ਵਾਤਾਵਰਨ ਪੱਖੀ ਫੈਸਲਾ

Environment

ਪੰਜਾਬ ਸਰਕਾਰ ਨੇ ਜ਼ੀਰਾ ਦੀ ਸ਼ਰਾਬ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਕੇ ਵਾਤਾਵਰਨ ਤੇ ਮਨੁੱਖ ਦੇ ਹਿੱਤ ’ਚ ਫੈਸਲਾ ਲਿਆ ਹੈ। ਇਸ ਫੈਕਟਰੀ ਖਿਲਾਫ਼ ਪਿੰਡ ਮਨਸੂਰਵਾਲ ਦੇ ਲੋਕਾਂ ਸਮੇਤ 44 ਪਿੰਡਾਂ ਦੇ ਲੋਕ ਸੰਘਰਸ਼ ਕਰ ਰਹੇ ਸਨ। ਅਸਲ ਅਰਥਾਂ ’ਚ ਪੂਰੇ ਸੂਬੇ ਦੀ ਜਨਤਾ ਦੀ ਇਸ ਅੰਦੋਲਨ ਨੂੰ ਹਮਾਇਤ ਸੀ ਪਿੰਡਾਂ ਦੇ ਲੋਕਾਂ ਦਾ ਦਾਅਵਾ ਹੈ ਕਿ ਫੈਕਟਰੀ ਦਾ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਖਰਾਬ ਕਰ ਰਿਹਾ ਹੈ ਤੇ ਇੱਕ ਬੋਰ ’ਚੋਂ ਗੰਦਾ ਪਾਣੀ ਵੀ ਨਿੱਕਲਿਆ ਸੀ। ਲੋਕਾਂ ਨੇ ਬਿਮਾਰੀਆਂ ਫੈਲਣ ਦਾ ਵੀ ਦਾਅਵਾ ਕੀਤਾ ਹੈ। (Environment)

ਜ਼ੀਰੇ ਵਾਲੀ ਸ਼ਰਾਬ ਫੈਕਟਰੀ ’ਤੇ ਸਰਕਾਰ ਦਾ ਫੈਸਲਾ ਸਵਾਗਤਯੋਗ ਹੈ ਪਰ ਇਸ ਫੈਸਲੇ ਤੋਂ ਅੱਗੇ ਸੋਚਣ ਦਾ ਸਮਾਂ ਆ ਗਿਆ ਹੈ। ਕੀ ਬਾਕੀ ਸ਼ਰਾਬ ਫੈਕਟਰੀਆਂ ਦੀ ਵੀ ਤਾਲਾਬੰਦੀ ਦੀ ਲੋੜ ਹੈ। ਸ਼ਰਾਬ ਫੈਕਟਰੀ ਦਾ ਗੰਦਾ ਪਾਣੀ ਵਾਤਾਵਰਨ ਨੂੰ ਪਲੀਤ ਕਰਦਾ ਹੈ ਪਰ ਸ਼ਰਾਬ ਤਾਂ ਸਿੱਧਾ ਮਨੁੱਖੀ ਸਰੀਰ ’ਤੇ ਹੀ ਮਾੜਾ ਅਸਰ ਕਰਦੀ ਹੈ। ਫ਼ਿਰ ਕੀ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ’ਚ ਚੱਲਣੀਆਂ ਚਾਹੀਦੀਆਂ ਹਨ। ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਜੇਕਰ ਧਾਰਮਿਕ ਤੇ ਵਿਗਿਆਨਕ ਦੋਵੇਂ ਨਜ਼ਰੀਆਂ ਤੋਂ ਵੇਖੀਏ ਤਾਂ ਇਸ ਸੂਬੇ ’ਚ ਨਾ ਤਾਂ ਸ਼ਰਾਬ ਬਣ ਸਕਦੀ ਹੈ ਨਾ ਵਿਕ ਸਕਦੀ ਹੈ ਤੇ ਨਾ ਪੀਤੀ ਜਾ ਸਕਦੀ ਹੈ। (Environment)

ਸ਼ਰਾਬ ਲੀਵਰ ਖਰਾਬ ਕਰਨ ਸਮੇਤ ਕੈਂਸਰ ਤੇ ਹੋਰ ਬਿਮਾਰੀਆਂ ਦੀ ਵਜ੍ਹਾ ਬਣਦੀ ਹੈ

ਵਿਗਿਆਨਕ ਤੌਰ ’ਤੇ ਸ਼ਰਾਬ ਲੀਵਰ ਖਰਾਬ ਕਰਨ ਸਮੇਤ ਕੈਂਸਰ ਤੇ ਹੋਰ ਬਿਮਾਰੀਆਂ ਦੀ ਵਜ੍ਹਾ ਬਣਦੀ ਹੈ। ਸ਼ਰਾਬ ਦਾ ਦੂਜਾ ਨਾਂਅ ਬਿਮਾਰੀ ਹੈ ਪਰ ਸਰਕਾਰਾਂ ਦੀ ਮਨਜ਼ੂਰੀ ਨਾਲ ਸ਼ਰਾਬ ਬਣਦੀ ਤੇ ਵਿਕਦੀ ਹੈ। ਲੜਾਈਆਂ-ਝਗੜਿਆਂ ਤੇ ਹਾਦਸਿਆਂ ਨੂੰ ਸ਼ਰਾਬ ਅੰਜ਼ਾਮ ਦਿੰਦੀ ਹੈ ਸ਼ਰਾਬ ਮਨੁੱਖ ਨੂੰ ਨਾ ਸਿਰਫ਼ ਸਰੀਰਕ ਸਗੋਂ ਮਾਨਸਿਕ, ਸਰੀਰਕ, ਆਰਥਿਕ ਤੇ ਸਮਾਜਿਕ ਤੌਰ ’ਤੇ ਬਰਬਾਦ ਕਰਦੀ ਹੈ। ਨੌਜਵਾਨਾਂ ’ਚ ਖੁਦਕੁਸ਼ੀਆਂ ਦੇ ਰੁਝਾਨ ਦਾ ਕਾਰਨ ਵੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਹੈ। ਜੇਕਰ ਸਮਾਜ ਸ਼ਰਾਬ ਰਹਿਤ ਹੋਵੇਗਾ ਤਾਂ ਆਰਥਿਕ ਕੰਗਾਲੀ ਵੀ ਖ਼ਤਮ ਹੋਵੇਗੀ ਤੇ ਲੋਕ ਬਿਮਾਰ ਵੀ ਨਹੀਂ ਹੋਣਗੇ।

ਉਂਜ ਵੀ ਪੰਜਾਬ ਦੀ ਧਰਤੀ ਜ਼ਰਖੇਜ਼ ਹੈ ਜੇਕਰ ਸ਼ਰਾਬ ਦੀ ਕਮਾਈ ਨਾ ਵੀ ਹੋਵੇ ਤਾਂ ਸੂਬੇ ਕੋਲ ਕਮਾਈ ਦੇ ਬਹੁਤ ਸਾਧਨ ਹਨ। ਜੇਕਰ ਬਿਹਾਰ ਵਰਗਾ ਸੂਬਾ ਵੀ ਸ਼ਰਾਬ ਤੋਂ ਮਿਲਣ ਵਾਲੇ ਟੈਕਸ ਤੋਂ ਬਿਨਾਂ ਗੁਜ਼ਾਰਾ ਕਰ ਸਕਦਾ ਹੈ ਤਾਂ ਪੰਜਾਬ ਤਾਂ ਬਿਹਾਰ ਦੇ ਮੁਕਾਬਲੇ ਕਿਤੇ ਤਕੜਾ ਸੂਬਾ ਹੈ। ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪੰਜਾਬ ’ਚ ਦਰਿਆਵਾਂ, ਨਾਲਿਆਂ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੋਰ ਕਾਰਨਾਂ ਨੂੰ ਦੂਰ ਕਰਨਾ ਪਵੇਗਾ। ਉਦਯੋਗ ਸੂਬੇ ਦੀ ਆਰਥਿਕਤਾ ਲਈ ਜ਼ਰੂਰੀ ਹੈ। ਉਦਯੋਗ ਨੂੰ ਪ੍ਰਫੁੱਲਿਤ ਕਰਨ ਦੀ ਜ਼ਰੂਰਤ ਹੈ ਪਰ ਜਿਹੜੇ ਉਦਯੋਗਾਂ ਦਾ ਗੰਦਾ ਪਾਣੀ ਕਾਨੂੰਨੀ ਤਰੀਕੇ ਨਾਲ ਨਹੀਂ ਸੋਧਿਆ ਜਾਂਦਾ ਹੈ।

ਉਹਨਾਂ ਨੂੰ ਨਿਯਮ ਮੰਨਣ ਲਈ ਪਾਬੰਦ ਕਰਨ ਵਾਸਤੇ ਜ਼ਰੂਰੀ ਹੈ ਕਿ ਸਖਤ ਕਾਰਵਾਈ ਕੀਤੀ ਜਾਵੇ ਸਤਲੁਜ ਸੀਵਰੇਜ ਵਰਗਾ ਬਣ ਚੱੁਕਾ ਹੈ ਦਰਿਆਵਾਂ ਨੂੰ ਸ਼ੁੱਧ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸੂਬੇ ’ਚ ਖਾਦਾਂ ਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਜ਼ਹਿਰੀਲੀ ਹੋ ਰਹੀ ਧਰਤੀ ਨੂੰ ਬਚਾਉਣ ਲਈ ਕੋਈ ਠੋਸ ਨੀਤੀ ਬਣਾਉਣੀ ਪਵੇਗੀ। ਖਾਣ ਵਾਲੀ ਹਰ ਵਸਤੂ ’ਚ ਜ਼ਹਿਰ ਹੈ ਜੋ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਖੋਖਲਾ ਕਰ ਰਿਹਾ ਹੈ। ਅਸਲ ’ਚ ਵਾਤਾਵਰਨ ਅਤੇ ਸਿਹਤ ਨੀਤੀਆਂ ਨੂੰ ਸਮੁੱਚੇ ਪ੍ਰਸੰਗ ’ਚ ਵੇਖਣ ਦੀ ਲੋੜ ਹੈ। ਸ਼ਰਾਬ ਦੀ ਵਿੱਕਰੀ ਅਤੇ ਤੰਦਰੁਸਤੀ ਦੀ ਜਿੰਮੇਵਾਰੀ ਬਰਾਬਰ ਨਹੀਂ ਚੱਲ ਸਕਦੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ