ਮਹਾਰਾਣੀ ਦੀ ਸਿਆਸੀ ਸਮਝ

Queen Elizabeth II

ਮਹਾਰਾਣੀ ਦੀ ਸਿਆਸੀ ਸਮਝ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ 96 ਸਾਲਾਂ ਦੀ ਉਮਰ ਭੋਗ ਕੇ ਇਸ ਜਹਾਨ ਤੋਂ ਰੁਖਸਤ ਹੋ ਗਏ ਦੇਸ਼ ਅੰਦਰ ਸੀਮਤ ਰਾਜਸ਼ਾਹੀ ਦੇ ਬਾਵਜੂਦ ਐਲਿਜ਼ਾਬੇਥ ਨੇ ਸੱਤ ਦਹਾਕਿਆਂ ਦੇ ਸ਼ਾਸਨ ਦੌਰਾਨ ਰਾਜਤੰਤਰ ਤੇ ਲੋਕਤੰਤਰ ਦੇ ਸੁਮੇਲ ਦੀ ਇੱਕ ਮਿਸਾਲ ਪੇਸ਼ ਕੀਤੀ ਹੈ ਇਹ ਗੱਲ ਮਹਾਰਾਣੀ ਦੀ ਸਿਆਸੀ ਸਿਧਾਂਤਾਂ ਦੀ ਸੂਝ ਦੀ ਨਿਸ਼ਾਨੀ ਹੈ ਕਿ ਉਹਨਾਂ ਰਾਜਸ਼ਾਹੀ ਨੂੰ ‘ਰਾਜ ਪਰਿਵਾਰ’ ਦਾ ਨਾਂਅ ਦੇ ਕੇ ਲੋਕਤੰਤਰ ਦੇ ਰਾਹ ਨੂੰ ਮੋਕਲਾ ਕੀਤਾ ਰਾਜ ਪਰਿਵਾਰ ਨੇ ਸੰਸਦੀ ਲੋਕਤੰਤਰ ਦੇ ਰਸਤੇ ’ਚ ਕੋਈ ਅੜਿੱਕੇ ਪੈਦਾ ਨਹੀਂ ਕੀਤੇ ਸਗੋਂ ਸੰਸਦੀ ਸਰਕਾਰ ਨੂੰ ਖੁਦਮੁਖਤਿਆਰ ਸਰਕਾਰ ਵਾਂਗ ਹੀ ਕੰਮ ਕਰਨ ਦਿੱਤਾ ਲੋਕਤੰਤਰੀ ਮੁਲਕਾਂ ਦੇ ਵਾਸੀ ਜਦੋਂ ਇੰਗਲੈਂਡ ਘੁੰਮਣ ਜਾਂਦੇ ਹਨ ਤਾਂ ਇਸ ਗੱਲ ਦਾ ਜ਼ਰਾ ਜਿੰਨਾ ਵੀ ਅਹਿਸਾਸ ਨਹੀਂ ਹੁੰਦਾ ਕਿ ਇੱਥੇ ਅਜ਼ਾਦ ਲੋਕਤੰਤਰ ਨਹੀਂ ਹੈ

ਰਾਜਵੰਸ਼ ਇੱਕ ਵਿਰਾਸਤ ਵਾਂਗ ਖਿੱਚ ਦਾ ਕੇਂਦਰ ਜ਼ਰੂਰ ਹੈ ਪਰ ਜਨਤਾ ਦੀ ਸੇਵਾ ਲਈ ਲੋਕਾਂ ਦੀ ਚੁਣੀ ਹੋਈ ਸਰਕਾਰ ਸ਼ਾਨਦਾਰ ਢੰਗ ਨਾਲ ਕੰਮ ਕਰ ਰਹੀ ਹੈ ਇਹੀ ਕਾਰਨ ਹੈ ਇੰਗਲੈਂਡ ਦੀ ਅਰਥਵਿਵਸਥਾ ਦੁਨੀਆ ਦੀਆਂ ਮੋਹਰੀ ਅਰਥਵਿਸਵਥਾਵਾਂ ’ਚੋਂ ਇੱਕ ਹੈ ਲੋਕਤੰਤਰ ਪ੍ਰਤੀ ਸਨਮਾਨ ਦੀ ਭਾਵਨਾ ਦਾ ਹੀ ਨਤੀਜਾ ਹੈ ਕਿ ਇੰਗਲੈਂਡ ਦੇ ਮੂਲ ਬਾਸ਼ਿੰਦਿਆਂ ਲਈ ਰਾਜ ਪਰਿਵਾਰ ਆਈਕਾਨ ਵਾਂਗ ਹੈ

ਦੁਨੀਆ ਦੇ ਬਹੁਤੇ ਮੁਲਕ ਅਜ਼ਾਦ ਲੋਕਤੰਤਰ ਹੋਣ ਦੇ ਬਾਵਜੂੂਦ ਪੱਛੜ ਰਹੇ ਹਨ ਪਰ ਇੰਗਲੈਂਡ ’ਚ ਰਾਜਤੰਤਰ ਦੀ ਅਧੀਨਗੀ ’ਚ ਰਹਿ ਕੇ ਵੀ ਲੋਕਤੰਤਰ ਅੱਗੇ ਵਧ ਰਿਹਾ ਹੈ ਐਲਿਜ਼ਾਬੇਥ ਨੇ ਆਪਣੇ ਵਿਚਾਰਾਂ ਨਾਲ ਵੀ ਦੁਨੀਆ ਨੂੰ ਕਾਇਲ ਕੀਤਾ ਹੈ ਜਲ੍ਹਿਆ ਵਾਲਾ ਬਾਗ ਦੇ ਸਾਕੇ ਨਾਲ ਅੰਗਰੇਜਾਂ ਦੇ ਮੱਥੇ ’ਤੇ ਕਲੰਕ ਲੱਗਿਆ ਸੀ ਮਹਾਰਾਣੀ ਨੇ ਆਪਣੇ ਭਾਰਤ ਦੌਰੇ ਦੌਰਾਨ ਜਲ੍ਹਿਆ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਭਾਰਤੀਆਂ ਦੇ ਦਿਲਾਂ ’ਚ ਪੈਦਾ ਹੋਈ ਕੁੜੱਤਣ ਕਾਫ਼ੀ ਹੱਦ ਤੱਕ ਘਟਾਉਣ ਦੀ ਕੋਸ਼ਿਸ਼ ਕੀਤੀ ਰਾਸ਼ਟਰਮੰਡਲ ਰਾਹੀਂ ਐਲਿਜ਼ਾਬੇਥ ਨੇ ਅੰਗਰੇਜ਼ੀ ਸਾਮਰਾਜ ਦੇ ਕਰੂਪ ਮੁਹਾਂਦਰੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ

ਮਹਾਰਾਣੀ ਦੀ ਸ਼ਖਸੀਅਤ ਤੇ ਦ੍ਰਿਸ਼ਟੀਕੋਣ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਅੰਗਰੇਜ਼ੀ ਸਾਮਰਾਜ ਤੋਂ ਅਜ਼ਾਦ ਹੋਏ ਮੁਲਕਾਂ ਨਾਲ ਚੰਗੇ ਸਬੰਧ ਬਣਾਉਣ ’ਚ ਹਮੇਸ਼ਾ ਦਿਲਚਸਪੀ ਵਿਖਾਈ ਦੁਸ਼ਮਣ ਵੱਲ ਦੋਸਤੀ ਦਾ ਹੱਥ ਵਧਾਉਣਾ ਵੀ ਉਹਨਾਂ ਦੀ ਸ਼ਖ਼ਸੀ ਖੂੁਬੀ ਦੇ ਨਾਲ-ਨਾਲ ਇੰਗਲੈਂਡ ਦੀ ਬਿਹਤਰੀ ਲਈ ਇੱਕ ਸਫ਼ਲ ਕੂਟਨੀਤਿਕ ਕਦਮ ਸੀ ਮਹਾਰਾਣੀ ਨੇ ਆਇਰਸ਼ ਰਿਪਬਲਿਕ ਆਰਮੀ ਦੇੇ ਉਸ ਮੁਖੀ ਮੈਕੀਗਨਸ ਨਾਲ ਵੀ ਹੱਥ ਮਿਲਾਇਆ ਜੋ ਬਰਤਾਨੀਆਂ ਦਾ ਸਖਤ ਵਿਰੋਧੀ ਸੀ ਇਸੇ ਆਰਮੀ ਨੇ ਮਹਾਰਾਣੀ ਦੇ ਚਚੇਰੇ ਭਰਾ ਦਾ ਕਤਲ ਵੀ ਕੀਤਾ ਸੀ ਬਦਲਾ ਲੈਣ ਦੀ ਬਜਾਇ ਮਾਫ ਕਰ ਦੇਣ ਵਰਗੀ ਮਿਸਾਲ ਵੀ ਮਹਾਰਾਣੀ ਦੀ ਖਾਸੀਅਤ ਸੀ

ਐਲਿਜ਼ਾਬੇਥ ਨੇ ਸੱਤ ਦਹਾਕਿਆਂ ਦੇ ਸ਼ਾਸਨ ’ਚ 15 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਮਾਰਗ੍ਰੇਟ ਥੈਚਰ ਸਮੇਤ ਇੱਕ-ਦੋ ਪ੍ਰਧਾਨ ਮੰਤਰੀਆਂ ਨਾਲ ਉਨ੍ਹਾਂ ਦੇ ਮਾਮੂਲੀ ਮੱਤਭੇਦ ਰਹੇ ਪਰ ਕਿਧਰੇ ਟਕਰਾਅ ਨਹੀਂ ਹੋਇਆ ਮੁੱਕਦੀ ਗੱਲ ਇਹ ਹੈ ਕਿ ਜਿਸ ਵੇਲੇ ਅੰਗਰੇਜ਼ੀ ਸਾਮਰਾਜ ਸਿਮਟ ਰਿਹਾ ਸੀ ਤੇ ਨਾਲ ਹੀ ਰਾਜਤੰਤਰ ਪ੍ਰਣਾਲੀ ਦਾ ਸੂਰਜ ਵੀ ਡੁੱਬ ਰਿਹਾ ਸੀ ਉਸ ਸਮੇਂ ਇੱਕ ਰਾਜ ਪਰਿਵਾਰ ਦਾ ਪੂਰੇ ਦੇਸ਼ ਅੰਦਰ ਮਾਣ-ਸਨਮਾਨ ਕਾਇਮ ਰਹਿਣਾ ਇੱਕ ਅਜ਼ੂਬੇ ਵਾਂਗ ਹੈ ਜਿਸ ਪਿੱਛੇ ਵੱਡਾ ਯੋਗਦਾਨ ਐਲਿਜ਼ਾਬੈਥ ਦੀ ਵਿਚਾਰਧਾਰਾ, ਚਰਿੱਤਰ ਤੇ ਹੋਰਨਾ ਮੁਲਕਾਂ ਪ੍ਰਤੀ ਸਕਾਰਾਤਮਕ ਨਜ਼ਰੀਏ ਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ