ਆਸੋ ਦੀ ਆਸ

A mini story

ਆਸੋ ਦੀ ਉਮਰ ਕੋਈ ਸੱਤਰ-ਪਝੰਤਰ ਸਾਲਾਂ ਦੇ ਲਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ’ਚ ਬੜੇ ਉਤਰਾਅ-ਚੜ੍ਹਾਅ ਵੇਖੇ, ਬੜੀਆਂ ਤੰਗੀਆਂ-ਪੇਸ਼ੀਆਂ ਝੱਲੀਆਂ, ਪਰ ਸੁਖ ਦੀ ਕਿਰਨ ਕਿਤੇ ਡੂੰਘੇ ਹਨ੍ਹੇਰੇ ਵਿੱਚ ਗੁਆਚ ਚੁੱਕੀ ਸੀ, ਜਿਸ ਨੂੰ ਲੱਭਦੀ-ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵਧ ਰਹੀ ਸੀ। ਕਿਉਂਕਿ ਸਿਆਣਿਆਂ ਦੇ ਕਥਨ ਮੁਤਾਬਿਕ ‘ਜੀਵੇ ਆਸਾ ਮਰੇ ਨਿਰਾਸਾ’ ਪਰ ਆਸੋ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਆਸਾਂ ਦਾ ਚੱਪੂ ਦੇ ਕੇ ਅੱਗੇ ਧੱਕ ਰਹੀ ਸੀ। ਕਮਰ ਕਮਾਨ ਦੀ ਤਰ੍ਹਾਂ ਝੁਕ ਗਈ, ਜੋ ਕਿ ਜਵਾਨੀ ਵਿੱਚ ਤੀਰ ਦੀ ਤਰ੍ਹਾਂ ਸਿੱਧੀ ਸੀ। (A mini story)

ਇੱਕ ਹੱਥ ਵਿੱਚ ਸੋਟੀ ਦੂਜਾ ਹੱਥ ਕਮਰ ’ਤੇ ਧਰੀ ਆਸੋ ਕਈ ਵਾਰੀ ਤੁਰਦੀ-ਤੁਰਦੀ ਰੁਕ ਜਾਂਦੀ ਜਾਂ ਕੰਧ ਦਾ ਸਹਾਰਾ ਲੈਂਦੀ, ਸਰੀਰ ਬੇਵੱਸ ਹੋਇਆ ਜਾਪਦਾ, ਪਰ ਮਜ਼ਬੂਰੀਆਂ ਕਦੋਂ ਰੁਕਣ ਦਿੰਦੀਆਂ ਜ਼ਿੰਦਗੀ ਦੀ ਤੋਰ ਨੂੰ। ਸਾਹਮਣਿਓਂ ਆਉਂਦੀ ਪ੍ਰਤਾਪੀ ਨੇ ਉਸ ਕੋਲ ਪੈਰ ਮਲਦੀ ਹੋਈ ਨੇ ਕਿਹਾ, ‘‘ਭੈਣੇ ਕਿੱਧਰੋ?’’ ‘‘ਪੁੱਛ ਨਾ…! ਆਸੋ ਨੇ ਸੋਟੀ ਦੇ ਸਹਾਰੇ ਨੂੰ ਕਰੜਾ ਕਰਦੇ ਹੋਏ ਕਿਹਾ, ਤਿੰਨ ਦਿਨ ਹੋ ਗਏ, ਬੈਂਕ ’ਚ ਗੇੜੇ ਮਾਰ ਕੇ ਮੁੜਦੀ ਨੂੰ, ਪੈਨਸ਼ਨ ਲੈਣ ਗਈ ਸੀ ਇੱਕ ਦਿਨ ਕਹਿੰਦੇ, ਅੱਜ ਰਸ਼ ਬਾਹਲਾ ਟਾਈਮ ਹੋ ਗਿਆ, ਕੱਲ੍ਹ ਆਇਓ! ਕੱਲ੍ਹ ਡਿੱਗਦੀ-ਢਹਿੰਦੀ ਗਈ, ਕਹਿੰਦੇ, ਕਲਰਕ ਛੁੱਟੀ ’ਤੇ ਆ, ਫੇਰ ਮੁੜ ਆਈ ਮੇਰੀ ਦਵਾਈ ਮੁੱਕੀ ਪਈ ਆ, ਮੁੰਡੇ ਨੂੰ ਕੰਮ ਤੋਂ ਪੈਸੇ ਨ੍ਹੀਂ ਮਿਲੇ, ਕਹਿੰਦਾ, ਰੁਕ ਜਾ ਬੇਬੇ ਜਿੱਦਣ ਪੈਸੇ ਮਿਲਗੇ ਦਵਾਈ ਲਿਆ ਦੇਊਂ, ਹੁਣ ਮੁੰਡਾ ਆਪਣੇ ਘਰ ਦਾ ਖ਼ਰਚਾ ਤੋਰੂ ਕੇ ਮੈਨੂੰ ਦਵਾਈ ਲਿਆ ਕੇ ਦੇਊ?

ਅੱਜ ਫੇਰ ਗਈ ਸੀ, ਔਖੀ-ਸੌਖੀ ਅੱਗੋਂ ਕਹਿੰਦੇ, ਬੇਬੇ ਤੇਰੀ ਪੈਨਸ਼ਨ ਪਿੱਛੋਂ ਨ੍ਹੀਂ ਆਈ, ਸ਼ਹਿਰ ਜਾ ਕੇ ਪਤਾ ਕਰਨਾ ਪਊ, ਭੈਣੇ ਸਰਕਾਰਾਂ ਦੇ ਕੰਮ ਵੀ ਇਹੋ-ਜਿਹੇ ਹੁੰਦੇ ਆ, ਕਈ ਮਰਿਆਂ ਦੀਆਂ ਪੈਨਸ਼ਨਾਂ ਲੈ-ਲੈ ਕੇ ਖਾਈ ਜਾਂਦੇ ਆ, ਕਈਆਂ ਨੂੰ ਸਾਡੇ ਵਰਗਿਆਂ ਨੂੰ ਜਿਉਂਦਿਆਂ ਨੂੰ ਵੀ ਨ੍ਹੀਂ ਮਿਲਦੀ’’ ਇੱਕੋ ਵਾਰੀ ਆਸੋ ਨੇ ਪ੍ਰਤਾਪੀ ਨੂੰ ਦਿਲ ਦੀ ਸੁਣਾ ਦਿੱਤੀ, ਪ੍ਰਤਾਪੀ ਨੇ ਵੀ ਹਾਂ ’ਚ ਸਿਰ ਹਿਲਾਉਂਦੀ ਨੇ ਆਖਿਆ, ‘‘ਭੈਣੇ ਇੱਥੇ ਸਰਦੇ-ਪੁੱਜਦੇ ਲੋਕ ਪੈਨਸ਼ਨਾਂ ਲਈ ਜਾਂਦੇ ਆ, ਜਿਨ੍ਹਾਂ ਦਾ ਹੱਕ ਆ ਉਨ੍ਹਾਂ ਨੂੰ ਮਿਲਦੀਆਂ ਨ੍ਹੀਂ’’ ਇਹ ਕਹਿ ਕਿ ਪ੍ਰਤਾਪੀ ਆਪਣੇ ਘਰ ਵੱਲ ਨੂੰ ਤੁਰ ਗਈ ਤੇ ਆਸੋ ਅਜੇ ਆਸਾਂ ਵਿੱਚ ਘਿਰੀ ਹੋਈ ਤੁਰਨ ਦਾ ਹੀਆ ਕਰ ਰਹੀ ਸੀ।

ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ
ਮੋ. 94658-21417

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here