ਪਟਿਆਲਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਕੈਬਨਿਟ ਮੰਤਰੀ, ਡਾ. ਬਲਵੀਰ ਸਿੰਘ ਉੱਚ ਪੜ੍ਹੇ-ਲਿਖੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਨੂੰ ਡਾ. ਬਲਬੀਰ ਸਿੰਘ (Cabinate Minister Dr Balvir Singh) ਦੇ ਰੂਪ ਵਿੱਚ ਨਵਾਂ ਵਜ਼ੀਰ ਮਿਲਣ ਤੋਂ ਬਾਅਦ ਹੁਣ ਜ਼ਿਲ੍ਹੇ ਅੰਦਰ ਕੈਬਨਿਟ ਮੰਤਰੀਆਂ ਦੀ ਗਿਣਤੀ ਦੋ ਹੋ ਗਈ ਹੈ। ਡਾ. ਬਲਵੀਰ ਸਿੰਘ ਪਟਿਆਲਾ ਜ਼ਿਲ੍ਹੇ ’ਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਵਿਧਾਇਕ ਹਨ। ਉਂਜ ਸ਼ੁਰੂਆਤੀ ਦੌਰ ਮੌਕੇ ਵੀ ਡਾਕਟਰ ਬਲਬੀਰ ਸਿੰਘ ਨੂੰ ਕੈਬਨਿਟ ਵਿੱਚ ਥਾਂ ਮਿਲਣ ਸਮੇਤ ਸਿਹਤ ਮਹਿਕਮਾ ਉਨ੍ਹਾਂ ਦੇ ਹਿੱਸੇ ਆਉਣ ਦੀਆਂ ਚਰਚਾਵਾਂ ਭਾਰੂ ਸਨ ਪਰ ਉਸ ਸਮੇਂ ਮਾਨਸਾ ਦੇ ਡਾ. ਵਿਜੈ ਸਿੰਗਲਾ ਬਾਜ਼ੀ ਮਾਰ ਗਏ ਸਨ। ਕੁਝ ਸਮੇਂ ਬਾਅਦ ਹੀ ਉਨ੍ਹਾਂ ’ਤੇ ਲੱਗੇ ਕਥਿਤ ਦੋਸ਼ਾਂ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਨੂੰ ਪਹਿਲਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜ਼ਰਾ ਦੇ ਰੂਪ ਵਿੱਚ ਮਿਲਿਆ ਸੀ ਅਤੇ ਉਹ ਸਿਹਤ ਮੰਤਰੀ ਬਣਾ ਦਿੱਤੇ ਗਏ ਸਨ। ਹੁਣ ਉਹਨਾਂ ਤੋਂ ਵੀ ਸਿਹਤ ਮਹਿਕਮਾ ਬਦਲ ਕੇ ਨਵੇਂ ਬਣੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਦੇ ਦਿੱਤਾ ਗਿਆ ਹੈ।
ਉੱਚ ਸਿੱਖਿਆ ਪ੍ਰਾਪਤ ਹਨ ਬਲਬੀਰ ਸਿੰਘ
ਡਾ. ਬਲਬੀਰ ਸਿੰਘ ਵੱਲੋਂ ਚੋਣ ਕਮਿਸ਼ਨ ਕੋਲ ਭਰੇ ਆਪਣੇ ਐਫੀਡੈਵਿਟ ਵਿੱਚ ਦਰਸਾਈ ਗਈ ਸਿੱਖਿਆ ਮੁਤਾਬਿਕ ਉਨ੍ਹਾਂ ਵੱਲੋਂ 1979 ਵਿੱਚ ਐੱਮਬੀਬੀਐੱਸ ਕੀਤੀ ਗਈ ਅਤੇ ਉਸ ਤੋਂ ਬਾਅਦ 1983 ਵਿੱਚ ਡਿਪਲੋਮਾ ਇਨ ਓਫ਼ਥਾਲਮਿਕ ਮੈਡੀਸ਼ਨ ਐਂਡ ਸਰਜਰੀ (ਡੀਓਐਮਐਸ) ਕੀਤਾ ਗਿਆ। ਇਸ ਤੋਂ ਬਾਅਦ ਦਸੰਬਰ 1983 ਵਿੱਚ ਮਾਸਟਰ ਆਫ਼ ਸਰਜ਼ਰੀ (ਐਮਐਸ) ਕੀਤੀ ਗਈ। ਡਾ. ਬਲਬੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਹਨ ਅਤੇ ਮੌਜ਼ੂਦਾ ਸਮੇਂ ਅੱਖਾਂ ਦੇ ਸਪੈਸ਼ਲਿਸਟ ਡਾਟਕਰ ਵਜੋਂ ਆਪਣਾ ਕਿੱਤਾ ਕਰ ਰਹੇ ਹਨ।
ਦਿੱਲੀ ਵਿੱਚ ਚੱਲੇ ਕਿਸਾਨੀ ਦੰਗਲ ਮੌਕੇ ਵੀ ਡਾ. ਬਲਬੀਰ ਸਿੰਘ ਵੱਲੋਂ ਇੱਥੇ ਇੱਕ ਸਾਲ ਤੋਂ ਵੱਧ ਸਮਾਂ ਰਹਿ ਕੇ ਆਪਣੀ ਸੇਵਾ ਨਿਭਾਈ ਗਈ ਸੀ। ਵਿਧਾਇਕ ਡਾ. ਬਲਬੀਰ ਸਿੰਘ ਵੱਲੋਂ ਹਲਕਾ ਪਟਿਆਲਾ ਦਿਹਾਤੀ ਤੋਂ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਵੱਡੇ ਫਰਕ ਨਾਲ ਹਰਾਇਆ ਗਿਆ ਸੀ। ਪਿਛਲੀ ਕਾਂਗਰਸ ਸਰਕਾਰ ਮੌਕੇ ਵੀ ਪਟਿਆਲਾ ਜ਼ਿਲ੍ਹੇ ਦੇ ਹਿੱਸੇ ਮੁੱਖ ਮੰਤਰੀ ਤੋਂ ਇਲਾਵਾ ਦੋ-ਦੋ ਕੈਬਨਿਟ ਮੰਤਰੀ ਰਹੇ ਹਨ। ਚੇਤਨ ਸਿੰਘ ਜੌੜਾਮਾਜ਼ਰਾ ਤੋਂ ਕੁਝ ਸਮਾਂ ਪਹਿਲਾਂ ਵਾਪਰੇ ਵੀਸੀ ਵਿਵਾਦ ਤੋਂ ਬਾਅਦ ਲਗਾਤਾਰ ਮਹਿਕਮਾ ਬਦਲਣ ਦੀ ਚਰਚਾ ਭਾਰੂ ਹੋ ਗਈ ਸੀ।
ਕੋਹਲੀ ਟਿਕਟ ਵਾਂਗ ਨਾ ਮਾਰ ਸਕੇ ਕੈਬਨਿਟ ਦੀ ਬਾਜ਼ੀ
ਇਧਰ ਪਟਿਆਲਾ ਜ਼ਿਲ੍ਹੇ ਅੰਦਰ ਅਜੀਤਪਾਲ ਸਿੰਘ ਕੋਹਲੀ ਦੇ ਨਾਂਅ ਦੀ ਵੀ ਚਰਚਾ ਸੀ ਕਿ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਵੱਡੇ ਦਿੱਗਜ਼ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ। ਚਰਚਾ ਇਸ ਕਰਕੇ ਵੀ ਭਾਰੂ ਸੀ ਕਿਉਂਕਿ ਉਹ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪ ’ਚ ਸ਼ਾਮਲ ਹੋ ਕੇ ਟਿਕਟ ਲੈਣ ਵਿੱਚ ਕਾਮਯਾਬ ਹੋਏ ਸਨ ਅਤੇ ਇੱਕ ਆਜ਼ਾਦ ਉਮੀਦਵਾਰ ਵੱਲੋਂ ਇਹ ਵੀ ਦੋਸ਼ ਲਾਏ ਗਏ ਸਨ ਕਿ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਕੇ ਟਿਕਟ ਖਰੀਦੀ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਵਿੱਦਿਅਕ ਯੋਗਤਾ ਮਾਸਟਰ ਆਫ਼ ਆਰਟਸ ਹੈ।