ਸੰਘਰਸ਼ਸ਼ੀਲ ਅਧਿਆਪਕਾਂ ਪ੍ਰਤੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੇ ਗਏ ਬਿਆਨ ਦੀ ਸਖ਼ਤ ਨਿਖੇਧੀ
ਕੋਟਕਪੂਰਾ (ਅਜੈ ਮਨਚੰਦਾ)। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸੰਘਰਸ਼ਸ਼ੀਲ ਅਧਿਆਪਕਾਂ ਪ੍ਰਤੀ ਦਿੱਤਾ ਗਿਆ ਬਿਆਨ ਕਿ ‘‘ਧਰਨਾ ਦੇਣ ਵਾਲੀ ਜੱਥੇਬੰਦੀ ਨਾਲ ਉਹ ਮੀਟਿੰਗ ਨਹੀਂ ਕਰਨਗੇ’’ ਅੱਜ ਦੇ ਅਖ਼ਬਾਰਾਂ ਵਿੱਚ ਛਪਿਆ ਹੈ, ਇਲੈਕਟ੍ਰਾਨਕ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ‘ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ’ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਐਕਟਿੰਗ ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਅਤੇ ਸੂਬਾਈ ਸਲਾਹਕਾਰ ਪ੍ਰੇਮ ਚਾਵਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਦਾ ਇਹ ਬਿਆਨ ਸਾਡੇ ਜਮਹੂਰੀ ਦੇਸ਼ ਵਿੱਚ ਲੋਕਤੰਤਰੀ ਹੱਕਾਂ ਤੇ ਛਾਪਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਰਾਜ ਭਾਗ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਪਿਛਲੇ 10 -12 ਸਾਲਾਂ ਤੋਂ ਹੁਕਮਰਾਨ ਅਕਾਲੀ ਬੀ.ਜੇ.ਪੀ. ਗੱਠਜੋੜ ਤੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਲਗਾਤਾਰ ਧਰਨੇ, ਰੈਲੀਆਂ ਤੇ ਮੁਜ਼ਾਹਰੇ ਕਰਦੇ ਰਹੇ ਹਨ ਤੇ ਧਰਨੇ ਦੇਣ ਵਾਲੇ ਲੋਕਾਂ ਦੇ ਖ਼ਿਲਾਫ਼ ਬਿਆਨ ਦੇ ਰਹੇ ਹਨ। ਧਰਨਾ ਦੇਣਾ ਤੇ ਰੈਲੀਆਂ ਕਰਨਾ ਕਿਸੇ ਵੀ ਵਿਅਕਤੀ ਤੇ ਜੱਥੇਬੰਦੀ ਦਾ ਕੋਈ ਸ਼ੌਕ ਨਹੀਂ ਹੁੰਦਾ ਬਲਕਿ ਮਜਬੂਰੀ ਹੁੰਦੀ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਅਨੇਕਾਂ ਚੋਣ ਵਾਅਦੇ ਕੀਤੇ ਸਨ
ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਰਾਜ ਭਾਗ ਤੇ ਕਾਬਜ਼ ਹੋਣ ਤੋਂ ਬਾਅਦ 7 ਮਹੀਨਿਆਂ ਦੇ ਅੰਦਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਇਸ ਸਰਕਾਰ ਨੇ ਵਿਸਾਰ ਕੇ ਰੱਖਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਧਰਨਿਆਂ ਮੁਜ਼ਾਹਰਿਆਂ ਨੂੰ ਲੋਕਾਂ ਦੇ ਮਸਲੇ ਹੱਲ ਕਰਕੇ ਰੋਕ ਲਾਈ ਜਾ ਸਕਦੀ ਹੈ ਨਾ ਕਿ ਅਜਿਹੇ ਚਿਤਾਵਨੀ ਭਰੇ ਬਿਆਨ ਦੇ ਕੇ ਅਤੇ ਹਰ ਰੋਜ਼ ਸੰਗਰੂਰ ਵਿਖੇ ਪੁਲਿਸ ਦੀਆਂ ਡਾਂਗਾਂ ਵਰ੍ਹਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਮਿੰਟ ਲਈ ਵੀ ਮੁਲਾਜ਼ਮ ਜੱਥੇਬੰਦੀਆਂ ਨਾਲ ਮੀਟਿੰਗ ਕਰਨੀ ਮੁਨਾਸਿਬ ਨਹੀਂ ਸਮਝੀ।
ਆਗੂਆਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਦੇ ਵੱਖ ਵੱਖ ਮੰਤਰੀਆਂ ਵੱਲੋਂ ਮਲਾਜ਼ਮਾਂ, ਪੈਨਸ਼ਨਰਾਂ ਅਤੇ ਅਧਿਆਪਕਾਂ ਦੇ ਮਸਲਿਆਂ ਨੂੰ ਲੈ ਕੇ ਸਬੰਧਤ ਜੱਥੇਬੰਦੀਆਂ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵਿੱਚ ਲਏ ਗਏ ਫੈਸਲੇ ਠੋਸ ਰੂਪ ਵਿੱਚ ਲਾਗੂ ਨਹੀੰ ਹੋ ਰਹੇ ਜਿਸ ਕਰਕੇ ਲੋਕਾਂ , ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਸੰਘਰਸ਼ਾਂ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ