ਆਨਲਾਈਨ ਇੰਟਰਵਿਊ ਦੀ ਕਰੋ ਤਿਆਰੀ
ਆਨਲਾਈਨ ਇੰਟਰਵਿਊ ਦੀ ਤਕਨੀਕ ਦਾ ਕੋਰੋਨਾ ਮਹਾਂਮਾਰੀ ਦੇ ਦੌਰ ’ਚ ਇਸਤੇਮਾਲ ਤੇਜ਼ੀ ਨਾਲ ਵਧਿਆ ਹੈ। ਪਹਿਲਾਂ ਕੁਝ ਮਲਟੀਨੈਸ਼ਨਲ ਕੰਪਨੀਆਂ ਹੀ ਨਿਯੁਕਤੀ ਲਈ ਆਨਲਾਈਨ ਇੰਟਰਵਿਊ ਲੈਂਦੀਆਂ ਸਨ। ਹੁਣ ਜ਼ਿਆਦਾਤਰ ਕੰਪਨੀਆਂ ਇਸ ਤਕਨੀਕ ਨੂੰ ਤਵੱਜੋਂ ਦੇ ਰਹੀਆਂ ਹਨ। ਦਰਅਸਲ ਮੌਜੂਦਾ ਸਮੇਂ ’ਚ ਚੋਣਕਰਤਾ ਲਈ ਆਨਲਾਈਨ ਇੰਟਰਵਿਊ ਆਯੋਜਿਤ ਕਰਨਾ ਜ਼ਿਆਦ ਸੁਵਿਧਾਮਈ ਤੇ ਸੁਰੱਖਿਅਤ ਹੋ ਗਿਆ ਹੈ। ਜੇ ਤੁਸੀਂ ਵੀ ਨੌਕਰੀ ਦੀ ਭਾਲ ’ਚ ਹੋ ਤਾਂ ਤੁਹਾਨੂੰ ਖ਼ੁਦ ਨੂੰ ਆਨਲਾਈਨ ਇੰਟਰਵਿਊ ਲਈ ਤਿਆਰ ਹੋਣਾ ਚਾਹੀਦਾ ਹੈ।
ਅਪਣਾਏ ਜਾਂਦੇ ਹਨ ਦੋ ਤਰੀਕੇ
ਆਨਲਾਈਨ ਇੰਟਰਵਿਊ ਦੋ ਤਰੀਕਿਆਂ ਨਾਲ ਹੁੰਦੀ ਹੈ ਆਡੀਓ ਤੇ ਵੀਡੀਓ। ਚੋਣਕਰਤਾ ਕੰਪਨੀਆਂ ਆਨਲਾਈਨ ਚੈਟ ਵੀਡੀਓ ਜਾਂ ਆਡੀਓ ਪਲੇਟਫਾਰਮ ਜ਼ਰੀਏ ਉਮੀਦਵਾਰ ਦੀ ਜਾਣਕਾਰੀ ਤੇ ਵਿਹਾਰ ਨੂੰ ਜਾਣਨ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹੇ ’ਚ ਇੰਟਰਵਿਊ ਦੇਣ ਤੋਂ ਪਹਿਲਾਂ ਤੁਹਾਨੂੰ ਚੋਣਕਰਤਾ ਕੋਲੋਂ ਸਮੇਂ ਤੇ ਤਰੀਕੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।
ਆਨਲਾਈਨ ਇੰਟਰਵਿਊ ਦਾ ਸਭ ਤੋਂ ਨਵਾਂ ਤਰੀਕਾ ਵੀਡੀਓ ਕਾਲ ਹੈ। ਚੋਣਕਰਤਾ ਵੀਡੀਓ ਕਾਲ ਜ਼ਰੀਏ ਸਕਾਈਪ, ਜ਼ੂਮ ਜਾਂ ਗੂਗਲ ਹੈਂਗਆਊਟ ਜਿਹੇ ਪ੍ਰੋਗਰਾਮਾਂ ਦੀ ਵਰਤੋਂ ਕਰਦੇ ਹਨ। ਇਸ ਲਈ ਤੁਹਾਨੂੰ ਵੀਡੀਓ ਕਾਲ, ਗਰੁੱਪ ਕਾਲ ਆਦਿ ਦੀ ਵੈੱਬ ਸੈੱਟਅਪ ਦੀ ਤਕਨੀਕ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ। ਇੱਕ ਹੋਰ ਤਕਨੀਕ ਰਿਕਾਰਡਿਡ ਵੀਡੀਓ ਹੈ, ਜਿਸ ’ਚ ਚੋਣਕਰਤਾ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਤੁਹਾਨੂੰ ਖ਼ੁਦ ਨੂੰ ਇੱਕ ਵੀਡੀਓ ਰਿਕਾਰਡ ਕਰਕੇ ਭੇਜਣੀ ਹੁੰਦੀ ਹੈ। ਇਸ ਤਰ੍ਹਾਂ ਇੰਟਰਵਿਊ ਲਈ ਪ੍ਰਸ਼ਨਾਂ ਦੀ ਇੱਕ ਸੂਚੀ ਤੇ ਸਮਾਂ ਦਿੱਤਾ ਜਾਂਦਾ ਹੈ।
ਤਿਆਰੀ ਨਾਲ ਜੁੜੀਆਂ ਅਹਿਮ ਗੱਲਾਂ
ਕੈਮਰਾ ਫਰੈਂਡਲੀ ਬਣੋ: ਵੀਡੀਓ ਕਾਲ ਹੋਵੇ ਜਾਂ ਆਡੀਓ, ਤੁਹਾਨੂੰ ਕੈਮਰੇ ਸਾਹਮਣੇ ਆਤਮ-ਵਿਸ਼ਵਾਸ ਨਾਲ ਬੋਲਣਾ ਪਵੇਗਾ। ਜੇ ਤੁਸੀਂ ਇਸ ਲਈ ਤਿਆਰ ਨਹੀਂ ਹੋ ਤਾਂ ਵਧੀਆ ਤਜ਼ਰਬੇ ਨਾਲ ਖ਼ੁਦ ਨੂੰ ਤਿਆਰ ਕਰੋ।
ਤਕਨਾਲੋਜੀ ਨੂੰ ਸਮਝੋ: ਜ਼ਰੂਰੀ ਉਪਕਰਨਾਂ ਤੇ ਸਾਫਟਵੇਅਰ ਬਾਰੇ ਜਾਣੋ। ਇੰਟਰਵਿਊ ਤੋਂ ਪਹਿਲਾਂ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰਾਂ ਨਾਲ ਇੱਕ ਟੈਸਟ ਕਾਲ ਸ਼ਡਿਊਲ ਕਰੋ। ਯਕੀਨੀ ਕਰੋ ਕਿ ਤੁਹਾਡਾ ਮਾਈਕ੍ਰੋਫੋਨ ਤੇ ਸਪੀਕਰ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਤੇ ਇੰਟਰਨੈੱਟ ਕੁਨੈਕਸ਼ਨ ਦੀ ਰਫ਼ਤਾਰ ਲਾਈਵ ਵੀਡੀਓ ਦੇ ਯੋਗ ਹੈ, ਨਾਲ ਹੀ ਤੁਸੀਂ ਇੱਕ ਪੇਸ਼ੇਵਰ ਸਕਰੀਨ ਨਾਂ ਦੀ ਵਰਤੋਂ ਕਰੋ, ਜਿਸ ਨਾਲ ਚੋਣਕਰਤਾ ਲਈ ਤੁਹਾਨੂੰ ਪਛਾਣਨਾ ਸੌਖਾ ਹੋਵੇ।
ਤਜ਼ਰਬਾ ਹਾਸਲ ਕਰੋ:
ਸਾਫਟਵੇਅਰ ਜਾਣਨ ਤੋਂ ਬਾਅਦ ਕਿਸੇ ਦੋਸਤ ਨਾਲ ਵੀਡੀਓ ਕਾਲ ’ਤੇ ਇੰਟਰਵਿਊ ’ਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉੱਤਰ ਦੇਣ ਦਾ ਤਜ਼ਰਬਾ ਕਰੋ। ਇਸ ਦੌਰਾਨ ਤੁਸੀਂ ਪ੍ਰਸ਼ਨਾਂ ਨੂੰ ਧਿਆਨ ਨਾਲ ਸੁਣਨ, ਹੌਲੀ ਤੇ ਸਪੱਸ਼ਟ ਰੂਪ ਨਾਲ ਬੋਲਣ ਦਾ ਤਜ਼ਰਬਾ ਕਰੋ।
ਸਹੀ ਥਾਂ ਚੁਣੋ:
ਇੰਟਰਵਿਊ ਦੌਰਾਨ ਤੁਸੀਂ ਕਿਸ ਥਾਂ ’ਤੇ ਬੈਠਣਾ ਹੈ, ਇਹ ਪਹਿਲਾਂ ਹੀ ਤੈਅ ਕਰ ਲਵੋ। ਬੈਠਣ ਦੀ ਥਾਂ ਚੁਣਦੇ ਸਮੇਂ ਕੁਝ ਗੱਲਾਂ ਦਾ ਖ਼ਾਸ ਖ਼ਿਆਲ ਰੱਖੋ ਜਿਵੇਂ ਉਸ ਥਾਂ ’ਤੇ ਪੂਰੀ ਲਾਈਟ ਹੋਵੇ। ਕੁਦਰਤੀ ਰੌਸ਼ਨੀ ਸਭ ਤੋਂ ਬਿਹਤਰ ਹੈ।
ਬੋਲਣ ਦਾ ਤਰੀਕਾ ਕਰੋ ਦਰੁਸਤ:
ਇੰਟਰਵਿਊ ਦੌਰਾਨ ਬੋਲਣ ਦੇ ਤਰੀਕੇ ਦਾ ਵੀ ਖ਼ਿਆਲ ਰੱਖੋ। ਹੌਲੀ-ਹੌਲੀ ਤੇ ਸਾਫ਼ ਬੋਲੋ ਕਿਉਂਕਿ ਆਨਲਾਈਨ ਤੁਹਾਡੀ ਆਵਾਜ਼ ਚੋਣਕਰਤਾ ਤੱਕ ਪਹੁੰਚਣ ਲਈ ਇੱਕ ਪਲ ਦਾ ਫ਼ਰਕ ਹੁੰਦਾ ਹੈ। ਚੋਣਕਰਤਾ ਦੇ ਸਵਾਲ ਨੂੰ ਧਿਆਨ ਨਾਲ ਸੁਣੋ ਤੇ ਇਸ ਤੋਂ ਬਾਅਦ ਜਵਾਬ ਦਿਉ।
ਇੰਟਰਨੈੱਟ ਦੀ ਰਫ਼ਤਾਰ:
ਆਨਲਾਈਨ ਇੰਟਰਵਿਊ ’ਚ ਇੰਟਰਨੈੱਟ ਦੀ ਅਹਿਮ ਭੂਮਿਕਾ ਹੁੰਦੀ ਹੈ। ਤੁਹਾਡੇ ਇੰਟਰਨੈੱਟ ਦੀ ਰਫ਼ਤਾਰ ਵਧੀਆ ਹੋਣੀ ਚਾਹੀਦੀ ਹੈ, ਨਹੀਂ ਤਾਂ ਵੀਡੀਓ ਚੈਟ ਵਾਰ-ਵਾਰ ਰੁਕੇਗੀ। ਇਸ ਨਾਲ ਚੋਣਕਰਤਾ ਪਰੇਸ਼ਾਨ ਹੋ ਸਕਦਾ ਹੈ ਤੇ ਤੁਹਾਡੀ ਚੋਣ ’ਤੇ ਇਸ ਦਾ ਅਸਰ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ