ਅਗਲੇ 5 ਸਾਲਾਂ ਅੰਦਰ ਪੰਜਾਬ ’ਚ ਲੜਕੀਆਂ ਦਾ ਲਿੰਗ ਅਨੁਪਾਤ ਮੁੰਡਿਆਂ ਦੇ ਬਰਾਬਰ ਕਰਨ ਦਾ ਟੀਚਾ : ਡਾ. ਬਲਬੀਰ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr Balvir Singh) ਨੇ ਕਿਹਾ ਕਿ ਪੰਜਾਬ ’ਚ ਇਸ ਸਮੇਂ ਲੜਕੀਆਂ ਦੇ 1000 ਪਿੱਛੇ 926 ਲਿੰਗ ਅਨੁਪਾਤ ਨੂੰ ਅਗਲੇ ਪੰਜ ਸਾਲਾਂ ਅੰਦਰ ਲੜਕਿਆਂ ਦੇ ਬਰਾਬਰ ਕਰਨ ਦਾ ਟੀਚਾ ਪੂਰਾ ਕੀਤਾ ਜਾਵੇਗਾ। ਉਂਜ ਪਟਿਆਲਾ ਜ਼ਿਲ੍ਹਾ ਪੰਜਾਬ ਭਰ ’ਚੋਂ ਲੜਕੀਆਂ ਦੇ ਅਨੁਪਾਤ ਪਿੱਛੇ ਪਹਿਲੇ ਸਥਾਨ ’ਤੇ ਹੈ। ਡਾ. ਬਲਬੀਰ ਸਿੰਘ ਸਿੰਘ ਅੱਜ ਇੱਥੇ ਰਾਜ ਪੱਧਰੀ ਸਮਾਗਮ ਮੌਕੇ ਧੀਆਂ ਦਾ ਸਨਮਾਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ।
ਉਨ੍ਹਾਂ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਸਿਹਤ ਦੇ ਮਾਮਲੇ ’ਚ ਮੋਹਰੀ ਸੂਬਾ ਬਣਾਇਆ ਜਾਵੇਗਾ ਅਤੇ ਪੰਜਾਬ ਅੰਦਰ 500 ਅਜਿਹੇ ਹੋਰ ਮੁਹੱਲਾ ਕਲੀਨਿਕ ਬਣਾਏ ਜਾਣਗੇ ਅਤੇ ਬਾਅਦ ’ਚ ਡੈਂਟਲ ਅਤੇ ਸਪੈਸ਼ਲਿਸਟ ਕਲੀਨਿਕ ਵੀ ਬਣਾਏ ਜਾਣਗੇ। ਸਿਹਤ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਾਲ 2022 ’ਚ 1000 ਵਿੱਚੋਂ 989 ਨਾਲ ਪਟਿਆਲਾ ਪੰਜਾਬ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਹੈ ਪਰੰਤੂ ਸਾਨੂੰ ਇਹ ਪ੍ਰਣ ਕਰਨਾ ਪਵੇਗਾ ਕਿ ਇਹ ਅਨੁਪਾਤ ਰਾਜ ਭਰ ਵਿੱਚ ਹੀ ਮੁੰਡਿਆਂ ਦੇ ਬਰਾਬਰ ਹੋਵੇ। (Dr Balvir Singh)
ਲੜਕੀਆਂ ਦੀ ਘੱਟ ਰਹੀ ਗਿਣਤੀ ’ਤੇ ਚਿੰਤਾ
ਉਨ੍ਹਾਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਰਹੀ ਗਿਣਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਾਨਵਰਾਂ ਤੇ ਪਸ਼ੂ-ਪੰਛੀਆਂ ’ਚ ਅਜਿਹਾ ਨਹੀਂ ਕਿ ਉਹ ਆਪਣੇ ਬੱਚਿਆਂ ’ਚ ਕੋਈ ਵਿਤਕਰਾ ਕਰਦੇ ਹਨ ਪਰੰਤੂ ਅਸੀਂ ਰੱਬ ਨੂੰ ਮੰਨਣ ਵਾਲੇ ਇਨਸਾਨ ਆਪਣੀਆਂ ਧੀਆਂ ਨੂੰ ਕੁੱਖ ’ਚ ਹੀ ਮਾਰ ਦਿੰਦੇ ਹਾਂ ਇਸ ਲਈ ਸਾਨੂੰ ਹੁਣ ਧੀਆਂ ਨੂੰ ਬਚਾਉਣ ਲਈ ਹੰਭਲਾ ਮਾਰਨਾ ਪਵੇਗਾ। ਇਸ ਦੌਰਾਨ ਉਨ੍ਹਾਂ ਧੀਆਂ ਨੂੰ ਲੋਹੜੀ ਦਾ ਸਮਾਨ ਵੀ ਦਿੱਤਾ ਗਿਆ।
ਸਮਾਰੋਹ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਰਵਿੰਦਰਪਾਲ ਕੌਰ ਤੇ ਸਟੇਟ ਨੋਡਲ ਅਫ਼ਸਰ ਡਾ. ਅੰਮਿ੍ਰਤ ਬੜਿੰਗ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੁਪਿੰਦਰਜੀਤ ਕੌਰ, ਰਾਹੁਲ ਸੈਣੀ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਆਪ ਦੇ ਸੂਬਾ ਆਗੂ ਜਰਨੈਲ ਮੰਨੂ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਆਦਿ ਆਗੂ ਮੌਜੂਦ ਸਨ।