ਚੰਗੇ ਸਮਾਜ ਦੀ ਸਿਰਜਣਾ ਖੁਦ ਤੋਂ ਸ਼ੁਰੂ ਕਰੀਏ
ਸਮਾਜ ਸਾਡੇ ਜੀਵਨ ਦਾ ਉਹ ਅਨਿੱਖੜਵਾਂ ਹਿੱਸਾ ਹੈ ਜਿਸ ਤੋਂ ਬਿਨਾਂ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਜਦੋਂ ਤੋਂ ਮਨੁੱਖ ਦਾ ਜਨਮ ਹੋਇਆ ਉਹ ਸ਼ੁਰੂ ਤੋਂ ਹੀ ਮਨੁੱਖਾਂ ਦੇ ਸਬੰਧ ਤੇ ਕਬੀਲੇ, ਬਸਤੀਆਂ ਵਿੱਚ ਰਹਿਣ ਲੱਗ ਗਿਆ ਸੀ। ਇਹ ਉਸ ਦੀ ਲੋੜ ਵੀ ਸੀ ਅਤੇ ਤਾਕਤ ਵੀ। ਸਾਂਝੇ ਰੂਪ ਵਿੱਚ ਰਹਿਣ ਦੀ ਜਾਂਚ ਮਨੁੱਖ ਦੀ ਇੱਕ-ਦੂਜੇ ਪ੍ਰਤੀ ਜੀਵਨ ਦੀ ਸੁਰੱਖਿਆ ਤੇ ਬਾਹਰੀ ਹਮਲਿਆਂ ਤੇ ਜਾਨਵਰਾਂ ਦੇ ਹਮਲਿਆਂ ਤੋਂ ਵੀ ਉਸ ਨੂੰ ਬਚਾਉਂਦੀ ਸੀ। ਜਿਵੇਂ-ਜਿਵੇ ਸੰਸਾਰ ’ਚ ਅਬਾਦੀ ਵਧਦੀ ਗਈ ਤਾਂ ਕਬੀਲਿਆਂ ਤੋਂ ਪਿੰਡ, ਸ਼ਹਿਰ ਤੇ ਵੱਡੇ-ਵੱਡੇ ਨਗਰ ਵੱਸਣੇ ਸ਼ੁਰੂ ਹੋ ਗਏ ਅਤੇ ਵੱਖੋ-ਵੱਖਰੇ ਹਰ ਇੱਕ ਪਿੰਡ, ਸ਼ਹਿਰ, ਦੇਸ਼ ਦੇ ਸਮਾਜ ਬਣ ਗਏ। ਜਿਵੇਂ ਪਹਿਲਾਂ ਸੰਸਾਰ ਵਿੱਚ ਸਾਇੰਸ ਨੇ ਇੰਨੀ ਤਰੱਕੀ ਨਹੀਂ ਕੀਤੀ ਸੀ ਤਾਂ ਸਾਰੇ ਕੰਮ ਮਨੁੱਖ ਨੂੰ ਆਪਣੇ ਹੱਥੀਂ ਕਰਨੇ ਪੈਂਦੇ ਸਨ ਤੇ ਮਨੁੱਖਾਂ ਦੇ ਰੂਪ ’ਚ ਇੱਕ-ਦੂਜੇ ਦੇ ਸਹਾਰੇ ਦੀ ਲੋੜ ਪੈਂਦੀ ਸੀ।
ਜਿਵੇਂ-ਜਿਵੇਂ ਮਨੁੱਖ ਨੂੰ ਸੋਝੀ ਆਈ ਤੇ ਤਕਨਾਲੋਜੀ ਵਧਣੀ ਸ਼ੁਰੂ ਹੋ ਗਈ ਤਾਂ ਜਿਹੜੇ ਕੰਮ ਕਈ ਦਿਨਾਂ ਵਿੱਚ ਹੁੰਦੇ ਸਨ ਉਹ ਘੰਟਿਆਂ ’ਚ ਹੋਣੇ ਸ਼ੁਰੂ ਹੋ ਗਏ ਤੇ ਮਜਦੂਰ ਜਾਂ ਸਹਿ ਕਾਮੇ ਵੀ ਬੇਰੁਜਗਾਰ ਹੋਣੇ ਸ਼ੁਰੂ ਹੋ ਗਏ। ਜਿਵੇਂ-ਜਿਵੇਂ ਮਨੁੱਖ ਦੀ ਤਰੱਕੀ ਹੋਈ ਤਾਂ ਆਪਣੇ ਸੁਆਰਥ ਤੇ ਸਮਾਜ ਪ੍ਰਤੀ ਆਪਣੇ ਰੁਤਬੇ ਨੂੰ ਹੋਰਾਂ ਤੋਂ ਉੱਚਾ ਕਰਨ ਲਈ ਦੂਜਿਆਂ ਨਾਲ ਵਿਤਕਰਾ ਤੇ ਭੇਦਭਾਵ ਕਰਨਾ ਸ਼ੁਰੂ ਕਰ ਦਿੱਤਾ। ਧਨ-ਦੌਲਤ ਦੇ ਨਸ਼ੇ ਨੇ ਏਕੇ ਨੂੰ ਤੋੜ ਇੱਕ ਆਪਣੇ-ਆਪ ਨੂੰ ਵਿਲੱਖਣ ਸਾਬਿਤ ਕਰਨ ਲਈ ਇੱਕ-ਦੂਜੇ ਤੋਂ ਅੱਗੇ ਨਿੱਕਲਣ ਦੀ ਦੌੜ ਸ਼ੁਰੂ ਕਰ ਦਿੱਤੀ।
ਪੁਰਾਣੇ ਸਮਾਜ ਤੋਂ ਹੁਣ ਤੱਕ ਦੇ ਲੰਘ ਚੁੱਕੇ ਸਮੇਂ ਵਿੱਚ ਅਸੀਂ ਸਮਾਜ ਦਾ ਬਦਲਦਾ ਰੂਪ ਦੇਖ ਰਹੇ ਹਾਂ। ਪੁਰਾਣੇ ਸਮਾਜ ਵਿੱਚ ਏਕਾ ਤੇ ਇੱਕ-ਦੂਜੇ ਪ੍ਰਤੀ ਪਿਆਰ ਤੇ ਸਾਂਝ ਸੀ, ਹਰ ਬੰਦਾ ਇੱਕ-ਦੂਜੇ ਨੂੰ ਆਪਣੀ ਬਾਂਹ ਮੰਨਦਾ ਸੀ ਅਤੇ ਹਰ ਇੱਕ ਦੇ ਦੁੱਖ-ਸੁਖ ਵਿੱਚ ਸ਼ਰੀਕ ਹੁੰਦਾ ਸੀ। ਸਾਰਾ ਪਿੰਡ ਜਾਂ ਨਗਰ ਇੱਕ-ਦੂਜੇ ਨਾਲ ਮੇਲ-ਮਿਲਾਪ ਦੀ ਇੱਕ ਸੱਚੀ ਮਿਸਾਲ ਹੁੰਦੇ ਸਨ। ਲੋੜ ਇੱਕ-ਦੂਜੇ ਤੱਕ ਹਰ ਇੱਕ ਨੂੰ ਪੈਂਦੀ ਸੀ ਕਿਉਂਕਿ ਜਾਤੀਵਾਦਕ ਕਿੱਤੇ ਹਰ ਇੱਕ ਜਾਤ ਦੇ ਵਿੱਚ ਵੰਡੇ ਹੋਏ ਸਨ।ਪਰ ਜਿਵੇਂ-ਜਿਵੇਂ ਮਸ਼ੀਨੀ ਯੁੱਗ ਆ ਗਿਆ ਤਾਂ ਸਾਰੇ ਹੱਥੀਂ ਕੰਮ ਖਤਮ ਹੋ ਗਏ ਤੇ ਮਨੁੱਖ ਦੀ ਲੋੜ ਵੀ ਮਸ਼ੀਨਾਂ ਤੱਕ ਜੁੜ ਗਈ ਤੇ ਸਮਾਜ ਵਿੱਚ ਮਨੁੱਖ ਦਾ ਮਨੁੱਖ ਨਾਲ ਭੇਦਭਾਵ ਹੋਣਾ ਨਿਸ਼ਚਿਤ ਸੀ।
ਇਸ ਕਰਕੇ ਸਮਾਜ ਵਿੱਚ ਵੱਡਾ ਫੇਰਬਦਲ ਬਿਲਕੁਲ ਤੈਅ ਸੀ। ਇਸ ਤਰ੍ਹਾਂ ਵਿੱਚੋਂ ਪਿਆਰ, ਧੀਆਂ ਦੀ ਇੱਜਤ, ਸ਼ਰਮ ਹੌਲੀ-ਹੌਲੀ ਖਤਮ ਹੋ ਗਿਆ ਤੇ ਮਨੁੱਖ ਨੇ ਸਵਾਰਥ ਦਾ ਰਾਹ ਫੜ ਲਿਆ। ਅੱਜ ਦੇ ਸਮੇਂ ਸਾਡੇ ਸਮਾਜ ਨੂੰ ਲੋੜ ਹੈ ਉਸ ਪੁਰਾਣੇ ਸਮਾਜ ਤੋਂ ਸਿੱਖਿਆ ਲੈਣ ਦੀ ਭਾਵੇਂ ਅਸੀਂ ਅੱਜ ਦੇ ਯੁੱਗ ਵਿੱਚ ਬਹੁਤ ਤਰੱਕੀ ਕਰ ਚੁੱਕੇ ਹਾਂ ਪਰ ਸਾਡੀ ਹਾਲਤ ਉਨ੍ਹਾਂ ਪਸ਼ੂਆਂ/ਜਾਨਵਰਾਂ ਵਰਗੀ ਹੋਈ ਪਈ ਹੈ ਜਿਨ੍ਹਾਂ ਨੂੰ ਕੋਈ ਸੋਝੀ ਨਹੀਂ ਹੈ ਕਿ ਕੀ ਸਾਡੇ ਲਈ ਚੰਗਾ ਹੈ ਤੇ ਕੀ ਮਾੜਾ ਹੈ।
ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਦੇ ਹਾਂ, ਸਾਡੇ ਘਰ ਵਿੱਚ ਕੀ ਸਾਰੇ ਜੀਆਂ ਵਿੱਚ ਏਕਤਾ ਹੈ, ਅਸੀਂ ਸਾਰੇ ਇੱਕ-ਦੂਜੇ ਦਾ ਦੁੱਖ-ਸੁੱਖ ਮਹਿਸੂਸ ਕਰਦੇ ਹਾਂ ਕਿ ਨਹੀਂ, ਇੱਥੇ ਕੇਵਲ ਅਸੀਂ ਸਿਰਫ ਆਪਣੇ ਪਰਿਵਾਰ ਨਹੀਂ ਬਲਕਿ ਚਾਚੇ, ਤਾਏ ਅਤੇ ਸ਼ਰੀਕੇ ਦੀ ਗੱਲ ਕਰਦੇ ਹਾਂ। ਜੇਕਰ ਅਜਿਹਾ ਨਹੀਂ ਤਾਂ ਅਸੀਂ ਚੰਗੇ ਸਮਾਜ ਦੀ ਕਲਪਨਾ ਕਦੇ ਨਹੀਂ ਕਰ ਸਕਦੇ। ਸਾਡੇ ਆਪਸੀ ਘਰਾਂ ਵਿੱਚ ਇਤਫ਼ਾਕ ਹੋਣਾ ਬਹੁਤ ਜਰੂਰੀ ਹੈ। ਵੱਧ ਤੋਂ ਵੱਧ ਪਰਿਵਾਰ ਨਾਲ ਵਿਚਰਨਾ ਜਰੂਰੀ ਹੈ ਤੇ ਮੋਬਾਇਲ ਫੋਨ ਨੇ ਸਾਨੂੰ ਪਰਿਵਾਰਾਂ ਵਿੱਚ ਰਹਿੰਦਿਆਂ ਨੂੰ ਵੀ ਇੱਕ-ਦੂਜੇ ਤੋਂ ਦੂਰ ਕੀਤਾ ਹੋਇਆ ਹੈ, ਇਹ ਧਿਆਨ ਰੱਖੋ ਕਿ ਅਸੀਂ ਦਿਨ ਵਿੱਚ ਕਿੰਨਾਂ ਸਮਾਂ ਆਪਣੇ ਪਰਿਵਾਰ ਨਾਲ ਬਤੀਤ ਕਰਿਆ ਹੈ ਤੇ ਕਿੰਨਾ ਸਮਾਂ ਅਸੀਂ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਾਂ? ਫਿਰ ਸੋਚ ਕੇ ਦੇਖਿਓ ਇੱਕ ਦਿਨ ਭਰ ’ਚ ਅਸੀਂ ਆਪਣੇ ਪਰਿਵਾਰ ਨਾਲ ਕਿੰਨਾ ਕੁ ਨੇੜੇ ਹਾਂ।
ਘਰ ਤੋਂ ਬਾਹਰ ਸਭ ਤੋਂ ਵੱਡੀ ਜਿੰਮੇਵਾਰੀ ਸਾਡੀ ਦੂਜੇ ਬੱਚਿਆਂ ਪ੍ਰਤੀ ਬਣਦੀ ਹੈ ਜਿਹੜੇ ਸਾਡੇ ਆਂਢ-ਗੁਆਂਢ ਜਾਂ ਸਾਡੇ ਪਿੰਡ ਵਿੱਚ ਹਨ। ਹੁਣ ਤੁਸੀਂ ਸੋਚੋਗੇ ਕਿ ਦੂਜੇ ਬੱਚਿਆਂ ਪ੍ਰਤੀ ਉਨ੍ਹਾਂ ਦੇ ਮਾਤਾ-ਪਿਤਾ ਦੀ ਜਿੰਮੇਵਾਰੀ ਬਣਦੀ ਹੈ ਪਰ ਸਾਡੀ ਕਿਉਂ? ਸਾਡੀ ਵੀ ਦੂਜੇ ਬੱਚਿਆਂ ਪ੍ਰਤੀ ਜਿੰਮੇਵਾਰੀ ਬਣਦੀ ਹੈ। ਬੱਚੇ ਹੀ ਸਾਡੇ ਆਉਣ ਵਾਲੇ ਭਵਿੱਖ ਦਾ ਉਹ ਸੂਰਜ ਹਨ ਜੋ ਸਹੀ ਦਿਸ਼ਾ ਵੱਲ ਸਮਾਜ ਨੂੰ ਲਿਜਾ ਸਕਦੇ ਹਨ। ਇੱਥੇ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਕਿਸੇ ਦਾ ਬੱਚਾ ਗਲਤ ਕੰਮ ਕਰਦਾ ਹੈ ਤਾਂ ਅਸੀਂ ਆਪਣੇ ਬੱਚਿਆਂ ਨੂੰ ਉਸ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਵਾਂਗੇ ਅਤੇ ਅਸੀਂ ਆਪ ਵੀ ਉਸ ਪਰਿਵਾਰ ਤੇ ਉਸ ਬੱਚੇ ਤੋਂ ਆਪਣੇ-ਆਪ ਨੂੰ ਪਾਸੇ ਕਰ ਲੈਂਦੇ ਹਾਂ ਜੋ ਕਿ ਗਲਤ ਹੈ।
ਉਸ ਤੋਂ ਟੁੱਟਣ ਦੀ ਨਹੀਂ ਸਗੋਂ ਉਸ ਨੂੰ ਸੁਧਾਰਨ ਦੀ ਲੋੜ ਹੁੰਦੀ ਹੈ ਸਿਆਣੇ ਕਹਿੰਦੇ ਜੋ ਬਾਹਰ ਲੱਗੀ ਅੱਗ ਕਦੇ ਆਪਣੇ ਘਰ ਵੀ ਲੱਗ ਸਕਦੀ ਹੈ
ਅਸੀਂ ਕੇਵਲ ਆਪਣੇ ਦਿਖਾਵੇ ਤੇ ਪੈਸੇ ਦੀ ਦੌੜ ਨੂੰ ਹੀ ਖੁਸ਼ੀ ਨਾ ਮੰਨੀਏ ਬਲਕਿ ਸਮਾਜ ਨੂੰ ਚੰਗੀ ਸੇਧ ਦੇਣ ਲਈ ਸਾਨੂੰ ਦੂਜਿਆਂ ਦਾ ਸਹਿਯੋਗ ਦੇਣ ਦੀ ਬਹੁਤ ਲੋੜ ਹੈ। ਬੱਚਿਆਂ ਦਾ ਵਿਗੜਨਾ ਇਹ ਘਰਾਂ ਦੇ ਹਾਲਾਤ ਤੈਅ ਕਰਦੇ ਹਨ ਤੇ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਦੂਸਰੇ ਬੱਚਿਆਂ ਤੋਂ ਅਲੱਗ ਰਹਿਣ ਲਈ ਉਨ੍ਹਾਂ ’ਤੇ ਦਬਾਅ ਪਾਉਂਦੇ ਹਾਂ ਤਾਂ ਇਸ ਦਾ ਨਤੀਜਾ ਸਾਡਾ ਆਪਣਾ ਬੱਚਾ ਵੀ ਸਾਡੇ ਤੋਂ ਦੂਰ ਹੋ ਜਾਂਦਾ ਹੈ। ਇਸ ਤੋਂ ਬਾਦ ਸਾਡੀ ਜਿੰਮੇਵਾਰੀ ਸਾਡੇ ਸਮਾਜ ਨੂੰ ਤਰੱਕੀ ਵੱਲ ਲਿਜਾਣ ਦੀ ਆਮ ਤੇ ਹਾਲਾਤਾਂ ਵੱਸੋਂ ਬੇਵੱਸ ਹੋਏ ਲੋਕਾਂ ਪ੍ਰਤੀ ਬਣਦੀ ਹੈ।
ਸਾਨੂੰ ਸਾਰਿਆਂ ਨੂੰ ਰਲ ਕੇ ਸਭ ਨੂੰ ਰੋਜ਼ੀ-ਰੋਟੀ ਲਈ ਉਨ੍ਹਾਂ ਨੂੰੰ ਹੁਨਰਮੰਦ ਕਰਨਾ ਚਾਹੀਦਾ ਹੈ ਤੇ ਲੋੜੀਂਦੇ ਸਾਧਨਾਂ ਨੂੰ ਉਪਲੱਬਧ ਕਰਾਉਣਾ ਚਾਹੀਦਾ ਤਾਂ ਜੋ ਸਾਡੇ ਸਮਾਜ ਵਿੱਚ ਸਮਾਨਤਾ ਦਾ ਹੌਲੀ-ਹੌਲੀ ਵਿਕਾਸ ਹੋ ਸਕੇ। ਅਖੀਰ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਸਾਨੂੰ ਸਾਡੇ ਤੋਂ ਸ਼ੁਰੂ ਕਰਕੇ ਸਮਾਜ ਲਈ ਵਧੇਰੇ ਸੋਚਣ ਦੀ ਲੋੜ ਹੈ। ਹਰ ਕੋਈ ਆਪਣੇ ਤੋਂ ਦੂਰ ਹੁੰਦਾ ਜਾ ਰਿਹਾ। ਅਸੀਂ ਦੇਖਦੇ ਆਂ ਅੱਜ 90 ਪ੍ਰਤੀਸ਼ਤ ਲੋਕ ਮਾਨਸਿਕ ਰੂਪ ’ਚ ਬਿਮਾਰ ਹਨ ਤੇ ਆਮ ਬਿਮਾਰੀਆਂ ਨਾਲ ਤਾਂ ਹਰ ਘਰ ਵਿੱਚ ਹਰ ਇੱਕ ਮਨੁੱਖ ਬਿਮਾਰ ਹੈ।
ਕਾਰਨ ਸਾਡਾ ਸਮਾਜ ਸਾਡੀਆਂ ਗਲਤ ਆਦਤਾਂ ਤੇ ਗਲਤ ਖਾਣ-ਪੀਣ, ਸਿਹਤ ਪ੍ਰਤੀ ਸਾਡਾ ਧਿਆਨ ਨਾ ਹੋਣਾ ਅਤੇ ਘੰਟਿਆਂਬੱਧੀ ਸਾਡਾ ਫੋਨ ਸਾਨੂੰ ਇੱਕ-ਦੂਜੇ ਤੋਂ ਦੂਰ ਕਰਦਾ ਜਾ ਰਿਹਾ ਹੈ। ਸੋ ਸਾਨੂੰ ਸਾਡੇ ਸਮਾਜ ਵਿੱਚ ਚੰਗੀ ਸੋਝੀ, ਸਿਹਤ ਤੇ ਤੰਦਰੁਸਤੀ ਚਾਹੀਦੀ ਹੈ ਤਾਂ ਸਾਨੂੰ ਕਸਰਤ ਤੇ ਮਾਨਸਿਕ ਬਿਮਾਰੀਆਂ ਨੂੰ ਦੂਰ ਕਰਨ ਲਈ ਭਾਈਚਾਰਕ ਸਾਂਝ ਵਧਾਉਣ ਦੀ ਲੋੜ ਹੈ। ਅਸੀਂ ਬੰਦ ਕਮਰਿਆਂ ’ਚੋਂ ਬਾਹਰ ਨਿੱਕਲ ਕੇ ਸਾਡੇ ਆਂਢ- ਗੁਆਂਢ ਨਾਲ ਚੰਗੇ ਵਿਚਾਰਾਂ ਦੀ ਸਾਂਝ ਪਾਉਣੀ ਸ਼ੁਰੂ ਕਰੀਏ ਤਾਂ ਹੀ ਅਸੀਂ ਇੱਕ ਚੰਗੇ, ਤੰਦਰੁਸਤ, ਨਿਰੋਗ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ
ਰਵਨਜੋਤ ਕੌਰ ਸਿੱਧੂ ਰਾਵੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ