cricketer rohit sharma ਦੇ ਨਾਂਅ ਜੁੜਣਗੇ ਦੋ ਅਨੋਖੇ ਰਿਕਾਰਡ
ਅਸਟਰੇਲੀਆ ਵਿੱਚ ਆਗਾਮੀ 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕਿ੍ਰਕਟ ਕੱਪ ਵਿੱਚ ਭਾਰਤ ਦੇ ਸਲਾਮੀ ਬੱਲੇਬਾਜ਼ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਨਾਂਅ ਦੋ ਅਨੋਖੇ ਰਿਕਾਰਡ ਜੁੜਨ ਜਾ ਰਹੇ ਹਨ। ਰੋਹਿਤ ਸ਼ਰਮਾ ਦਾ ਇਹ ਅੱਠਵਾਂ ਟੀ-20 ਵਿਸ਼ਵ ਕਿ੍ਰਕਟ ਕੱਪ ਹੋਵੇਗਾ। ਰੋਹਿਤ ਸ਼ਰਮਾ ਸਾਲ 2007 ਤੋਂ 2021 ਤੱਕ ਹੋਏ ਸੱਤ ਟੀ-20 ਵਿਸ਼ਵ ਕਿ੍ਰਕਟ ਕੱਪਾਂ ਵਿੱਚ ਭਾਰਤੀ ਟੀਮ ਦੇ ਮੈਂਬਰ ਰਹੇ ਹਨ। ਇਹ ਵਿਸ਼ਵ ਕੱਪ ਖੇਡਣ ਤੋਂ ਬਾਅਦ ਉਹ ਅੱਠ ਟੀ-20 ਵਿਸ਼ਵ ਕੱਪ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਜਾਣਗੇ।
ਇਸ ਦੇ ਨਾਲ ਹੀ ਉਹ ਇਸ ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਖੇਡਣ ਵਾਲੇ ਸਭ ਤੋਂ ਵੱਡੀ ਉਮਰ ਦੇ ਕਪਤਾਨ ਵੀ ਹੋਣਗੇ। ਇਸ ਕੱਪ ਵਿੱਚ ਹਿੱਸਾ ਲੈਂਦਿਆਂ ਰੋਹਿਤ ਸ਼ਰਮਾ ਦੀ ਉਮਰ ਕਰੀਬ ਸਾਢੇ 35 ਸਾਲ ਹੋਵੇਗੀ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਿੰਦਰ ਸਿੰਘ ਧੋਨੀ ਦੇ ਨਾਂਅ ਸੀ। 2016 ਦੇ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਦੀ ਉਮਰ ਉਸ ਸਮੇਂ 34 ਸਾਲ 9 ਮਹੀਨੇ ਸੀ।
ਉੱਥੇ ਹੀ ਅਸਟਰੇਲੀਆ ਵਿੱਚ ਟੀ-20 ਵਿਸ਼ਵ ਕਿ੍ਰਕਟ ਕੱਪ ਖੇਡਣ ਜਾ ਰਹੀ ਟੀਮ ਇੰਡੀਆ ਵਿੱਚ ਪੰਜ ਖਿਡਾਰੀ ਅਜਿਹੇ ਵੀ ਹਨ ਜੋ ਪਹਿਲੀ ਵਾਰ ਟੀ-20 ਵਿਸ਼ਵ ਕਿ੍ਰਕਟ ਕੱਪ ਵਿੱਚ ਹਿੱਸਾ ਲੈਣਗੇ। ਟੀ-20 ਵਿਸ਼ਵ ਕਿ੍ਰਕਟ ਕੱਪ ਵਿੱਚ ਹਿੱਸਾ ਲੈਣ ਵਾਲੀ ਇਸ ਭਾਰਤੀ ਟੀਮ ਵਿੱਚ ਅਨੁਭਵੀ ਖਿਡਾਰੀਆਂ ਦੀ ਵੀ ਕਮੀ ਨਹੀਂ ਹੈ। ਟੀਮ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ ਵੀ ਟੀ-20 ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ। ਇਹ ਦੋਵੇਂ ਖਿਡਾਰੀ 2007 ਵਿੱਚ ਪਹਿਲਾ ਟੀ-20 ਵਿਸ਼ਵ ਕਿ੍ਰਕਟ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ।
ਅਸਟਰੇਲੀਆ ਵਿਖੇ ਹੋਣ ਵਾਲੇ ਇਸ ਕਿ੍ਰਕਟ ਕੱਪ ਲਈ ਚੁਣੀ ਗਈ 15 ਮੈਂਬਰੀ ਭਾਰਤੀ ਟੀਮ ਵਿੱਚ 10 ਅਜਿਹੇ ਕ੍ਰਿਕਟਰ ਹਨ ਜੋ ਪਹਿਲਾਂ ਵੀ ਟੀ-20 ਵਿਸ਼ਵ ਕਿ੍ਰਕਟ ਕੱਪ ਖੇਡ ਚੁੱਕੇ ਹਨ। ਪੰਜ ਕ੍ਰਿਕਟਰਾਂ ਦੀਪਕ ਹੁੱਡਾ, ਯੁਜਵਿੰਦਰ ਚਾਹਲ, ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਤੇ ਹਰਸ਼ਲ ਪਟੇਲ ਲਈ ਇਹ ਪਹਿਲਾ ਟੀ-20 ਵਿਸ਼ਵ ਕਿ੍ਰਕਟ ਕੱਪ ਹੋਵੇਗਾ।
ਇਸ ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ ਸਭ ਤੋਂ ਵੱਧ ਅਨੁਭਵੀ ਖਿਡਾਰੀ ਹਨ। ਉਸ ਨੇ ਪਹਿਲਾਂ ਸੱਤ ਵਿਸ਼ਵ ਕੱਪਾਂ ਵਿੱਚ 33 ਮੈਚ ਖੇਡੇ ਹਨ। ਜੋ ਕਿ ਸਭ ਤੋਂ ਵੱਧ ਹਨ। ਇਨ੍ਹਾਂ ਮੈਚਾਂ ਵਿਚ ਉਸ ਨੇ ਅੱਠ ਅਰਧ ਸੈਂਕੜਿਆਂ ਦੀ ਮੱਦਦ ਨਾਲ 847 ਦੌੜਾਂ ਬਣਾਈਆਂ ਹਨ। ਜਿਸ ਵਿੱਚ ਨਾਬਾਦ 79 ਦੌੜਾਂ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਹੈ।
ਟੀਮ ਇੰਡੀਆ ਵਿੱਚ 7 ਕ੍ਰਿਕਟਰ ਅਜਿਹੇ ਸ਼ਾਮਲ ਹਨ ਜੋ ਤਿੰਨ ਜਾਂ ਇਸ ਤੋਂ ਜ਼ਿਆਦਾ ਵਾਰ ਟੀ-20 ਵਿਸ਼ਵ ਕਿ੍ਰਕਟ ਕੱਪ ਖੇਡ ਚੁੱਕੇ ਹਨ। ਉਪ ਕਪਤਾਨ ਕੇ. ਐਲ. ਰਾਹੁਲ, ਸੂਰਿਆ ਕੁਮਾਰ ਯਾਦਵ ਅਤੇ ਰਿਸ਼ਭ ਪੰਤ ਹੀ ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਨੇ ਹੁਣ ਤੱਕ ਸਿਰਫ਼ ਸਾਲ 2021 ਦਾ ਵਿਸ਼ਵ ਕਿ੍ਰਕਟ ਕੱਪ ਹੀ ਖੇਡਿਆ ਹੈ। ਰੋਹਿਤ ਸਰਮਾ ਤੋਂ ਇਲਾਵਾ ਵਿਰਾਟ ਕੋਹਲੀ (2012, 2014, 2016, 2021) ਅਤੇ ਭਾਰਤੀ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਚਾਰ (2012, 2014, 2016, 2021), ਦਿਨੇਸ਼ ਕਾਰਤਿਕ ਨੇ ਤਿੰਨ (2007, 2009, 2010) ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਨੇ (2014,2021), ਜਸਪ੍ਰੀਤ ਬੁਮਰਾਹ ਨੇ (2016, 2021) ਅਤੇ ਹਾਰਦਿਕ ਪਾਂਡੀਆ (2016, 2021) ਨੇ ਦੋ-ਦੋ ਵਾਰ ਟੀ-20 ਵਿਸ਼ਵ ਕਿ੍ਰਕੇਟ ਕੱਪ ਖੇਡੇ ਹਨ।
ਇਸ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਪੁਰਾਣੇ ਅਤੇ ਨਵੇ ਖਿਡਾਰੀਆਂ ਦਾ ਵਧੀਆ ਮਿਸ਼ਰਨ ਵੇਖਣ ਨੂੰ ਮਿਲ ਰਿਹਾ ਹੈ। 37 ਸਾਲਾ ਦਿਨੇਸ਼ ਕਾਰਤਿਕ ਭਾਰਤੀ ਟੀਮ ਦੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਹੋਣਗੇ ਜਦੋਕਿ ਅਰਸ਼ਦੀਪ ਸਿੰਘ (23) ਸਭ ਤੋਂ ਨੌਜਵਾਨ ਖਿਡਾਰੀ ਹਨ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਭਾਰਤ ਦੀ ਚੌਥੀ ਸਭ ਤੋਂ ਬਜ਼ੁਰਗ ਟੀਮ ਹੋਵੇਗੀ। ਇਸ ਤੋਂ ਪਹਿਲਾਂ ਸਾਲ 2016 ਵਿੱਚ ਟੀ-20 ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਦੀ ਔਸਤ ਉਮਰ 34 ਸਾਲ,2014 ਅਤੇ ਸਾਲ 2021 ਵਿੱਚ ਭਾਰਤੀ ਟੀਮ ਦੀ ਔਸਤ ਉਮਰ 32 ਸਾਲ ਸੀ। ਇਸ ਵਾਰ ਦੇ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀ ਭਾਰਤੀ ਟੀਮ ਦੀ ਔਸਤ ਉਮਰ 31 ਸਾਲ 10 ਦਿਨ ਹੈ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ