ਕਿਹਾ, ਜਦੋਂ 1 ਲੱਖ ਦਸਤਖਤ ਪੂਰੇ ਹੋ ਗਏ ਤਾਂ ਮੰਗਾਂਗੇ ਅਦਾਲਤ ਤੋਂ ਇਨਸਾਫ਼
(ਸੱਚ ਕਹੂੰ ਨਿਊਜ਼)
ਲੁਧਿਆਣਾ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ 5 ਮਹੀਨੇ ਬੀਤ ਚੁੱਕੇ ਹਨ। ਹਾਲੇ ਤੱਕ ਪੰਜਾਬ ਪੁਲਿਸ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਪਰਿਵਾਰ 5 ਮਹੀਨਿਆਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਘਰ ਜਾ ਕੇ ਦਸਤਖਤ ਵਾਲਾ ਰਜਿਸਟਰ ਲਗਾਉਣ ਜਾ ਰਹੇ ਹਨ। ਮੂਸੇਵਾਲਾ ਦੇ ਪ੍ਰਸ਼ੰਸਕ ਇਸ ਰਜਿਸਟਰ ‘ਤੇ ਆਪਣੀਆਂ ਭਾਵਨਾਵਾਂ ਲਿਖਣਗੇ। ਬਲਕੌਰ ਸਿੰਘ ਨੇ ਦੱਸਿਆ ਕਿ ਕਈ ਵਾਰ ਉਹ ਘਰ ਨਹੀਂ ਹੁੰਦੇ, ਜਿਸ ਕਾਰਨ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਿਲਣ ਤੋਂ ਅਸਮਰੱਥ ਹੁੰਦੇ ਹਨ। ਇਸ ਰਜਿਸਟਰ ਦੇ ਬਣਨ ਨਾਲ ਲੋਕਾਂ ਨੂੰ ਮੂਸੇਵਾਲਾ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਸਮਾਂ ਵੀ ਮਿਲੇਗਾ। 1 ਲੱਖ ਦੇ ਕਰੀਬ ਦਸਤਖਤ ਪੂਰੇ ਹੁੰਦੇ ਹੀ ਇਸ ਰਜਿਸਟਰ ਨੂੰ ਅਦਾਲਤ ‘ਚ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੱਜ ਸਾਹਿਬ ਨੂੰ ਅਪੀਲ ਕੀਤੀ ਜਾਵੇਗੀ ਕਿ ਮੂਸੇਵਾਲਾ ਦੀ ਮੌਤ ਲਈ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਰੇ ਚਹੇਤੇ ਇਨਸਾਫ ਦੀ ਮੰਗ ਕਰ ਰਹੇ ਹਨ l
ਪੰਜਾਬ ਸਰਕਾਰ ਨੂੰ 25 ਨਵੰਬਰ ਤੱਕ ਦਾ ਅਲਟੀਮੇਟਮ
ਦੱਸ ਦੇਈਏ ਕਿ 2 ਹਫਤੇ ਪਹਿਲਾਂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਸਰਕਾਰ ਨੇ ਮੁੱਖ ਦੋਸ਼ੀ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਖੁਦ ਐਫਆਈਆਰ ਵਾਪਸ ਲੈ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਛੱਡਣ ਦੀ ਗੱਲ ਵੀ ਕਹੀ।
ਮਾਂ ਨੇ ਕਿਹਾ-ਅਪਣਾ ਦੇਸ਼ ਨਹੀਂ ਛੱਡਾਂਗੀ
ਇਸ ਦੌਰਾਨ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਹੈ ਕਿ ਇਹ ਦੇਸ਼ ਉਨ੍ਹਾਂ ਦਾ ਹੈ, ਉਹ ਆਪਣਾ ਦੇਸ਼ ਨਹੀਂ ਛੱਡਣਗੇ। ਚਰਨ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਪੁੱਤਰ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣ ਤੋਂ ਬਾਅਦ ਹੀ ਸੰਤੁਸ਼ਟ ਹੋਣਗੇ। ਮੂਸੇਵਾਲਾ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਹਰ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਸਾਨੂੰ ਹਰ ਐਤਵਾਰ ਨੂੰ ਨਵਾਂ ਬਿਆਨ ਜਾਰੀ ਨਹੀਂ ਕਰਨਾ ਚਾਹੀਦਾ। ਇਹ ਦੇਖਣਾ ਹੋਵੇਗਾ ਕਿ ਅਸੀਂ ਸਰਕਾਰ ਨੂੰ ਦਿੱਤੇ ਸਮੇਂ ਦੌਰਾਨ ਸਰਕਾਰ ਕੀ ਕਦਮ ਚੁੱਕ ਰਹੀ ਹੈ ਜਾਂ ਨਹੀਂ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਹੀ ਅਸੀਂ ਅਗਲਾ ਕਦਮ ਚੁੱਕਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ