ਭਾਰਤ ਦਾ ਇੰਜੀਨੀਅਰ ਬਾਦਸ਼ਾਹ ਸ਼ਾਹਜਹਾਂ
ਅਬੁਲ ਮੁਜ਼ੱਫਰ ਸ਼ਹਾਬੁਦੀਨ ਮੁਹੰਮਦ ਖੁੱਰਮ ਉਰਫ ਸ਼ਾਹਜਹਾਂ ਭਾਰਤ ਦਾ ਉਹ ਮਹਾਨ ਬਾਦਸ਼ਾਹ ਸੀ ਜਿਸ ਨੇ ਕਿਸੇ ਵੀ ਹੋਰ ਭਾਰਤੀ ਸ਼ਾਸਕ ਨਾਲੋਂ ਜਿਆਦਾ ਅਤੇ ਅਲੌਕਿਕ ਸਮਾਰਕ ਤਿਆਰ ਕਰਵਾਏ ਹਨ। ਉਸ ਵੱਲੋਂ ਤਾਮੀਰ ਕੀਤਾ ਗਿਆ ਤਾਜ ਮਹਿਲ ਤਾਂ ਦੁਨੀਆਂ ਭਰ ਵਿੱਚ ਭਾਰਤੀ ਗੌਰਵ ਦਾ ਪ੍ਰਤੀਕ ਬਣ ਚੁੱਕਾ ਹੈ। ਭਾਰਤ ਆਉਣ ਵਾਲੇ ਕਿਸੇ ਵੀ ਵਿਦੇਸ਼ੀ ਰਾਸ਼ਟਰ ਪ੍ਰਮੁੱਖ ਜਾਂ ਸੈਲਾਨੀ ਦੀ ਯਾਤਰਾ ਤਾਜ ਮਹਿਲ ਦੀ ਫੇਰੀ ਤੋਂ ਬਗੈਰ ਅਧੂਰੀ ਸਮਝੀ ਜਾਂਦੀ ਹੈ।
ਮੁਗਲ ਬਾਦਸ਼ਾਹ ਜਹਾਂਗੀਰ ਅਤੇ ਮਾਤਾ ਰਾਜਪੂਤ ਰਾਜਕੁਮਾਰੀ ਜਗਤ ਗੁਸਾਈਂ ਦੇ ਘਰ 5 ਜਨਵਰੀ 1592 ਈਸਵੀ ਨੂੰ ਉਸ ਦਾ ਜਨਮ ਹੋਇਆ ਤੇ ਉਸ ਨੇ 19 ਜਨਵਰੀ 1628 ਈਸਵੀ ਤੋਂ ਲੈ ਕੇ 31 ਜੁਲਾਈ 1658 ਈਸਵੀ ਤੱਕ ਰਾਜ ਕੀਤਾ। ਉਸ ਵੱਲੋਂ ਤਾਮੀਰ ਕੀਤੇ ਗਏ ਤਕਰੀਬਨ ਸਾਰੇ ਹੀ ਸਮਾਰਕ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ਼ ਸਾਈਟਾਂ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਇਸ ਪ੍ਰਕਾਰ ਹਨ।
ਤਾਜ ਮਹਿਲ: 17 ਜੂਨ ਸੰਨ 1631 ਈਸਵੀ ਨੂੰ ਸ਼ਾਹਜਹਾਂ ਦੀ ਬੇਗਮ ਮੁਮਤਾਜ਼ ਮਹਿਲ ਦਾ ਦੇਹਾਂਤ ਹੋ ਗਿਆ। ਸ਼ਾਹਜਹਾਂ ਉਸ ਵਾਸਤੇ ਅਲੌਕਿਕ ਮਕਬਰਾ ਤਾਮੀਰ ਕਰਨਾ ਚਾਹੁੰਦਾ ਸੀ ਤਾਂ ਕਿ ਉਨ੍ਹਾਂ ਦਾ ਇਤਿਹਾਸ ਰਹਿੰਦੀ ਦੁਨੀਆਂ ਤੱਕ ਅਮਰ ਰਹੇ। ਜਮਨਾ ਦੇ ਸੱਜੇ ਕਿਨਾਰੇ ’ਤੇ ਤਾਜ ਮਹਿਲ ਦੀ ਉਸਾਰੀ 1632 ਈਸਵੀ ਵਿੱਚ ਸ਼ੁਰੂ ਹੋਈ ਤੇ 21 ਸਾਲ ਬਾਅਦ 1653 ਵਿੱਚ ਮੁਕੰਮਲ ਹੋਈ। ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਵਾਸਤੇ 20000 ਕਾਰੀਗਰਾਂ ਤੇ ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਇਸ ਦਾ ਡਿਜ਼ਾਈਨ ਅਤੇ ਉਸਾਰੀ ਦੀ ਜ਼ਿੰਮੇਵਾਰੀ ਦਰਬਾਰੀ ਨਕਸ਼ਾ ਨਵੀਸ ਉਸਤਾਦ ਅਹਿਮਦ ਲਾਹੌਰੀ ਨੇ ਨਿਭਾਈ ਸੀ। ਇਸ ’ਤੇ 4 ਕਰੋੜ ਰੁਪਏ ਖਰਚਾ ਆਇਆ ਸੀ ਜੋ ਅੱਜ ਦੇ ਹਿਸਾਬ ਨਾਲ ਕਰੀਬ 700 ਕਰੋੜ ਰੁਪਏ ਬਣਦਾ ਹੈ।
ਤਾਜ ਮਹਿਲ ਨੂੰ ਇੱਕ 23 ਫੁੱਟ ਉੱਚੇ ਚਬੂਤਰੇ ’ਤੇ ਉਸਾਰਿਆ ਗਿਆ ਹੈ ਤੇ ਗੁੰਬਦ ਤੱਕ ਇਸ ਦੀ ਉਚਾਈ 115 ਫੁੱਟ ਹੈ। ਇਸ ਦੇ ਚਾਰ ਮੀਨਾਰ ਹਨ, ਜਿਨ੍ਹਾਂ ਦੀ ਉੱਚਾਈ 130 ਫੁੱਟ ਹਰੇਕ ਹੈ। ਮੀਨਾਰਾਂ ਦੀ ਉਸਾਰੀ ਵਾਸਤੇ ਅਜਿਹੀ ਤਕਨੀਕ ਵਰਤੀ ਗਈ ਹੈ ਕਿ ਜੇ ਕਿਤੇ ਉਹ ਭੂਚਾਲ ਆਦਿ ਨਾਲ ਢਹਿ ਜਾਣ ਤਾਂ ਤਾਜ ਮਹਿਲ ਦੀ ਬਜਾਏ ਬਾਹਰ ਵੱਲ ਡਿੱਗਣਗੇ। ਤਾਜ ਮਹਿਲ ਦੀ ਬੇਸਮੈਂਟ ਵਿੱਚ ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦੀਆਂ ਕਬਰਾਂ ਹਨ। ਉਸਤਾਦ ਕਲਾਕਾਰ ਅਬਦੁਲ ਹੱਕ ਦੀ ਦੇਖ-ਰੇਖ ਹੇਠ ਇਸ ਨੂੰ ਇਸਲਾਮੀ ਮਾਪਦੰਡਾਂ ਆਨੁਸਾਰ ਅੰਦਰੋਂ ਤੇ ਬਾਹਰੋਂ ਬੇਹੱਦ ਕੋਮਲ, ਬਰੀਕ ਤੇ ਖੂਬਸੂਰਤ ਚਿੱਤਰਕਾਰੀ, ਮੀਨਾਕਾਰੀ ਤੇ ਪੱਚੀਕਾਰੀ ਨਾਲ ਸ਼ਿੰਗਾਰਿਆ ਗਿਆ ਹੈ।
ਇਸ ਦੀ ਉਸਾਰੀ ਲਈ ਵਰਤਿਆ ਗਿਆ ਸੰਗਮਰਮਰ ਮਕਰਾਣਾ, ਪੀਲਾ ਪੱਥਰ ਪੰਜਾਬ ਤੇ ਹਰਾ ਪੱਥਰ (ਜੇਡ) ਤੇ ਕ੍ਰਿਸਟਲ ਚੀਨ ਤੋਂ ਮੰਗਵਾਏ ਗਏ ਸਨ। ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਲਈ 28 ਕਿਸਮ ਦੇ ਬੇਸ਼ਕੀਮਤੀ ਤੇ ਅਰਧ-ਕੀਮਤੀ ਪੱਥਰ ਵਰਤੇ ਗਏ ਸਨ, ਜਿਨ੍ਹਾਂ ਵਿੱਚੋਂ ਹੀਰੇ ਦੱਖਣੀ ਭਾਰਤ, ਫਿਰੋਜ਼ਾ ਤਿੱਬਤ, ਨੀਲਮ ਅਫਗਾਨਿਸਤਾਨ, ਪੁਖਰਾਜ ਸ੍ਰੀਲੰਕਾ ਅਤੇ ਮੋਤੀ ਤੇ ਲਾਲ ਮੂੰਗੇ ਅਰਬ ਤੋਂ ਮੰਗਵਾਏ ਗਏ ਸਨ। ਇਸ ਦੇ ਅੱਗੇ ਬਹੁਤ ਵੱਡਾ ਬਾਗ ਹੈ ਤੇ ਤਿੰਨ ਪਾਸੇ ਦੀਵਾਰ ਹੈ।
ਸੰਸਾਰ ਦੇ ਸੱਤਾਂ ਅਜੂਬਿਆਂ ਵਿੱਚ ਸ਼ਾਮਲ ਤਾਜ ਮਹਿਲ ਨੂੰ ਕਈ ਵਾਰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਹੈ। 1723 ਈਸਵੀ ਵਿੱਚ ਭਰਤਪੁਰ ਦੇ ਰਾਜਾ ਸੂਰਜ ਮੱਲ ਨੇ ਆਗਰੇ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਜ ਮਹਿਲ ਵਿੱਚ ਕਾਫੀ ਲੁੱਟ-ਖਸੁੱਟ ਮਚਾਈ ਸੀ। ਇਸ ਵਿੱਚੋਂ ਅਨੇਕਾਂ ਹੀਰੇ ਜਵਾਹਰਾਤ, ਦੋ ਬਹੁਤ ਮਹਿੰਗੇ ਚਾਂਦੀ ਦੇ ਝਾੜ ਫਾਨੂਸ ਅਤੇ ਗੁੰਬਦ ’ਤੇ ਲੱਗੇ ਸੋਨੇ ਦੇ 15 ਫੁੱਟ ਲੰਬੇ ਕਲਸ਼ ਨੂੰ ਲੁੱਟ ਲਿਆ ਗਿਆ ਸੀ।
ਬਾਅਦ ਵਿੱਚ ਈਸਟ ਇੰਡੀਆ ਕੰਪਨੀ ਨੇ ਕਾਂਸੇ ਦਾ ਮੌਜੂਦਾ ਕਲਸ਼ ਲਾਇਆ ਸੀ। 1902 ਵਿੱਚ ਵਾਇਸਰਾਏ ਲਾਰਡ ਕਰਜ਼ਨ ਵੱਲੋਂ ਤਾਜ ਮਹਿਲ ਦੇ ਇਸਲਾਮੀ ਆਸਥਾ ਮੁਤਾਬਕ ਬਣਾਏ ਗਏ ਬਹਿਸ਼ਤੀ ਬਾਗ ਨੂੰ ਪੁੱਟ ਕੇ ਮੌਜੂਦਾ ਪੱਛਮੀ ਕਿਸਮ ਦਾ ਬਗੀਚਾ ਲਾਇਆ ਗਿਆ ਸੀ। ਅੱਜ ਤਾਜ ਦੀ ਖੂਬਸੂਰਤੀ ਲਈ ਪ੍ਰਦੂਸ਼ਣ ਸਭ ਤੋਂ ਖਤਰਨਾਕ ਦੁਸ਼ਮਣ ਬਣ ਗਿਆ ਹੈ। ਆਗਰੇ ਦੀ ਗੰਦੀ ਆਬੋ-ਹਵਾ ਤੇ ਮਥੁਰਾ ਤੇਲ ਰਿਫਾਇਨਰੀ ਵੱਲੋਂ ਛੱਡੀਆਂ ਜਾ ਰਹੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਇਸ ਦਾ ਰੰਗ ਸਫੈਦ ਤੋਂ ਪੀਲਾ ਪੈਂਦਾ ਜਾ ਰਿਹਾ ਹੈ।
ਜਾਮਾ ਮਸਜਿਦ (ਦਿੱਲੀ): ਜਾਮਾ ਮਸਜਿਦ ਦਾ ਅਸਲੀ ਨਾਂਅ ਮਸਜਿਦ ਏ ਜਹਾਂ ਨੁਮਾ ਹੈ ਤੇ ਇਹ ਭਾਰਤ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ’ਚੋਂ ਇੱਕ ਹੈ। ਇਸ ਦੀ ਉਸਾਰੀ 1650 ਵਿੱਚ ਸ਼ੁਰੂ ਹੋ ਕੇ 1656 ਈਸਵੀ ਵਿੱਚ ਮੁਕੰਮਲ ਹੋਈ ਸੀ ਤੇ ਇਸ ਉੱਪਰ ਉਸ ਵੇਲੇ ਦਸ ਲੱਖ ਰੁਪਏ ਖਰਚ ਆਇਆ ਸੀ। ਇਸ ਦੀ ਲੰਬਾਈ 40 ਮੀਟਰ, ਚੌੜਾਈ 27 ਮੀਟਰ, 3 ਗੁੰਬਦ ਤੇ ਦੋ 41 ਮੀਟਰ ਉੱਚੇ ਮੀਨਾਰ ਹਨ। ਇਸ ਦੀ ਇਮਾਰਤ ਲਾਲ ਪੱਥਰ ਅਤੇ ਸੰਗਮਰਮਰ ਦੀ ਬਣੀ ਹੋਈ ਹੈ ਜਿਸ ਅੰਦਰ ਇੱਕੋ ਸਮੇਂ 25000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨ।
ਇਸ ਦਾ ਡਿਜ਼ਾਈਨ ਉਸਤਾਦ ਖਲੀਲ ਨੇ ਤਿਆਰ ਕੀਤਾ ਸੀ ਤੇ ਉਸਾਰੀ ਦੀ ਦੇਖ-ਰੇਖ ਵਜ਼ੀਰ ਸਦਾਉੱਲ੍ਹਾ ਖਾਨ ਅਤੇ ਵਿੱਤ ਮੰਤਰੀ ਫੈਜ਼ਲ ਖਾਨ ਨੇ ਕੀਤੀ ਸੀ। ਸ਼ਾਹ ਜਹਾਂ ਨੇ ਇਸ ਦਾ ਉਦਘਾਟਨ (23 ਜੁਲਾਈ 1656 ਈਸਵੀ) ਕਰਨ ਲਈ ਖਾਸ ਤੌਰ ’ਤੇ ਬੁਖਾਰਾ (ਉਜ਼ਬੇਕਿਸਤਾਨ) ਦੇ ਪ੍ਰਸਿੱਧ ਇਸਲਾਮੀ ਵਿਦਵਾਨ ਸਈਅਦ ਅਬਦੁਲ ਗਫੂਰ ਸ਼ਾਹ ਬੁਖਾਰੀ ਨੂੰ ਬੁਲਾਇਆ ਸੀ ਤੇ ਉਸ ਨੂੰ ਇਸ ਮਸਜਿਦ ਦਾ ਪਹਿਲਾ ਸ਼ਾਹੀ ਇਮਾਮ ਥਾਪਿਆ ਸੀ। ਇਹ ਅਹੁਦਾ ਜੱਦੀ ਹੈ ਤੇ ਹੁਣ ਸ਼ਾਹੀ ਇਮਾਮ ਅਹਿਮਦ ਬੁਖਾਰੀ ਹੈ। ਇਸ ਮਸਜਿਦ ਵਿੱਚ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਪਵਿੱਤਰ ਦਾੜ੍ਹੀ ਦਾ ਇੱਕ ਵਾਲ, ਉਨ੍ਹਾਂ ਦੀਆਂ ਇੱਕ ਜੋੜੀ ਜੁੱਤੀਆਂ, ਸੰਗਮਰਮਰ ਦੇ ਟੁਕੜੇ ’ਤੇ ਲੱਗੇ ਉਹਨਾਂ ਦੇ ਪੈਰ ਚਿੰਨ੍ਹ ਅਤੇ ਉਨ੍ਹਾਂ ਵੱਲੋਂ ਵਰਤੀ ਗਈ ਹਿਰਨ ਦੀ ਖੱਲ ’ਤੇ ਲਿਖੀ ਹੋਈ ਕੁਰਾਨ ਸ਼ਰੀਫ ਸੰਭਾਲ ਕੇ ਰੱਖੀ ਹੋਈ ਹੈ।
ਲਾਲ ਕਿਲਾ (ਦਿੱਲੀ): ਲਾਲ ਕਿਲਾ ਦਿੱਲੀ ਵਿੱਚ ਮੁਗਲ ਬਾਦਸ਼ਾਹਾਂ ਦੀ ਰਿਹਾਇਸ਼ ਦੇ ਤੌਰ ’ਤੇ ਤਿਆਰ ਕਰਵਾਇਆ ਗਿਆ ਸੀ ਕਿਉਂਕਿ ਸ਼ਾਹਜਹਾਂ ਨੇ ਜਨਵਰੀ 1638 ਈਸਵੀ ਨੂੰ ਆਗਰੇ ਦੀ ਬਜਾਏ ਦਿੱਲੀ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਇਸ ਦੀ ਉਸਾਰੀ 12 ਮਈ 1638 ਈਸਵੀ ਨੂੰ ਸ਼ੁਰੂ ਹੋਈ ਤੇ 6 ਅਪਰੈਲ 1648 ਨੂੰ ਮੁਕੰਮਲ ਹੋਈ। ਇਸ ਦਾ ਡਿਜ਼ਾਈਨ ਤਾਜ ਮਹਿਲ ਦੇ ਨਕਸ਼ਾ ਨਵੀਸ ਉਸਤਾਦ ਅਹਿਮਦ ਲਾਹੌਰੀ ਨੇ ਤਿਆਰ ਕੀਤਾ ਸੀ। ਇਸ ਦਾ ਘੇਰਾ 2.41 ਕਿ. ਮੀ. ਅਤੇ ਦੀਵਾਰਾਂ ਦੀ ਉੱਚਾਈ 59 ਫੁੱਟ ਤੋਂ ਲੈ ਕੇ 108 ਫੁੱਟ ਤੱਕ ਹੈ ਤੇ ਦੁਆਲੇ ਸੁਰੱਖਿਆ ਲਈ ਇੱਕ ਖਾਈ ਹੈ।
ਇਸ ਦੇ ਲਾਹੌਰੀ ਤੇ ਦਿੱਲੀ ਦਰਵਾਜ਼ਾ ਨਾਮਕ ਦੋ ਗੇਟ ਹਨ। ਇਸ ਦੇ ਅੰਦਰ ਬਾਦਸ਼ਾਹਾਂ ਦੇ ਨਿੱਜੀ ਰਿਹਾਇਸ਼ (ਖਾਸ ਮਹਿਲ) ਅਤੇ ਹਰਮ (ਰੰਗ ਮਹਿਲ) ਤੋਂ ਇਲਾਵਾ ਹੀਰਾ ਮਹਿਲ, ਦੀਵਾਨੇ ਆਮ, ਦੀਵਾਨੇ ਖਾਸ, ਹਮਾਮ, ਬਾਉਲੀ ਅਤੇ ਮੋਤੀ ਮਸਜਿਦ ਆਦਿ ਬਣੇ ਹੋਏ ਹਨ। ਭਾਰਤ ਵਾਸਤੇ ਇਸ ਦੀ ਅਹਿਮੀਅਤ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ 15 ਅਗਸਤ 1947 ਨੂੰ ਪਹਿਲੀ ਵਾਰ ਤਿਰੰਗਾ ਝੰਡਾ ਇੱਥੇ (ਲਾਹੌਰੀ ਗੇਟ ’ਤੇ) ਫਹਿਰਾਇਆ ਗਿਆ ਸੀ। ਹੁਣ ਵੀ ਹਰ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਲਾਹੌਰੀ ਗੇਟ ’ਤੇ ਹੀ ਝੰਡਾ ਫਹਿਰਾਇਆ ਜਾਂਦਾ ਹੈ ਤੇ ਸਲਾਮੀ ਲਈ ਜਾਂਦੀ ਹੈ।
ਮੋਤੀ ਮਸਜਿਦ (ਆਗਰਾ): ਆਗਰਾ ਦੀ ਮੋਤੀ ਮਸਜਿਦ ਦੀ ਉਸਾਰੀ 1549 ਈਸਵੀ ਵਿੱਚ ਸ਼ੁਰੂ ਹੋ ਕੇ 1653 ਵਿੱਚ ਮੁਕੰਮਲ ਹੋਈ ਸੀ ਤੇ ਇਸ ਦੀ ਉਸਾਰੀ ’ਤੇ ਉਸ ਵੇਲੇ 2 ਲੱਖ 60 ਹਜ਼ਾਰ ਰੁਪਏ ਖਰਚ ਆਇਆ ਸੀ। ਸਫੈਦ ਸੰਗਮਰਮਰ ਦੀ ਇਹ ਦੂਧੀਆ ਮਸਜਿਦ ਚੰਦਰਮਾ ਦੀ ਰੌਸ਼ਨੀ ਵਿੱਚ ਮੋਤੀ ਵਾਂਗ ਚਮਕਦੀ ਹੈ, ਜਿਸ ਕਾਰਨ ਇਸ ਦਾ ਨਾਂਅ ਮੋਤੀ ਮਸਜਿਦ ਰੱਖਿਆ ਗਿਆ ਸੀ। ਇਸ ਦੀ ਲੰਬਾਈ 71.4 ਮੀਟਰ, ਚੌੜਾਈ 57.2 ਮੀਟਰ, ਤਿੰਨ ਵਿਸ਼ਾਲ ਗੁੰਬਦ ਤੇ 12 ਛਤਰੀਆਂ ਹਨ। ਇਹ ਆਗਰਾ ਕਿਲੇ ਦੇ ਅੰਦਰ ਬਣੀ ਹੋਈ ਹੈ ਤੇ ਸਿਰਫ ਸ਼ਾਹੀ ਖਾਨਦਾਨ ਦੇ ਨਮਾਜ਼ ਪੜ੍ਹਨ ਵਾਸਤੇ ਵਰਤੀ ਜਾਂਦੀ ਸੀ।
ਸ਼ਾਹ ਜਹਾਂ ਮਸਜਿਦ (ਥੱਟਾ, ਸਿੰਧ): 1922 ਈਸਵੀ ਵਿੱਚ ਰਾਜਕੁਮਾਰ ਸ਼ਾਹਜਹਾਂ ਨੇ ਆਪਣੇ ਪਿਤਾ ਬਾਦਸ਼ਾਹ ਜਹਾਂਗੀਰ ਦੇ ਖਿਲਾਫ ਬਗਾਵਤ ਕਰ ਦਿੱਤੀ ਸੀ, ਪਰ ਜੰਗ ਵਿੱਚ ਹਾਰ ਜਾਣ ਕਾਰਨ ਉਸ ਨੂੰ ਸਿੰਧ ਦੇ ਸ਼ਹਿਰ ਥੱਟਾ ਵਿੱਚ ਪਨਾਹ ਲੈਣੀ ਪਈ ਸੀ। ਉਹ ਸਿੰਧੀ ਲੋਕਾਂ ਦੀ ਮਹਿਮਾਨ ਨਵਾਜ਼ੀ ਤੋਂ ਐਨਾ ਪ੍ਰਸੰਨ ਹੋਇਆ ਕਿ ਬਾਦਸ਼ਾਹ ਬਣਨ ਤੋਂ ਬਾਅਦ ਉਸ ਨੇ ਥੱਟੇ ਵਿੱਚ ਇਸ ਪ੍ਰਸਿੱਧ ਮਸਜਿਦ ਦੀ ਉਸਾਰੀ ਕਰਵਾਈ। ਬਹੁਤ ਹੈਰਾਨੀਜਨਕ ਗੱਲ ਹੈ ਕਿ ਇਸ ਮਸਜਿਦ ਦੀ ਨਿਰਮਾਣ ਸ਼ੈਲੀ ਸ਼ਾਹਜਹਾਂ ਵੱਲੋਂ ਤਾਮੀਰ ਕਰਵਾਏ ਗਏ ਕਿਸੇ ਵੀ ਸਮਾਰਕ ਨਾਲ ਨਹੀਂ ਮਿਲਦੀ। ਇਸ ਵਿੱਚ ਭਾਰਤੀ- ਇਰਾਨੀ ਸ਼ੈਲੀ ਦੀ ਬਜਾਏ ਮੱਧ ਏਸ਼ੀਆ ਦੀ ਕਲਾ ਵਰਤੀ ਗਈ ਹੈ। ਇਹ ਮੱਧ ਕਾਲੀਨ ਭਾਰਤ ਦੀ ਇੱਕੋ-ਇੱਕੋ ਅਜਿਹੀ ਇਮਾਰਤ ਹੈ
ਜਿਸ ਦੀ ਅੰਦਰੂਨੀ ਅਤੇ ਬਾਹਰੀ ਸਜ਼ਾਵਟ ਲਈ ਨੀਲੀਆਂ, ਹਰੀਆਂ ਤੇ ਜਾਮਨੀ ਆਦਿ ਰੰਗਾਂ ਦੀਆਂ ਚਮਕਦਾਰ ਟਾਈਲਾਂ ਦੀ ਵਰਤੋਂ ਕੀਤੀ ਗਈ ਹੈ। ਇਸ ਮਸਜਿਦ ਦੇ ਨਕਸ਼ਾ ਨਵੀਸ ਅਬਦੁਲ ਗੱਫਾਰ ਤੇ ਅਬਦੁਲ ਸ਼ੇਖ ਤੈਮੂਰ ਲੰਗੜੇ ਦੇ ਮਕਬਰੇ (ਸਮਰਕੰਦ, ਉਜ਼ਬੇਕਿਸਤਾਨ) ਤੋਂ ਬਹੁਤ ਪ੍ਰਭਾਵਿਤ ਸਨ, ਇਸ ਲਈ ਉਨ੍ਹਾਂ ਨੇ ਇਸ ਮਸਜਿਦ ਦਾ ਡਿਜ਼ਾਈਨ ਉਸ ਮੁਤਾਬਕ ਤਿਆਰ ਕੀਤਾ ਸੀ। ਇਸ ਮਸਜਿਦ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਕਿਸੇ ਵੀ ਅੰਦਰੂਨੀ ਹਿੱਸੇ ਵਿੱਚ ਉੱਚੀ ਅਵਾਜ਼ ਵਿੱਚ ਕੀਤੀ ਜਾ ਰਹੀ ਗੱਲ-ਬਾਤ ਸਾਰੀ ਮਸਜਿਦ ਵਿੱਚ ਸੁਣਾਈ ਦੇਂਦੀ ਹੈ। ਇਸ ਦੇ 93 ਗੁੰਬਦ ਹਨ, ਪਰ ਕੋਈ ਵੀ ਮੀਨਾਰ ਨਹੀਂ ਹੈ।
ਜਹਾਂਗੀਰ ਦਾ ਮਕਬਰਾ (ਲਾਹੌਰ): ਜਹਾਂਗੀਰ ਦੀ 28 ਅਕਤੂਬਰ 1627 ਈਸਵੀ ਨੂੰ ਕਸ਼ਮੀਰ ਤੋਂ ਵਾਪਸ ਆਉਂਦੇ ਸਮੇਂ ਭਿੰਬਰ ਵਿਖੇ ਮੌਤ ਹੋ ਗਈ ਸੀ। ਜਹਾਂਗੀਰ ਦੀ ਇੱਛਾ ਮੁਤਾਬਕ ਉਸ ਦੀ ਦੇਹ ਨੂੰ ਉਸ ਦੇ ਪਸੰਦੀਦਾ ਸ਼ਾਹਦਰਾ ਬਾਗ ਲਾਹੌਰ ਵਿਖੇ ਦਫਨਾਇਆ ਗਿਆ ਸੀ, ਜਿੱਥੇ ਸ਼ਾਹਜਹਾਂ ਨੇ ਬਾਦਸ਼ਾਹ ਬਣਨ ਤੋਂ ਬਾਅਦ ਉਸ ਦਾ ਸ਼ਾਨਦਾਰ ਮਕਬਰਾ ਤਿਆਰ ਕਰਵਾਇਆ। ਇਹ ਵਿਸ਼ਾਲ ਮਕਬਰਾ ਆਪਣੀ ਮੀਨਾਕਾਰੀ, ਚਿੱਤਰਕਾਰੀ ਤੇ ਪੱਚੀਕਾਰੀ ਲਈ ਬਹੁਤ ਪ੍ਰਸਿੱਧ ਹੈ।
ਜਹਾਂਗੀਰ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਹੁਕਮ ਕੀਤਾ ਸੀ ਕਿ ਸੁੰਨੀ ਰਵਾਇਤਾਂ ਅਨੁਸਾਰ ਉਸ ਦੇ ਮਕਬਰੇ ਦੇ ਉੱਪਰ ਗੁੰਬਦ ਨਾ ਬਣਾਏ ਜਾਣ। ਇਸ ਕਾਰਨ ਇਹ ਇਮਾਰਤ ਇੱਕ ਮੰਜ਼ਿਲਾ ਹੈ ਤੇ ਇਸ ਦੇ ਚਾਰ ਸ਼ਾਨਦਾਰ ਮੀਨਾਰ ਹਨ। ਇਸ ਦੀ ਉਸਾਰੀ ’ਤੇ ਦਸ ਲੱਖ ਰੁਪਏ ਖਰਚ ਆਏ ਸਨ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ,
ਪੰਡੋਰੀ ਸਿੱਧਵਾਂ
ਮੋ. 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ