ਗਰਮੀ ਦੇ ਦਿਨ ਸੀ। ਤਾਰੇ ਦੀ ਨਵੀਂ ਬਣੀ ਤਿੰਨ ਮੰਜ਼ਿਲਾ ਕੋਠੀ ਪਿੱਛੇ ਬਚੀ-ਖੁਚੀ ਪੁਰਾਣੀ ਹਵੇਲੀ ਦੇ ਵਿੱਚ ਚਿੜੀ ਤੇ ਚਿੜੇ ਨੇ ਆਪਣਾ ਰੈਣ-ਬਸੇਰਾ ਬਣਾਇਆ। ਸਾਰੇ ਦਿਨ ਦੀ ਭੱਜ-ਨੱਠ ਤੋਂ ਬਾਅਦ ਸ਼ਾਮ ਢਲੇ ਆਲ੍ਹਣਿਆਂ ਨੂੰ ਪਰਤਦਿਆਂ ਇੱਕ ਅਜੀਬ ਜਿਹੀ ਮੁਸਕਾਨ ਦੋਵਾਂ ਦੇ ਚਿਹਰਿਆਂ ’ਤੇ ਚਮਕਦੀ। ਕਿਉਂਕਿ ਅੱਜ ਦੇ ਇਸ ਦੌਰ ਵਿੱਚ ਸੰਗਮਰਮਰੀ ਘਰਾਂ ਵਿੱਚ ਚਿੜੀਆਂ ਤਾਂ ਕੀ ਬਜ਼ੁਰਗ ਵੀ ਰਹਿਣ ਤੋਂ ਆਤਰ ਹੋ ਗਏ ਸਨ। ਇਨ੍ਹਾਂ ਨੂੰ ਇਸ ਗੱਲ ਦਾ ਮਾਣ ਸੀ ਕਿ ਉਨ੍ਹਾਂ ਦਾ ਰੈਣ-ਬਸੇਰਾ ਵੱਸਿਆ ਹੋਇਆ ਹੈ। ਤੇ ਆਲ੍ਹਣੇ ਬੈਠਦਿਆਂ ਹੀ ਅਰਾਮ ਦੀ ਨੀਂਦ ਸੌਂ ਜਾਂਦੇ। (Story of Courage)
ਇੱਕ ਦਿਨ ਅਚਾਨਕ ਕੀ ਵੇਖਦੇ ਹਨ ਕਿ ਤਾਰਾ ਆਪਣੇ ਬੁੱਢੇ ਮਾਪਿਆਂ ਦੀ ਨਿੱਤ ਦੀ ਖੰਘ ਤੋਂ ਤੰਗ ਆ ਕੇ ਉਨ੍ਹਾਂ ਨੂੰ ਉਸ ਸਬਾਤ ਵਿੱਚ ਛੱਡ ਦਿੰਦਾ ਹੈ ਅਤੇ ਛੱਤ ਉਪਰ ਇੱਕ ਉਨ੍ਹਾਂ ਵਰਗਾ ਹੀ ਖੜਕਦਾ ਪੱਖਾ ਟੰਗਦਾ ਬੋਲਿਆ ਮੌਜਾਂ ਲੁੱਟੋ ਦੋਵੇਂ ਤੇ ਨਾਲ ਚਿੜੀ ਦੇ ਆਲ੍ਹਣੇ ਦੇ ਤੀਲ੍ਹੇ ਵਗਾਹ ਮਾਰੇ। ਆਂਡੇ ਭੁੰਜੇ ਡਿੱਗ ਕੇ ਟੁੱਟ ਗਏ। ਤਾਰੇ ਦੀ ਬੇਬੇ ਖੰਘਦੀ ਬੋਲੀ ਤਾਰਿਆ ਸਾਡੇ ’ਤੇ ਨਾ ਸਹੀ, ਆਹ ਪਰਿੰਦਿਆਂ ’ਤੇ ਤਾਂ ਤਰਸ ਕਰ ਲੈਂਦਾ, ਕੀ ਜਾਂਦਾ ਸੀ ਜਿੱਥੇ ਅਸੀਂ ਖੰਊਂ ਖ.. ਊਂ ਕਰਨਾ ਸੀ, ਉੱਥੇ ਇਹ ਆਪਣੀ ਚੀਂ- ਚੀਂ, ਚੀਂ …….ਚੂੰ ਕਰੀਂ ਜਾਂਦੇ। ਤਾਰਾ ਖਿੱਝ ਕੇ ਬੇਬੇ ਤੇਰੀ ਆਹ ਟੋਕਾ-ਟਾਕੀ ਨੇ ਹੀ ਸਬਾਤ ’ਚ ਬਿਠਾਇਆ ਤੈਨੂੰ…….ਹੁੰਅ। ਤਾਰੇ ਦੇ ਬਾਪੂ ਵੇਖ ਲੈ ਔਲਾਦ, ਸੁੱਖ ਕੋਈ ਗੱਲ ਨਹੀਂ ਪ੍ਰਤਾਪ ਕੌਰੇ ਸਬਰ ਕਰ, ਕਹਿੰਦਿਆਂ ਮਹਿੰਗਾ ਸਿਆਂ ਨੇ ਮਹਿੰਗੇ ਅੱਥਰੂ ਮੈਲੇ ਜਿਹੇ ਸਾਫ਼ੇ ਨਾਲ ਪੂੰਝਦਿਆਂ ਕਿਹਾ।
ਚਿੜੀਆਂ ਦੀ ਚੀਂ ਚੀਂ ਚੀਂ ਫਿਰ ਤੋਂ ਹਵੇਲੀ ਵਿੱਚ ਗੂੰਜਣ ਲੱਗੀ
ਕਈ ਦਿਨ ਲੰਘ ਗਏ ਰੋਟੀ ਤਾਰੇ ਵੱਲੋਂ ਹੀ ਆਉਂਦੀ ਠੰਢੀ-ਤੱਤੀ। ਤਾਰੇ ਦੀ ਮਾਂ ਸਾਰਾ ਦਿਨ ਮੰਜ਼ੇ ’ਤੇ ਪਈ। ਛੱਤ ਵੱਲ ਵੇਖ ਦੀ ਰਹਿੰਦੀ। ਚਿੜਾ ਤੇ ਚਿੜੀ ਆਪਣੇ ਉੱਜੜੇ ਰੈਣ-ਬਸੇਰੇ ਨੂੰ ਮੁੜ ਵਸਾਉਣ ’ਤੇ ਲੱਗੇ ਰਹਿੰਦੇ, ਤੀਲ੍ਹਾ-ਤੀਲ੍ਹਾ ਕਰ ਦੋਵੇਂ ਲੱਗੇ ਰਹਿੰਦੇ। ਤਾਰੇ ਦੀ ਬੇਬੇ ਤਾਰੇ ਦੇ ਬਾਪੂ ਨੂੰ ਸਾਰੇ ਦਿਨ ਦੀ ਕਹਾਣੀ ਉਸ ਨੂੰ ਦੱਸਦੀ ਤਾਰੇ ਬਾਪੂ ਨੇ ਸੁਣਦੇ-ਸੁਣਦਿਆਂ ਕਹਿਣਾ ਸੌਂ ਜਾਹ ਪ੍ਰਤਾਪ ਕੌਰੇ ! ਬਹੁਤਾ ਦਿਲ ’ਤੇ ਨਾ ਲਾਇਆ ਕਰ। ਕੁਝ ਕੁ ਦਿਨਾਂ ਵਿੱਚ ਚਿੜੀ ਤੇ ਚਿੜੇ ਨੇ ਆਪਣਾ ਆਲ੍ਹਣਾ ਫੇਰ ਬਣਾ ਲਿਆ। ਚਿੜੀਆਂ ਦੀ ਚੀਂ ਚੀਂ ਚੀਂ ਫਿਰ ਤੋਂ ਹਵੇਲੀ ਵਿੱਚ ਗੂੰਜਣ ਲੱਗੀ। ਦੇਖਿਆ ਤਾਰੇ ਦੇ ਬਾਪੂ ਚਿੜੇ-ਚਿੜੀ ਨੇ ਮੁੜ ਆਪਣੀ ਹਿੰਮਤ ਨਾਲ ਰੈਣ-ਸੇਰਾ ਕਰ ਲਿਆ। ਕੀ ਅਸੀਂ ਇਨ੍ਹਾਂ ਤੋਂ ਵੀ ਬੇ-ਹਿੰਮਤੇ ਹਾਂ………? ਪ੍ਰਤਾਪੀ ਦੇ ਇਸ ਨਹੋਰੇ ਨਾਲ ਜਿਵੇਂ ਮਹਿੰਗਾ ਸਿਆਂ ਦਾ ਹਿਰਦਾ ਵਲੂੰਧਰਿਆ ਗਿਆ ਹੋਵੇ। (Story of Courage)
ਜ਼ਮੀਨ ਨੂੰ ਚਾਰ ਹਿੱਸਿਆਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ
ਮਹਿੰਗਾ ਸਿਆਂ ਨੇ ਤਾਰੇ ਦੇ ਸਹੁਰੇ ਅਤੇ ਆਪਣੀ ਧੀ ਦੇ ਸਹੁਰੇ ਫ਼ੋਨ ਘੁਮਾ ਕੇ ਪੰਚਾਇਤ ਨੂੰ ਇਤਲਾਹ ਭੇਜ, ਤਾਰੇ ਤੇ ਉਸ ਦੀ ਘਰਵਾਲੀ ਨੂੰ ਵੀ ਸੁਨੇਹਾ ਭੇਜ ਦਿੱਤਾ। ਸਵੇਰ ਹੁੰਦਿਆਂ ਹੀ ਤਾਰਾ ਤੇ ਤਾਰੇ ਦੀ ਵਹੁਟੀ ਤਪੇ ਤੰਦੂਰ ਵਾਂਗੂੰ ਚੜ੍ਹ ਆਏ ਕਿ ਕਿਉਂ ਸਾਡਾ ਜਲੂਸ ਕੱਢਣ ਲੱਗੇ ਹੋ ਬੁੱਢੇ ਵਾਰੇ, ਏਸ ਤੋਂ ਪਹਿਲਾਂ ਤਾਰਾ ਕੁਝ ਹੋਰ ਬੋਲਦਾ, ਮਹਿੰਗਾ ਸਿਆਂ ਕਹਿੰਦਾ ਕਿ ਪੁੱਤ ਤਾਰਿਆ ਜੋ ਵੀ ਕਹਿਣਾ ਉਹ ਪੰਚਾਇਤ ’ਚ ਕਹਿਣਾ। ਦੋਵਾਂ ਪੱਖਾਂ ਦਾ ਇਕੱਠ ਹੋ ਗਿਆ। (Story of Courage)
ਮਹਿੰਗਾ ਸਿੰਘ ਤੇ ਪ੍ਰਤਾਪ ਕੌਰ ਨੇ ਆਪਣੀ ਸਾਰੀ ਵਿਥਿਆ ਸੁਣਾਈ ਤੇ ਜ਼ਮੀਨ ਨੂੰ ਚਾਰ ਹਿੱਸਿਆਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ। ਵੀਹ ਕਿੱਲਿਆਂ ਦੇ ਵਿੱਚੋਂ ਪੰਜ ਤਾਰੇ ਨੂੰ ਤੇ ਪੰਜ ਤਾਰੇ ਦੀ ਭੈਣ ਜੀਤਾਂ ਦੇ ਨਾਂਅ ਕਰ ਦਿੱਤੇ ਪੰਜ ਪ੍ਰਤਾਪੀ ਦੇ ਹਿੱਸੇ ਤੇ ਪੰਜ ਆਪਣੇ ਲਈ ਰੱਖ ਲਏ। ਦਸ ਕਿੱਲੇ ਜੇ ਤਾਰਾ ਚਾਹੇ ਜਾਂ ਜੀਤਾਂ ਵਾਹ ਸਕਦੇ ਹਨ ਪਰ ਸਾਨੂੰ ਦਸਾਂ ਕਿੱਲਿਆਂ ਦਾ ਠੇਕਾ ਦੇਣਾ ਪਵੇਗਾ। ਤਾਰੇ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਤਾਰੇ ਦੀ ਵਹੁਟੀ ਕੁਝ ਬੋਲਣ ਲੱਗੀ ਤਾਂ ਉਸ ਦੇ ਬਾਪ ਨੇ ਵੱਟ ਕੇ ਥੱਪੜ ਮਾਰਿਆ ਕਿ ਜੇ ਤੂੰ ਬਜ਼ੁਰਗ ਨਹੀਂ ਸਾਂਭ ਸਕਦੀ ਫਿਰ ਜ਼ਮੀਨ ਕਿਵੇਂ ਸਾਂਭ ਸਕਦੀ ਹੈਂ, ਕਿਉਂਕਿ ਜ਼ਮੀਨ ਤਾਂ ਕਿਸਾਨ ਦੀ ਮਾਂ ਹੁੰਦੀ ਏ।
ਬਰਾਬਰ ਨਵੀਂ ਕੋਠੀ ਦਾ ਕੰਮ ਸ਼ੁਰੂ ਕਰ ਦਿੱਤਾ
ਭਰੀ ਪੰਚਾਇਤ ਵਿੱਚ ਮਹਿੰਗਾ ਸਿਆਂ ਤੇ ਪ੍ਰਤਾਪੀ ਨੇ ਕਿਹਾ ਕਿ ਅੱਜ ਤੋਂ ਬਾਅਦ ਨਾ ਕੋਈ ਸਾਡਾ ਪੁੱਤ ਤੇ ਨਾ ਕੋਈ ਧੀ ਹੈ। ਜਿਉਂਦੇ ਜੀਅ ਜ਼ਮੀਨ ਸਾਡੀ ਉਸ ਤੋਂ ਬਾਅਦ ਇਹ ਬਿਰਧ ਲੋਕਾਂ ਲਈ ਆਪਣਿਆਂ ਵੱਲੋਂ ਨਕਾਰੇ ਲੋਕਾਂ ਲਈ ਸੁਫਨਿਆਂ ਦਾ ਘਰ ਹੋਵੇਗਾ। ਪੰਚਾਇਤ ਵਿੱਚ ਘੁਸਰ-ਮੁਸਰ ਹੋਣ ਲੱਗੀ ਅਤੇ ਮਹਿੰਗਾ ਸਿੰਘ ਦੇ ਫ਼ੈਸਲੇ ਤੇ ਹਿੰਮਤ ਦੀ ਹਰ ਪਾਸੇ ਚਰਚਾ ਸੀ। ਪ੍ਰਤਾਪ ਕੌਰ ਤੇ ਮਹਿੰਗਾ ਸਿਆਂ ਨੇ ਤਾਰੇ ਵਾਲੀ ਕੋਠੀ ਦੇ ਬਰਾਬਰ ਨਵੀਂ ਕੋਠੀ ਦਾ ਕੰਮ ਸ਼ੁਰੂ ਕਰ ਦਿੱਤਾ। ਤੇ ਹਵੇਲੀ ਚਿੜੀਆਂ ਦੇ ਲਈ ਰੈਣ ਬਸੇਰਾ ਰੱਖ ਚੋਗ ਖਿਲਾਰ ਦਿੱਤੀ। ਤੇ ਮਹਿੰਗਾ ਸਿਆਂ ਮੁੱਛਾਂ ਨੂੰ ਤਾਅ ਦਿੰਦਾ ਹੋਇਆ ਕਹਿੰਦਾ ਕਿਉਂ ਪ੍ਰਤਾਪ ਕੌਰੇ! ਦੇਖਿਆ ਫੇਰ ਸਾਡੀ ਹਿੰਮਤ ਤੇ ਪ੍ਰਤਾਪ ਕੌਰ ਉੱਚੀ ਅਵਾਜ਼ ਵਿੱਚ ਬੋਲੀ ਹਾਂ ਤਾਰੇ ਦੇ ਬਾਪੂ।
ਬੇ-ਹਿੰਮਤੇ ਨੇ ਜਿਹੜੇ ਬਹਿ ਕੇ, ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।
ਰਣਬੀਰ ਸਿੰਘ ਪਿ੍ਰੰਸ,
ਸ਼ਾਹਪੁਰ ਕਲਾਂ ਅਫ਼ਸਰ ਕਾਲੋਨੀ, ਸੰਗਰੂਰ
ਮੋ: 9872299613