ਮਿਲਾਵਟੀ ਮਠਿਆਈ ਰੂਪੀ ਮਿੱਠੇ ਜ਼ਹਿਰ ਤੋਂ ਕਰੋ ਬਚਾਅ

ਮਿਲਾਵਟੀ ਮਠਿਆਈ ਰੂਪੀ ਮਿੱਠੇ ਜ਼ਹਿਰ ਤੋਂ ਕਰੋ ਬਚਾਅ

ਕੁਝ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਤਿਉਹਾਰਾਂ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕੀਤਾ ਜਾਂਦਾ ਸੀ। ਜਦ ਤਿਉਹਾਰ ਵਿੱਚ ਚਾਰ-ਪੰਜ ਦਿਨ ਰਹਿ ਜਾਂਦੇ ਤਾਂ ਪਿਤਾ ਜੀ ਨਾਲ ਸ਼ਹਿਰ ਜਾਣ ਦਾ ਚਾਅ ਵੀ ਵੱਖਰਾ ਹੁੰਦਾ ਸੀ, ਕਿਉਂਕਿ ਉਸ ਸਮੇਂ ਜੁਆਕਾਂ ਨੂੰ ਸ਼ਹਿਰ ਜਾਣ ਦਾ ਮੌਕਾ ਤਿੱਥ-ਤਿਉਹਾਰ ’ਤੇ ਹੀ ਮਿਲਦਾ ਸੀ।

ਫਿਰ ਸ਼ਹਿਰ ਜਾ ਕੇ ਹੋਟਲ ’ਤੇ ਚਾਹ ਨਾਲ ਮਠਿਆਈ ਖਾ ਕੇ ਦਿਲ ਬੜਾ ਖੁਸ਼ ਹੁੰਦਾ ਸੀ ਪਰ ਹੁਣ ਨਾ ਤਾਂ ਬੱੱਚਿਆਂ ਨੂੰ ਤਿਉਹਾਰਾਂ ਦਾ ਸ਼ੌਂਕ ਹੈ ਅਤੇ ਨਾ ਹੀ ਆਪਣੇ ਪਿਤਾ ਨਾਲ ਸ਼ਹਿਰ ਜਾ ਕੇ ਨਵੇਂ-ਨਵੇਂ ਪਕਵਾਨ ਖਾਣ ਦਾ। ਬੱਸ ਹੁਣ ਤਾਂ ਤਿਉਹਾਰਾਂ ਮੌਕੇ ਬੱਚਿਆਂ ਨੂੰ ਨਵੇਂ ਮੋਬਾਇਲ ਜਾਂ ਫਿਰ ਹੋਰ ਵੱਡੇ-ਵੱਡੇ ਤੋਹਫੇ ਦੇਣ ਦਾ ਰਿਵਾਜ਼ ਚੱਲ ਪਿਆ ਹੈ।

ਕੋਈ ਸਮਾਂ ਸੀ ਜਦੋਂ ਤਿਉਹਾਰਾਂ ਦੇ ਨੇੜੇ ਆਉਂਦਿਆਂ ਹੀ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਤੇ ਹੋਰ ਪਕਵਾਨ ਖਾਣ ਨੂੰ ਮਨ ਲਲਚਾ ਜਾਂਦਾ ਸੀ। ਘਰਾਂ ਵਿੱਚ ਸੁਆਣੀਆਂ ਬੱਚਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਲੋੜਾਂ ਅਨੁਸਾਰ ਕਈ ਕਿਸਮ ਦੇ ਦੁੱਧ, ਬਾਜ਼ਰੇ, ਮੱਕੀ ਆਦਿ ਦੇ ਖਾਣ ਪਦਾਰਥ ਤਿਆਰ ਕਰ ਲੈਂਦੀਆਂ ਸਨ ਜੋ ਸਵਾਦ ਅਤੇ ਪੌਸ਼ਟਿਕਤਾ ਦੇ ਪੱਖ ਤੋਂ ਉੱਤਮ ਦਰਜੇ ਦੇ ਹੁੰਦੇ ਸਨ। ਘਰਾਂ ’ਚ ਬਣਦੀ ਖੀਰ, ਮਾਲ ਪੂੜੇ, ਕੜਾਹ, ਲੋਹੜੀ ਵੇਲੇ ਮੱਕੀ ਬਾਜਰੇ, ਕਣਕ ਦੇ ਭੂਤ ਪਿੰਨੇ ਯਾਦ ਕਰਕੇ ਅੱਜ ਵੀ ਮੂੰਹ ਸੁਆਦ ਨਾਲ ਭਰ ਜਾਂਦਾ ਹੈ ਅਤੇ ਰੂਹ ਤਿ੍ਰਪਤ ਹੋ ਜਾਂਦੀ ਹੈ

ਪਰ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਹੋ ਸਕਦਾ ਇਨ੍ਹਾਂ ਸੁਆਦਲੇ ਤੇ ਗੁਣ ਭਰਪੂਰ ਪਦਾਰਥਾਂ ਦੇ ਨਾਂਅ ਹੀ ਨਹੀਂ ਸੁਣੇ ਹੋਣਗੇ, ਇਨ੍ਹਾਂ ਦਾ ਸੁਆਦ ਚੱਖਣਾ ਤਾਂ ਦੂਰ ਦੀ ਗੱਲ ਹੈ। ਹੋਰ ਤਾਂ ਹੋਰ ਉਸ ਸਮੇਂ ਬਜ਼ਾਰਾਂ ਵਿੱਚ ਵਿਕਣ ਵਾਲੀਆਂ ਮਠਿਆਈਆਂ ਵੀ ਅੱਜ ਜਿੰਨੀਆਂ ਮਿਲਾਵਟੀ ਨਹੀਂ ਸੀ ਹੁੰਦੀਆਂ। ਉਸ ਸਮੇਂ ਮਨੁੱਖੀ ਸਰੀਰ ਨਾਲ ਧੋਖਾ ਕਰਨ ਤੋਂ ਲੋਕ ਰੱਬ ਦਾ ਖੌਫ ਖਾਂਦੇ ਸਨ, ਪਰੰਤੂ ਬਦਲੇ ਸਮੇਂ ਤੇ ਪੈਸਾ ਪ੍ਰਾਪਤੀ ਦੀ ਦੌੜ ਵਿੱਚ ਲੱਗਿਆ ਮਨੁੱਖ ਸਾਰੀਆਂ ਨੈਤਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਰਾਤੋ-ਰਾਤ ਅਮੀਰ ਹੋਣ ਦੇ ਚੱਕਰਾਂ ਵਿੱਚ ਪੈ ਗਿਆ ਹੈ ਅਤੇ ਪੈਸਾ ਕਮਾਉਣ ਦੀ ਅੰਨ੍ਹੀ ਦੌੜ ਨੇ ਸਮਾਜਿਕ ਰਿਸ਼ਤਿਆਂ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ।

ਮਿਲਾਵਟਖੋਰੀ ਰਾਹੀਂ ਧਨ ਇਕੱਠਾ ਕਰਨ ਦੀ ਦੌੜ ਨੇ ਖਾਣ-ਪੀਣ ਦੀਆਂ ਵਸਤਾਂ ਅੰਦਰ ਮਿਲਾਵਟ ਦੇ ਰੁਝਾਨ ਨੂੰ ਹੋਰ ਵਧਾਇਆ ਹੈ। ਅਜਿਹੇ ਗੈਰ-ਮਨੁੱਖੀ ਵਰਤਾਰੇ ਨੇ ਤਿਉਹਾਰਾਂ ਦੀਆਂ ਖੁਸ਼ੀਆਂ ਦੇ ਰੰਗ ਬਦਰੰਗ ਕਰਕੇ ਰੱਖ ਦਿੱਤੇ ਹਨ, ਕਿਉਂਕਿ ਅੱਜ-ਕੱਲ੍ਹ ਬਜ਼ਾਰਾਂ ’ਚ ਸ਼ੀਸ਼ਿਆਂ ਵਿੱਚ ਸਜੀਆਂ ਪਈਆਂ ਮਠਿਆਈਆਂ ਦੀ ਤਿਆਰ ਹੋਣ ਵਾਲੀਆਂ ਅਸਲੀਅਤ ਜਾਣ ਲਈਏ ਤਾਂ ਪੜ੍ਹ-ਸੁਣ ਕੇ ਰੌਂਗਟੇ ਖੜ੍ਹੇ ਹੁੰਦੇ ਹਨ ਕਿ ਕਿਵੇਂ ਕੁਝ ਲੋਕ ਆਪਣੇ ਸੌੜੇ ਨਿੱਜੀ ਮੁਫਾਦ ਲਈ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗੇ ਭੋਰਾ ਵੀ ਝਿਜਕ ਮਹਿਸੂਸ ਹੀ ਨਹੀਂ ਕਰਦੇ। ਮਠਿਆਈ ਖਾਓ ਪਰ ਮਿਲਾਵਟੀ ਮਠਿਆਈ ਦੀ ਪਰਖ ਜ਼ਰੂਰ ਕਰੋ ਦੀਵਾਲੀ ਮੌਕੇ ਮਠਿਆਈਆਂ ਦੀ ਵਧੀ ਮੰਗ ਨਕਲੀ ਦੁੱਧ, ਖੋਆ, ਪਨੀਰ, ਘਿਓ ਆਦਿ ਨਾਲ ਪੂਰੀ ਕੀਤੀ ਜਾਂਦੀ ਹੈ।

ਕਈ ਥਾਈਂ ਜ਼ਹਿਰੀਲੇ ਅਤੇ ਨਾ-ਖਾਣਯੋਗ ਤੱਤਾਂ ਨਾਲ ਤਿਆਰ ਕੀਤੇ ਜਾਂਦੇ ਨਕਲੀ ਦੁੱਧ ਨੂੰ ਤੇਜ਼ਾਬ ਪਾ ਕੇ ਪਾੜਿ੍ਹਆ ਜਾਂਦਾ ਹੈ ਜਿਸ ਨਾਲ ਗੁਲਾਬ ਜਾਮਣ, ਰਸਗੁੱਲੇ, ਕਲਾਕੰਦ, ਬਰਫੀ ਆਦਿ ਤਿਆਰ ਕੀਤੀ ਜਾਂਦੀ ਹੈ। ਇਹੋ-ਜਿਹੀਆਂ ਮਠਿਆਈਆਂ ਖਾਣ ਨਾਲ ਗਲੇ ਦੇ ਕੈਂਸਰ ਅਤੇ ਪੇਟ ਦੇ ਰੋਗ ਮਨੁੱਖ ਨੂੰ ਆਪਣੀ ਗਿ੍ਰਫਤ ਵਿੱਚ ਲੈ ਲੈਂਦੇ ਹਨ। ਪੈਸਾ ਕਮਾਉਣ ਦੇ ਲਾਲਚੀ ਲੋਕਾਂ ਵੱਲੋਂ ਗ੍ਰਾਹਕਾਂ ਦੇ ਅੱਖੀਂ ਘੱਟਾ ਪਾਉਣ ਲਈ ਅਜਿਹੀ ਮਠਿਆਈ ਨੂੰ ਸ਼ੀਸੇ ਦੇ ਚਮਕਦੇ ਸ਼ੋਅ-ਕੇਸਾਂ ਵਿੱਚ ਸਜਾ ਕੇ ਰੱਖਿਆ ਜਾਂਦਾ ਹੈ। ਮਠਿਆਈਆਂ ਵਿੱਚ ਵਰਤੇ ਜਾਂਦੇ ਰੰਗ ਤੇ ਚਾਂਦੀ ਰੰਗੇ ਵਰਕ ਵੀ ਖਾਣ ਯੋਗ ਨਹੀਂ ਹੁੰਦੇ।

ਦੀਵਾਲੀ ਮੌਕੇ ਹੀ ਉੱਬਲੇ ਹੋਏ ਨਿਮਨ ਦਰਜੇ ਦੇ ਆਲੂਆਂ ਦੀ ਵਰਤੋਂ ਨਾਲ ਰਸਗੁੱਲੇ, ਗੁਲਾਬ ਜਾਮਣ, ਬਰਫੀ ਆਦਿ ਤਿਆਰ ਕੀਤੀ ਜਾਂਦੀ ਹੈ। ਜੋ ਦੀਵਾਲੀ ਦੇ ਦਿਨਾਂ ਦੌਰਾਨ ਬਜਾਰਾਂ ਵਿੱਚ ਉੱਚੀ-ਉੱਚੀ ਅਵਾਜ਼ਾਂ ਮਾਰ ਕੇ ਵੇਚ ਦਿੱਤੀ ਜਾਂਦੀ ਹੈ। ਜੇਕਰ ਅਜਿਹੀ ਮਠਿਆਈ 48 ਘੰਟੇ ਪਈ ਰਹੇ ਤਾਂ ਇਸ ਨੂੰ ਕੁਦਰਤੀ ਰੂਪ ਵਿੱਚ ਉੱਲੀ ਲੱਗ ਜਾਂਦੀ ਹੈ, ਪਰ ਸ਼ਾਤਿਰ ਦਿਮਾਗ ਲੋਕ ਇਸ ਨੂੰ ਉੱਲੀ ਲੱਗਣ ਤੋਂ ਪਹਿਲਾਂ ਹੀ ਲੋਕਾਂ ਦੇ ਪੇਟ ਵਿੱਚ ਪਾ ਕੇ ਆਪਣੀਆਂ ਜੇਬ੍ਹਾਂ ਭਰ ਲੈਂਦੇ ਹਨ।

ਇਸ ਕਰਕੇ ਹੀ ਮਾਹਿਰ ਡਾਕਟਰ ਲੋਕਾਂ ਨੂੰ ਤਿਉਹਾਰਾਂ ਮੌਕੇ ਮਠਿਆਈਆਂ ਖਾਣ ਤੋਂ ਪ੍ਰਹੇਜ਼ ਕਰਨ ਦੀ ਨਸੀਹਤ ਦਿੰਦੇ ਰਹਿੰਦੇ ਹਨ, ਪਰ ਅਸੀਂ ਉਨਾ ਚਿਰ ਕਿਸੇ ਨਸੀਹਤ ਨੂੰ ਮੰਨਣ ਦੇ ਆਦੀ ਨਹੀਂ ਹਾਂ ਜਿੰਨਾਂ ਚਿਰ ਆਪ ਬਿਮਾਰ ਹੋ ਕੇ ਨਾ ਵੇਖੀਏ। ਚੰਗਾ ਹੋਵੇ ਦੀਵਾਲੀ ਮੌਕੇ ਡਰਾਈ ਫਰੂਟ, ਫਲ ਜਾਂ ਘਰ ਵਿੱਚ ਤਿਆਰ ਕੀਤੇ ਪਕਵਾਨ ਹੀ ਬੱਚਿਆਂ ਨੂੰ ਖਵਾਏ ਜਾਣ।

ਕਈ ਵਾਰੀ ਉੱਚੀਆਂ ਦੁਕਾਨਾਂ ਵਾਲਿਆਂ ਦੇ ਪਕਵਾਨ ਹਮੇਸ਼ਾ ਫਿੱਕੇ ਹੁੰਦੇ ਹਨ। ਇਹ ਇਲਮ ਸਾਨੂੰ ਸਾਡੇ ਵੱਡੇ-ਵਡੇਰਿਆਂ ਨੇ ਦਿੱਤਾ ਹੈ, ਜਿਸ ਉੱਪਰ ਸਾਨੂੰ ਅਮਲ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਭਾਵੇਂ ਖਾਣ-ਪੀਣ ਦੀਆਂ ਵਸਤਾਂ ਵਿਚ ਕੀਤੀ ਜਾ ਰਹੀ ਮਿਲਾਵਟ ਨੂੰ ਰੋਕਣ ਅਤੇ ਲੋਕਾਂ ਦੀ ਤੰਦਰੁਸਤ ਸਿਹਤ ਨੂੰ ਯਕੀਨੀ ਬਣਾਉਣ ਲਈ ‘ਮਿਸ਼ਨ ਤੰਦਰੁਸ਼ਤ ਪੰਜਾਬ’ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਦੇ ਬੜੇ ਸਾਰਥਿਕ ਨਤੀਜੇ ਵੀ ਸਾਹਮਣੇ ਆਏ ਹਨ ਪਰ ਅਜੇ ਵੀ ਇਸ ਮਾਮਲੇ ਵਿਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਖਾਣ-ਪੀਣ ਦੀਆਂ ਵਸਤਾਂ ਦੁੱਧ, ਖੋਆ, ਪਨੀਰ, ਮਠਿਆਈ, ਤੇਲ ਆਦਿ ਵਿਚ ਮਿਲਾਵਟ ਕਰਨ ਦਾ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਹੈ। ਸਰਕਾਰ ਦੀ ਸਖ਼ਤੀ ਦੇ ਬਾਵਜੂਦ ਮਿਲਾਵਟਖੋਰ ਅਜੇ ਵੀ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆ ਰਹੇ।

ਦੀਵਾਲੀ ਸਮੇਂ ਸਿਹਤ ਮਹਿਕਮੇ ਦੀਆਂ ਟੀਮਾਂ ਵੀ ਪਤਾ ਨਹੀਂ ਕਿੱਥੇ ਹੁੰਦੀਆਂ ਹਨ ਜੋ ਇਹੋ-ਜਿਹੀ ਮਠਿਆਈ ਸ਼ਰੇਆਮ ਵੇਚ ਕੇ ਮਨੁੱਖੀ ਸਰੀਰ ਨਾਲ ਖਿਲਾਵੜ ਕਰਨ ਵਾਲੇ ਧਨਾਢਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਤਾਂ ਹੋ ਸਕਦਾ ਹੈ ਕੁਝ ਬਚਾਅ ਹੋ ਜਾਵੇ ਪਰ ਇੱਥੇ ਇਹ ਕਹਾਵਤ ‘ਤਕੜੇ ਦਾ ਸੱਤੀਂ ਵੀਹੀਂ ਸੌ’ ਸੱਚ ਹੁੰਦੀ ਹੈ। ਇਸ ਦਾ ਕਾਰਨ ਵੱਡੇ ਪੱਧਰ ’ਤੇ ਫੈਲੇ ਭਿ੍ਰਸ਼ਟਾਚਾਰ ਅਤੇ ਕਿਸੇ ਮਿਲਾਵਟਖੋਰ ਨੂੰ ਅਜੇ ਤੱਕ ਕੋਈ ਮਿਸਾਲੀ ਸਜਾ ਨਾ ਮਿਲਣਾ ਹੈ।
ਨਥਾਣਾ, ਬਠਿੰਡਾ
ਮੋ. 94170-79435
ਗੁਰਜੀਵਨ ਸਿੰਘ ਸਿੱਧੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ