ਬਗਦਾਦ ਦੇ ਖਲੀਫ਼ਾ ਹਾਰੂੰ ਰਸ਼ੀਦ ਰਾਜ ਦੇ ਕੰਮਾਂ ਬਦਲੇ ਆਪਣੇ ਲਈ ਸ਼ਾਹੀ ਖਜ਼ਾਨੇ ਵਿੱਚੋਂ ਸਿਰਫ਼ ਤਿੰਨ ਅਸ਼ਰਫ਼ੀਆਂ ਰੋਜ਼ ਲੈਂਦੇ ਸਨ, ਜੋ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਲੋੜ ਦੇ ਹਿਸਾਬ ਨਾਲ ਠੀਕ ਸਨ। ਉਸ ਤੋਂ ਹੇਠਲੇ ਦਰਜ਼ੇ ਦੇ ਹੋਰ ਮੁਲਾਜ਼ਮ ਘੱਟ ਕੰਮ ਕਰਨ ’ਤੇ ਉਨ੍ਹਾਂ ਤੋਂ ਕਈ ਗੁਣਾ ਵੱਧ ਤਨਖ਼ਾਹ ਲੈਂਦੇ ਸਨ। ਖਲੀਫ਼ਾ ਦਾ ਵਿਸ਼ਵਾਸ ਸੀ ਕਿ ਜੇਕਰ ਕੋਲ ਵੱਧ ਧਨ ਹੋਵੇਗਾ ਤਾਂ ਲੋੜਾਂ ਵੀ ਵੱਧ ਵਧਣਗੀਆਂ ਅਤੇ ਇਨ੍ਹਾਂ ਦੇ ਵਧਣ ਨਾਲ ਧਨ ਦੀ ਲਾਲਸਾ ਵੀ ਵਧੇਗੀ, ਜੋ ਕਿ ਕਦੇ ਵੀ ਚਰਿੱਤਰ ਅਤੇ ਮਾਨਵਤਾ ਨੂੰ ਲੈ ਡੁੱਬੇਗੀ। ਈਦ ਨੇੜੇ ਸੀ ਇੱਕ ਰਾਤ ਪਤਨੀ ਨੇ ਖਲੀਫ਼ਾ ਨੂੰ ਕਿਹਾ, ‘‘ਜੇਕਰ ਤੁਸੀਂ ਤਿੰਨ ਦਿਨ ਦੀ ਤਨਖ਼ਾਹ ਪੇਸ਼ਗੀ ’ਚ ਲੈ ਆਓ ਤਾਂ ਮੈਂ ਬੱਚਿਆਂ ਲਈ ਕੱਪੜੇ ਬਣਵਾ ਲਵਾਂ’’ ‘‘ਸੋਚਣਾ ਪਵੇਗਾ’’ ਖਲੀਫ਼ਾ ਨੇ ਕਿਹਾ ‘‘ਇਸ ਵਿਚ ਸੋਚਣ ਵਾਲੀ ਕੀ ਗੱਲ ਹੈ?’’ ਪਤਨੀ ਬੋਲੀ ‘‘ਤੁਸੀਂ ਮੈਨੂੰ ਤਿੰਨ ਦਿਨ ਦੀ ਜ਼ਿੰਦਗੀ ਦਾ ਪਟਾ ਦੇ ਸਕੋਗੇ?’’ ਖਲੀਫ਼ਾ ਨੇ ਪੁੱਛਿਆ। (Lease)
ਪਤਨੀ ਨੇ ਹੈਰਾਨ ਹੁੰਦਿਆਂ ਪੁੱਛਿਆ, ‘‘ਕੈਸਾ ਪਟਾ?’’ ‘‘ਜ਼ਿੰਦਗੀ ਦਾ ਪਟਾ!’’ ‘‘ਕੀ ਕਹਿਣਾ ਚਾਹੁੰਦੇ ਹੋ?’’ ਪਤਨੀ ਬੋਲੀ ਖਲੀਫ਼ਾ ਕਹਿਣ ਲੱਗਾ, ‘‘ਮੈਂ ਤੈਨੂੰ ਤਿੰਨ ਦਿਨ ਦੀ ਪੇਸ਼ਗੀ ਤਨਖ਼ਾਹ ਦੇ ਦਿਆਂ ਤੇ ਉਸੇ ਸ਼ਾਮ ਮੈਂ ਮਰ ਗਿਆ ਤਾਂ ਨੌਂ ਅਸ਼ਰਫ਼ੀਆਂ ਦਾ ਕਰਜ਼ਾ ਮੇਰੇ ’ਤੇ ਚੜ੍ਹਿਆ ਰਹੇਗਾ ਇਸ ਲਈ ਤੰੂ ਅੱਲ੍ਹਾ ਦੇ ਘਰੋਂ ਮੈਨੂੰ ਅਜਿਹਾ ਯਕੀਨੀ ਪਟਾ ਲਿਆ ਕੇ ਦੇ ਕਿ ਤਿੰਨ ਦਿਨ ਤੱਕ ਮੈਂ ਮਰਾਂਗਾ ਨਹੀਂ, ਫਿਰ ਤਿੰਨ ਦਿਨ ਦੀ ਤਨਖ਼ਾਹ ਪੇਸ਼ਗੀ ’ਚ ਲਿਆਉਣੀ ਮੁਮਕਿਨ ਹੋ ਸਕਦੀ ਹੈ’’। (Lease)