ਇੱਕ ਵਕੀਲ ਕਦੇ-ਕਦੇ ਸਤਿਸੰਗ ਸੁਣਨ ਜਾਂਦਾ ਸੀ। ਉਸ ਦਾ ਸੱਤ ਸਾਲ ਦਾ ਬੱਚਾ ਵੀ ਨਾਲ ਜਾਂਦਾ ਸੀ ਉੱਥੇ ਇੱਕ ਆਦਮੀ ਨੇ ਇੱਕ ਵਾਰ ਗਾਇਆ ‘‘ਕੌੜੇ ਬੋਲ ਨਾ ਬੋਲ ਰੇ ਭਾਈ’’ ਬੱਚੇ ਨੂੰ ਇਹ ਗੀਤ ਬਹੁਤ ਵਧੀਆ ਲੱਗਾ ਉਸ ਨੇ ਯਾਦ ਕਰ ਲਿਆ। ਜਦੋਂ ਕਦੇ ਉਸ ਨੂੰ ਸਮਾਂ ਮਿਲਦਾ, ਉਹ ਇਸ ਗੀਤ ਨੂੰ ਗਾਉਦਾ ਰਹਿੰਦਾ ।
ਇੱਕ ਦਿਨ ਵਕੀਲ ਤੇ ਉਸ ਦੀ ਪਤਨੀ ਦਰਮਿਆਨ ਝਗੜਾ ਹੋ ਗਿਆ ਕਈ ਦਿਨ ਇੱਕ-ਦੂਜੇ ਨਾਲ ਰੁੱਸੇ ਰਹੇ ਪਰ ਪਤੀ-ਪਤਨੀ ਕਦੋਂ ਤੱਕ ਰੁੱਸੇ ਰਹਿੰਦੇ ਦੋਵੇਂ ਚਾਹੁੰਦੇ ਸਨ ਕਿ ਉਹ ਮੰਨ ਜਾਣ ਪਰੰਤੂ ਦੋਵਾਂ ਦੀ ਇਹ ਇੱਛਾ ਸੀ ਕਿ ਪਹਿਲ ਦੂਜਾ ਕਰੇ ਇੱਕ ਦਿਨ ਵਕੀਲ ਦਫ਼ਤਰੋਂ ਆਇਆ ਤਾਂ ਉਸ ਦਾ ਲੜਕਾ ਕਮਰੇ ’ਚ ਆਇਆ ਤੇ ਗਾਉਣਾ ਸ਼ੁਰੂ ਕਰ ਦਿੱਤਾ, ‘‘ਕੌੜੇ ਬੋਲ ਨਾ ਬੋਲ!’’ ਵਕੀਲ ਦੇ ਦਿਲ ’ਚ ਇੱਕ ਉਮੀਦ ਜਾਗ ਪਈ ਬੱਚੇ ਨੂੰ ਕਿਹਾ, ‘‘ਬੇਟਾ, ਆਪਣੀ ਮਾਂ ਨੂੰ ਜਾ ਕੇ ਸੁਣਾ’’ ਬੱਚਾ ਮਾਂ ਦੇ ਕਮਰੇ ’ਚ ਗਿਆ ਤੇ ਉਹੀ ਗੀਤ ਗਾਇਆ ਮਾਂ ਨੇ ਕਿਹਾ, ‘‘ਇੱਥੇ ਕੀ ਗਾਉਦਾ ਹੈਂ, ਜਾ ਆਪਣੇ ਪਿਓ ਦੇ ਕਮਰੇ ’ਚ ਜਾ ਕੇ ਗਾ’’ ਬੱਚੇ ਨੇ ਫਿਰ ਪਿਤਾ ਜੀ ਦੇ ਕਮਰੇ ’ਚ ਜਾ ਕੇ ਗੀਤ ਗਾਇਆ ਪਿਤਾ ਨੇ ਕਿਹਾ, ‘‘ਭਾਈ, ਤੈਨੂੰ ਤੇਰੀ ਮਾਂ ਦੇ ਕਮਰੇ ’ਚ ਜਾ ਕੇ ਗਾਉਣ ਲਈ ਕਿਹਾ ਸੀ ਜਾ ਉੱਥੇ ਹੀ ਜਾ ਕੇ ਗਾ’’ ਲੜਕਾ ਮਾਂ ਦੇ ਕਮਰੇ ’ਚ ਗਿਆ ਤੇ ਮਾਂ ਨੇ ਵੀ ਉਹੀ ਪਿਤਾ ਜੀ ਵਾਲੀ ਗੱਲ ਆਖੀ ਬੱਚੇ ਨੇ ਦੋਵਾਂ ਕਮਰਿਆਂ ਦੇ ਵਿਚਕਾਰ ਜਾ ਕੇ ਕਿਹਾ, ‘‘ਮੈਂ ਹੁਣ ਇੱਥੇ ਖੜ੍ਹਾ ਹੋ ਕੇ ਗਾਵਾਂਗਾ’’ ਤੇ ਗਾਉਣ ਲੱਗਾ ਮਾਂ-ਪਿਓ ਦੋਵਾਂ ਨੇ ਬੱਚੇ ਦੀ ਭੋਲ਼ੀ ਬੋਲੀ ਸੁਣੀ ਦੋਵੇਂ ਹੱਸ ਪਏ ਹਾਸੇ ਨਾਲ ਗੁੱਸੇ ਦੀ ਕੰਧ ਢਹਿ ਗਈ ਦੋਵੇਂ ਬੱਚੇ ਦੇ ਕੋਲ ਆਏ ਤੇ ਹੱਸਦੇ ਹੋਏ ਬੋਲੇ, ‘‘ਕੌੜੇ ਬੋਲ ਨਾ ਬੋਲ…’’ ਘਰ ’ਚ ਹਾਸਿਆਂ ਦੀ ਛਹਿਬਰ ਲੱਗ ਗਈ, ਗੁੱਸੇ ਦੇ ਬੱਦਲ ਉੱਡ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ