ਦੇਸ਼ ਭਰ ’ਚ ਸਭ ਤੋਂ ਵੱਧ ਮੋਟਾਪੇ ਦਾ ਸ਼ਿਕਾਰ ਹਨ ਪੰਜਾਬ ਦੇ ਲੋਕ
ਆਮ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਮਨੁੱਖ ਸੰਤੁਲਿਤ ਭੋਜਨ ਖਾਂਦਾ ਹੈ, ਉਹ ਜ਼ਲਦੀ-ਜ਼ਲਦੀ ਬਿਮਾਰ ਨਹੀਂ ਹੁੰਦਾ ਪਰ ਇਹ ਵੀ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ। ਜ਼ਰੂਰਤ ਤੋਂ ਜ਼ਿਆਦਾ ਖਾਧਾ ਭੋਜਨ ਵੀ ਸਰੀਰ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦਾ ਹੈ ਪਰ ਮੰਨਣਯੋਗ ਗੱਲ ਇਹ ਵੀ ਹੈ ਕਿ ਹੁਣ ਪਹਿਲਾਂ ਜਿਹਾ ਸੰਤੁਲਿਤ ਭੋਜਨ ਨਹੀਂ ਰਿਹਾ। ਇਹ ਭੋਜਨ ਜ਼ਹਿਰੀਲੀਆਂ ਦਵਾਈਆਂ ਯੁਕਤ ਆਉਂਦਾ ਹੈ ਜੋ ਜਲਦੀ ਹੀ ਬਿਮਾਰੀ ਪੈਦਾ ਕਰ ਦਿੰਦਾ ਹੈ।
ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਮੋਟਾਪੇ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਸ ਰੋਗ ਨੇ ਦੁਨੀਆਂ ਦੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਆਮ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾ ਸਕੂਲ ਬੱਚੇ ਦਾ ਘਰ ਹੁੰਦਾ ਹੈ, ਜਿੱਥੇ ਮਾਤਾ-ਪਿਤਾ ਉਸ ਦੇ ਅਧਿਆਪਕ ਹੁੰਦੇ ਹਨ, ਜੋ ਹਮੇਸ਼ਾ ਉਸ ਨੂੰ ਸਮਾਜ ਵਿੱਚ ਰਹਿਣ ਅਤੇ ਖਾਣ-ਪੀਣ ਬਾਰੇ ਸਮੇਂ-ਸਮੇਂ ’ਤੇ ਜਾਣਕਾਰੀ ਦਿੰਦੇ ਰਹਿੰਦੇ ਹਨ।
ਪਹਿਲਾ, ਪੁਰਾਣੇ ਸਮੇਂ ਵਿੱਚ ਬਾਜ਼ਾਰ ਵਿੱਚ ਇੰਨੇ ਜ਼ਿਆਦਾ ਫਾਸਟ ਫੂਡ ਨਹੀਂ ਹੁੰਦੇ ਸਨ। ਪਹਿਲਾਂ ਬੱਚੇ ਆਮ ਘਰ ਦਾ ਸਾਦਾ ਭੋਜਨ ਹੀ ਖਾਂਦੇ ਸਨ ਤੇ ਕੁਝ ਕਸਰਤ ਆਦਿ ਵੀ ਕਰ ਲੈਂਦੇ ਸਨ। ਉਦੋਂ ਅੱਜ ਜਿੰਨੇ ਆਵਾਜਾਈ ਦੇ ਸਾਧਨ ਵੀ ਨਹੀਂ ਹੁੰਦੇ ਸਨ। ਹੁਣ ਮਾਪੇ ਬੱਚੇ ਦੇ ਥੋੜ੍ਹੇ ਵੱਡੇ ਹੁੰਦੇ ਹੋਏ ਹੀ ਉਨ੍ਹਾਂ ਨੂੰ ਸਾਈਕਲ ਦੀ ਥਾਂ ਸਕੂਟਰ ਆਦਿ ਦਵਾ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਦੀ ਕਸਰਤ ਵੀ ਨਹੀਂ ਹੁੰਦੀ। ਆਧੁਨਿਕ ਯੁੱਗ ਵਿੱਚ ਪੜ੍ਹਾਈ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਜਿਸ ਕਾਰਨ ਮਾਤਾ-ਪਿਤਾ ਹਮੇਸ਼ਾ ਬੱਚੇ ਨੂੰ ਪੜ੍ਹਾਉਣ ’ਤੇ ਜ਼ੋਰ ਦਿੰਦੇ ਹਨ। ਉਹ ਉਨ੍ਹਾਂ ਨੂੰ ਖੇਡਣ ਬਾਰੇ ਜਾਗਰੂਕ ਨਹੀਂ ਕਰਦੇ। ਅਜਿਹੇ ਬੱਚਿਆਂ ਦਾ ਮਾਨਸਿਕ ਵਿਕਾਸ ਤਾਂ ਹੁੰਦਾ ਰਹਿੰਦਾ ਹੈ ਪਰ ਸਰੀਰਕ ਵਿਕਾਸ ਵਿੱਚ ਕਮੀ ਆ ਜਾਂਦੀ ਹੈ। ਉਹ ਆਮ ਤੌਰ ’ਤੇ ਸਭ ਤੋਂ ਪਹਿਲਾਂ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ।
ਕਈ ਪਰਿਵਾਰ ਤਾਂ ਆਪਣੇ ਬੱਚਿਆਂ ਨੂੰ ਲਾਡ-ਪਿਆਰ ਵਿੱਚ ਹੀ ਵਿਗਾੜ ਦਿੰਦੇ ਹਨ। ਜਦੋਂ ਕਿਤੇ ਸਾਰੇ ਇਕੱਠੇ ਕਿਸੇ ਪਾਰਟੀ ਜਾਂ ਬਾਜ਼ਾਰ ਵਿੱਚ ਜਾਂਦੇ ਹਨ ਤਾਂ ਉਹ ਬੱਚੇ ਨੂੰ ਫਾਸਟ ਫੂਡ ਜਾਂ ਹੋਰ ਅਜਿਹਾ ਭੋਜਨ, ਜੋ ਸਿਹਤ ਨੂੰ ਖ਼ਰਾਬ ਕਰਦਾ ਹੈ, ਖਾਣ ਤੋਂ ਰੋਕਦੇ ਨਹੀਂ ਬਲਕਿ ਉਨ੍ਹਾਂ ਦਾ ਸਾਥ ਦਿੰਦੇ ਹਨ। ਜਦੋਂ ਇਹ ਵਸਤੂਆਂ ਉਨ੍ਹਾਂ ਦੇ ਮੂੰਹ ਨੂੰ ਲੱਗ ਜਾਂਦੀਆਂ ਹਨ ਤਾਂ ਉਹ ਘਰ ਦਾ ਭੋਜਨ ਨਹੀਂ ਖਾਂਦੇ ਬਲਕਿ ਬਾਹਰਲੇ ਭੋਜਨ ਨੂੰ ਪਹਿਲ ਦਿੰਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵੀ ਪਿੱਛੇ ਨਹੀਂ ਹੈ। ਸਕੂਲਾਂ, ਕਾਲਜਾਂ ’ਚ ਪੜ੍ਹਨ ਵਾਲੇ ਮੁੰਡੇ-ਕੁੜੀਆਂ ਵੀ ਅੱਜ-ਕੱਲ੍ਹ ਬਾਜ਼ਾਰ ਦੇ ਫਾਸਟ ਫੂਡ ਨੂੰ ਪਹਿਲ ਦਿੰਦੇ ਹਨ।
ਨਾਲ ਹੀ ਬਾਜ਼ਾਰ ’ਚ ਆਉਂਦੀਆਂ ਨਵੀਆਂ-ਨਵੀਆਂ ਵਿਦੇਸ਼ੀ ਖਾਣ-ਪੀਣ ਦੀਆਂ ਕੰਪਨੀਆਂ ਆਪਣੇ ਉਤਪਾਦਨ ਵੇਚਣ ਲਈ ਤਰ੍ਹਾਂ-ਤਰ੍ਹਾਂ ਦੇ ਇਸ਼ਤਿਹਾਰ ਦਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਉਤਸ਼ਾਹਿਤ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ।
ਅੱਜ ਹਰੇਕ ਮਨੁੱਖ ਨੂੰ ਤੇਜ਼ਾਬ ਬਣਨ ਦੀ ਸਮੱਸਿਆ ਹੋ ਗਈ ਹੈ। ਜਵਾਨਾਂ ਨੂੰ ਹੀ ਤੇਜ਼ਾਬ ਦੀ ਸ਼ਿਕਾਇਤ ਹੋਣ ਲੱਗ ਗਈ ਹੈ। ਆਮ ਕਰਕੇ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਦਿਨ ਵਿੱਚ 2000 ਕੈਲਰੀਆਂ ਲੈਣੀਆਂ ਚਾਹੀਦੀਆਂ ਹਨ ਪਰ ਅੱਜ-ਕੱਲ੍ਹ ਲੋਕ ਡਾਈਟਿੰਗ ’ਤੇ ਰਹਿਣ ਲੱਗ ਗਏ ਹਨ। ਉਹ ਦਿਨ ਭਰ ਵਿੱਚ ਘੱਟ ਕੈਲਰੀ ਲੈ ਕੇ ਆਪਣਾ ਮੋਟਾਪਾ ਘੱਟ ਕਰਨ ਦੀ ਸੋਚਦੇ ਰਹਿੰਦੇ ਹਨ।
ਉਹ ਹਰ ਸਮੇਂ ਆਪਣਾ ਭੋਜਨ ਮਾਪ ਕੇ ਹੀ ਖਾਂਦੇ ਹਨ ਕਿ ਕਿਸ ਵਿੱਚ ਕਿੰਨੀ ਕੈਲਰੀ ਹੈ ਤੇ ਕਿਤੇ ਇਹ ਭੋਜਨ ਖਾਣ ਨਾਲ ਮੋਟਾਪਾ ਤਾਂ ਨਹੀਂ ਆਉਂਦਾ। ਹੁਣ ਕਈ ਲੋਕ ਡਾਈਟਿੰਗ ਕਰਦੇ-ਕਰਦੇ ਬ੍ਰੇਕਫਾਸਟ ਨਹੀਂ ਖਾਂਦੇ ਤੇ ਦੁਪਹਿਰ ਜਾਂ ਰਾਤ ਸਮੇਂ ਜ਼ਿਆਦਾ ਮਾਤਰਾ ਵਿੱਚ ਖਾਣਾ ਖਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਮੋਟਾਪਾ ਘਟਣ ਦੀ ਥਾਂ ਵਧਦਾ ਜਾਂਦਾ ਹੈ। ਮੇਰਾ ਇੱਕ ਦੋਸਤ ਹੈ ਜੋ ਮੋਟਾਪੇ ਦਾ ਜਿਆਦਾ ਸ਼ਿਕਾਰ ਹੋ ਚੁੱਕਾ ਹੈ। ਉਸ ਦਾ ਵਜ਼ਨ 125 ਤੋਂ 130 ਕਿਲੋਗ੍ਰਾਮ ਦੇ ਨੇੜੇ ਹੈ।
ਜਦੋਂ ਵੀ ਮੈਂ ਉਸ ਨੂੰ ਮਿਲਦਾ ਹਾਂ ਉਸ ਨੇ ਹਮੇਸ਼ਾ ਕੁਝ ਨਾ ਕੁਝ ਖਾਣ ਦੀ ਗੱਲ ਹੀ ਕਰਨੀ ਹੁੰਦੀ ਹੈ। ਇੱਕ ਵਾਰ ਉਹ ਕਿਸੇ ਫਿਟਨਸ ਸੈਂਟਰ ਵਿੱਚ ਭਰਤੀ ਹੋ ਗਿਆ, 4-5 ਕੁ ਦਿਨਾਂ ਵਿਚ ਉਸ ਨੂੰ ਕੁਝ ਮੋਟਾਪਾ ਘਟਦਾ ਦਿਸਿਆ। ਉਹ ਬਹੁਤ ਉਤਸ਼ਾਹਿਤ ਹੋ ਗਿਆ, ਨਾਲ ਹੀ ਉਸ ਨੇ ਡਾਈਟਿੰਗ ਵੀ ਸ਼ੁਰੂ ਕਰ ਦਿੱਤੀ ਪਰ 15 ਕੁ ਦਿਨਾਂ ਬਾਅਦ ਫਿਰ ਉਸ ਨੇ ਬਾਜ਼ਾਰ ਦੇ ਫਾਸਟ ਫੂਡ ਖਾਣੇ ਸ਼ੁਰੂ ਕਰ ਦਿੱਤੇ ਅਤੇ ਘਰ ਵਾਲਿਆਂ ਨੂੰ ਕਹਿ ਦਿਆ ਕਰੇ ਕਿ ਮੈਂ ਤਾਂ ਡਾਈਟਿੰਗ ’ਤੇ ਹਾਂ, ਮੈਂ ਰਾਤ ਦਾ ਖਾਣਾ ਨਹੀਂ ਖਾਣਾ। ਹੁਣ ਇਸ ਵਿੱਚ ਕਸੂਰ ਕਿਸਦਾ ਹੈ, ਅਸੀਂ ਆਪਣੇ-ਆਪ ਨੂੰ ਹੀ ਧੋਖਾ ਦੇ ਰਹੇ ਹਾਂ, ਨਾਲ ਹੀ ਕਈ ਲੋਕ ਮੈਂ ਅਜਿਹੇ ਵੇਖੇ ਹਨ ਜੋ ਕੁਝ ਕਸਰਤ ਸ਼ੁਰੂ ਕਰਨ ਸਾਰ ਹੀ ਆਪਣਾ ਖਾਣ-ਪਾਣ ਵਧਾ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਸਾਡਾ ਮੋਟਾਪਾ ਕਦੇ ਨਹੀਂ ਘਟਦਾ।
ਕਈ ਲੋਕ ਦਵਾਈਆਂ ਆਦਿ ਖਾ ਕੇ ਮੋਟਾਪਾ ਘਟਾਉਣ ਦੀ ਸੋਚਦੇ ਰਹਿੰਦੇ ਹਨ। ਉਹ ਹਰ ਸਮੇਂ ਨਵੀਆਂ-ਨਵੀਆਂ ਦਵਾਈਆਂ ਲੱਭਦੇ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਦਾ ਮੋਟਾਪਾ ਅਸਾਨੀ ਨਾਲ ਘੱਟ ਹੋ ਸਕੇ। ਸਾਰੇ ਲੋਕ ਸਰੀਰ ਨੂੰ ਕਸ਼ਟ ਦਿੱਤੇ ਬਿਨਾਂ ਕੋਈ ਨਾ ਕੋਈ ਹੋਰ ਸਾਧਨ ਲੱਭਦੇ ਰਹਿੰਦੇ ਹਨ। ਜੋ ਕੁਝ ਸਮੇਂ ਲਈ ਤਾਂ ਵਧੀਆ ਅਸਰ ਕਰਦੇ ਹਨ ਪਰ ਫਿਰ ਉਸੇ ਤਰ੍ਹਾਂ ਮੋਟਾਪਾ ਵਧਦਾ ਰਹਿੰਦਾ ਹੈ ਜਾਂ ਕੋਈ ਹੋਰ ਬਿਮਾਰੀ ਪੈਦਾ ਹੋ ਜਾਂਦੀ ਹੈ। 8-8 ਘੰਟੇ ਸਰੀਰਕ ਕੰਮ ਕਰਨ ਵਾਲੇ ਮਨੁੱਖ ਸਰੀਰਕ ਤੌਰ ’ਤੇ ਬਿਲਕੁਲ ਤੰਦਰੁਸਤ ਰਹਿੰਦੇ ਹਨ।
ਅਸੀਂ ਆਮ ਹੀ ਦੇਖਦੇ ਹਾਂ ਇਸ ਤਰ੍ਹਾਂ ਦੀ ਕਿਰਤ ਕਰਨ ਵਾਲਿਆਂ ਦੀ ਸਰੀਰਕ ਬਣਾਵਟ ਆਮ ਕਰਕੇ ਬੀਐੱਮਆਈ ਇੰਡੈਕਸ ਦੇ ਹਿਸਾਬ ਨਾਲ ਸਹੀ ਹੁੰਦੀ ਹੈ। ਇਹ ਲੋਕ ਕਦੇ ਵੀ ਡਾਈਟਿੰਗ ਜਾਂ ਦਵਾਈਆਂ ਆਦਿ ਨਹੀਂ ਖਾਂਦੇ ਸਗੋਂ ਹਰ ਸਮੇਂ ਪੇਟ ਭਰ ਕੇ ਭੋਜਨ ਖਾਂਦੇ ਹਨ। ਸਰੀਰਕ ਕੰਮ ਕਰਨ ਕਾਰਨ ਹੀ ਇਹ ਪੇਟ ਭਰ ਕੇ ਖਾਂਦੇ ਹਨ ਪਰ ਜੇ ਇਹ ਸਰੀਰਕ ਮਿਹਨਤ ਨਾ ਕਰਨ ਤਾਂ ਇਹ ਵੀ ਮੋਟਾਪੇ ਦੇ ਸ਼ਿਕਾਰ ਹੋ ਜਾਣ। ਡਾਈਟਿੰਗ, ਦਵਾਈਆਂ, ਫਾਸਟ ਫੂਡ ਆਦਿ ਨੂੰ ਛੱਡ ਕੇ ਸਰੀਰਕ ਕੰਮ ਕਰਨ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਤੇ ਅੱਜ ਦੀਆਂ ਹੋਰ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
ਅੱਜ ਘਰ ਦੀਆਂ ਔਰਤਾਂ ਘਰ ਦਾ ਕੰਮ ਆਪ ਨਹੀਂ ਕਰਦੀਆਂ ਸਗੋਂ ਦੂਜਿਆਂ ਤੋਂ ਕਰਵਾਉਂਦੀਆਂ ਹਨ ਜਾਂ ਮਸ਼ੀਨਾਂ ਦਾ ਸਹਾਰਾ ਲੈਦੀਆਂ ਹਨ ਘਰ ਦੇ ਕੰਮਾਂ ਨੂੰ ਕਰਨ ਨਾਲ ਵੀ ਸਾਡੀ ਸਰੀਰਕ ਕਸਰਤ ਹੁੰਦੀ ਰਹਿੰਦੀ ਹੈ। ਜੇ ਘਰ ਦੇ ਕੰਮ ਆਪ ਕੀਤੇ ਜਾਣ ਤਾਂ ਮੋਟਾਪੇ ਵਰਗਾ ਰੋਗ ਸਾਨੂੰ ਛੇਤੀ-ਛੇਤੀ ਆਪਣੀ ਪਕੜ ਵਿੱਚ ਨਹੀਂ ਲੈ ਸਕਦਾ।
ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠ ਕੇ ਕੁਝ ਸਮਾਂ ਸੈਰ, ਯੋਗ ਅਭਿਆਸ ਜਾਂ ਸਾਈਕਲ ਚਲਾਉ। ਇਹ ਸਭ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਰੋਗ ਮੁਕਤ ਕਰਦੇ ਹਨ। ਕਈ ਲੋਕਾਂ ਵਿੱਚ ਇਹ ਵਹਿਮ ਵੀ ਹੁੰਦਾ ਕਿ ਸਵੇਰ ਵੇਲੇ ਕਸਰਤ ਕਰ ਲਈ ਹੈ ਹੁਣ ਦਿਨ ਭਰ ਵਿਚ ਕੁਝ ਵੀ ਖਾਉ। ਪਹਿਲੀ ਗੱਲ ਤਾਂ ਇਹ ਕਿ ਇੱਕ ਸਮੇਂ ਓਨਾ ਹੀ ਭੋਜਨ ਖਾਉ ਜਿੰਨਾ ਤੁਹਾਡੇ ਸਰੀਰ ਨੂੰ ਜ਼ਰੂਰਤ ਹੈ, ਪੇਟ ਭਰ ਕੇ ਨਾ ਖਾਉ, ਜ਼ਰੂਰਤ ਤੋਂ ਵੱਧ ਨਾ ਖਾਉ। ਨਾਲ ਹੀ ਹਰੇਕ ਭੋਜਨ ਤੋਂ ਬਾਅਦ 10 ਕੁ ਮਿੰਟ ਬੈਠ ਕੇ ਉਸ ਤੋਂ ਬਾਅਦ 10 ਕੁ ਮਿੰਟ ਕੁਝ ਹਲਕੀ ਸੈਰ ਕਰੋ।
ਸਾਡੇ ਦੇਸ਼ ਦੇ ਲੋਕਾਂ ਨੇ ਆਪਣੇ ਖਾਣਾ ਖਾਣ ਦੇ ਸਮੇਂ ਬੰਨ੍ਹੇ ਹੋਏ ਹਨ ਜਿਵੇਂ ਸਵੇਰ, ਦੁਪਹਿਰ ਅਤੇ ਸ਼ਾਮ ਦਾ ਖਾਣਾ। ਭੁੱਖ ਹੋਵੇ ਚਾਹੇ ਨਾ ਹੋਵੇ ਉਨ੍ਹਾਂ ਇਨ੍ਹਾਂ ਸਮਿਆਂ ਵਿੱਚ ਆਪਣਾ ਭੋਜਨ ਖਾ ਹੀ ਲੈਣਾ ਹੈ। ਅਸੀਂ ਆਮ ਹੀ ਦੇਖਦੇ ਹਾਂ ਕਿ ਦਫ਼ਤਰਾਂ ਵਿੱਚ ਬੈਠੇ ਨੌਕਰੀਪੇਸ਼ਾ ਲੋਕ ਹਮੇਸ਼ਾ ਦੁਪਹਿਰ ਦਾ ਖਾਣਾ ਆਪਣੀ ਸੀਟ ’ਤੇ ਬੈਠ ਕੇ ਹੀ ਖਾਂਦੇ ਹਨ ਅਤੇ ਉਸ ਤੋਂ ਬਾਅਦ ਉੱਥੇ ਹੀ ਬੈਠੇ ਰਹਿੰਦੇ ਹਨ ਜਿਸ ਕਾਰਨ ਸਭ ਤੋਂ ਪਹਿਲਾਂ ਉਹ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ। ਅਸੀਂ ਦੇਖਦੇ ਹਾਂ ਕਿ ਹਰੇਕ ਅਦਾਰੇ ਵਿੱਚ, ਚਾਹੇ ਉਹ ਕੋਈ ਸਕੂਲ ਹੈ ਤੇ ਚਾਹੇ ਕੋਈ ਦਫ਼ਤਰ, ਦੁਪਹਿਰ ਦਾ ਖਾਣਾ ਖਾਣ ਦਾ ਸਮਾਂ ਅੱਧਾ ਘੰਟਾ ਹੁੰਦਾ ਹੈ।
ਕਦੇ ਅਸੀਂ ਸੋਚਿਆ ਹੈ ਕਿ ਇਹ ਅੱਧਾ ਘੰਟਾ ਹੀ ਕਿਉਂ ਰੱਖਿਆ ਗਿਆ ਹੈ? ਆਮ ਤੌਰ ’ਤੇ ਖਾਣਾ ਅਸੀਂ 10 ਕੁ ਮਿੰਟਾਂ ਵਿੱਚ ਖਾ ਲੈਂਦੇ ਹਾਂ ਪਰ ਬਾਕੀ ਬਚਿਆ ਸਮਾਂ ਸੈਰ ਕਰਨ ਦਾ ਹੁੰਦਾ ਹੈ ਪਰ ਅਸੀਂ ਉਹ ਸਮਾਂ ਆਪਸ ਵਿੱਚ ਗੱਲਾਂ ਮਾਰ ਕੇ ਬਰਬਾਦ ਕਰ ਦਿੰਦੇ ਹਾਂ। ਰਾਤ ਸਮੇਂ ਹਲਕਾ ਭੋਜਨ ਕਰੋ ਤੇ ਉਸ ਤੋਂ ਬਾਅਦ ਕੁਝ ਸਮਾਂ ਸੈਰ ਕਰ ਲਵੋ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਰਾਤ ਦੇ ਭੋਜਨ ਤੋਂ ਬਾਅਦ ਸੌਣ ਦੇ ਸਮੇਂ ਵਿੱਚ ਲਗਭਗ 3 ਘੰਟਿਆਂ ਦਾ ਅੰਤਰ ਹੋਣਾ ਚਾਹੀਦਾ ਹੈ ਪਰ ਜੇਕਰ ਅਸੀਂ ਭੋਜਨ ਹੀ ਹਲਕਾ ਖਾਵਾਂਗੇ ਤਾਂ ਅਸੀਂ ਇਸ ਅੰਤਰ ਤੋਂ ਛੁਟਕਾਰਾ ਪਾ ਸਕਾਂਗੇ।
ਲੈਕਚਰਾਰ ਸਰਕਾਰੀ ਜਗਸੀਰ ਸੈਕੰਡਰੀ ਸਕੂਲ,
ਬੋਹਾ, ਬੁਢਲਾਡਾ
ਡਾ. ਵਨੀਤ ਕੁਮਾਰ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ