੁਤ ਖੁਸ਼ ਹਾਂ ਕਿ ਪੰਜਾਬ ’ਚ 500 ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾ ਚੁੱਕੇ ਹਨ। ਅਸੀਂ ਇਹ ਕੰਮ ਦਿੱਲੀ ’ਚ 5-6 ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਖੰਘ, ਬੁਖਾਰ ਹੋਵੇ ਤਾਂ ਹੁਣ ਹਸਪਤਾਲਾਂ ’ਚ ਜਾਣ ਦੀ ਜ਼ਰੂਰਤ ਨਹੀਂ ਹੈ। ਇਸ ਕਲੀਨਿਕ ’ਚ ਹਰ ਕਿਸੇ ਦਾ ਡਾਕਟਰ ਮੁਫਤ ਇਲਾਜ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਮੁਹੱਲਾ ਕਲੀਨਿਕ ਦੇ ਬਹੁਤ ਵਧੀਆ ਨਤੀਜੇ ਆਏ ਹਨ। ਲੋਕਾਂ ‘ਚ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ’ਚ 100 ਮੁਹੱਲਾ ਕਲੀਨਿਕ ਬਣਾਏ ਗਏ ਸੀ ਜੋ ਸਿਰਫ ਟੈਸਟ ਕਰਨ ਲਈ ਬਣਾਏ ਗਏ ਸਨ ਤਾਂ ਇਸ ਦੇ ਨਤੀਜੇ ਬਹੁਤ ਸਫਲ ਰਹੇ। ਉਨ੍ਹਾਂ ਕਲੀਨਿਕਾਂ ‘ਚ ਹੁਣ ਤੱਕ ਸਵਾ ਲੱਖ ਲੋਕਾਂ ਨੇ ਆਪਣਾ ਇਲਾਜ ਕਰਵਾ ਚੁੱਕੇ ਹਨ।
ਸਕੂਲਾਂ ਲਈ ਕਹੀ ਇਹ ਗੱਲ
ਕੇਜਰੀਵਾਲ (Kejriwal) ਨੇ ਕਿਹਾ ਅਸੀਂ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਸਨ, ਮਾਨ ਸਰਕਾਰ 5 ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕਰੇਗੀ। ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦ ਹੈ ਅਸੀਂ ਸਾਰੀਆਂ ਉਮੀਦਾਂ ਪੂਰੀਆਂ ਕਰਾਂਗੇ। ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਢਾਂਚੇ ਵਿੱਚ ਵੱਡਾ ਸੁਧਾਰ ਹੋ ਰਿਹਾ ਹੈ ਤੇ 36 ਪਿ੍ਰੰਸੀਪਲ ਦਾ ਸਮੂਹ ਸਿਖਲਾਈ ਲਈ ਸਿੰਗਾਪੁਰ ਜਾ ਰਿਹਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪਹਿਲਾਂ ਮੁਲਾਜਮ ਟੈਂਕੀਆਂ ’ਤੇ ਚੜ੍ਹੇ ਮਿਲਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਭਗਵੰਤ ਮਾਨ ਸਰਕਾਰ ਨੇ ਹਜਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।