ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਮੰਗ
- ਮੁੱਢਲੀ ਯੋਗਤਾ ਪਹਿਲਾਂ ਵਾਂਗ 10 +2 ਅਤੇ ਈ .ਟੀ ਟੀ. ਪਾਸ ਕੀਤੀ ਜਾਵੇ
ਫਰੀਦਕੋਟ, (ਸੁਭਾਸ਼ ਸ਼ਰਮਾ)। ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀ ਭਰਤੀ ਲਈ ਸਾਲ 2018 ਦੌਰਾਨ ਲੋੜੀੰਦੀ ਵਿੱਦਿਅਕ ਯੋਗਤਾ ਅਤੇ ਪੇਸ਼ਾਵਰ ਯੋਗਤਾ ਲਈ ਨਵੇਂ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ । ਇਸ ਨੋਟੀਫਿਕੇਸ਼ਨ ਅਨੁਸਾਰ ਈ.ਟੀ.ਟੀ. ਅਧਿਆਪਕ ਲਈ ਲੋੜੀਂਦੀ ਯੋਗਤਾ ਗ੍ਰੈਜੂਏਸ਼ਨ ਅਤੇ ਈ.ਟੀ.ਟੀ. ਪਾਸ (ETT Teachers ) ਨਿਰਧਾਰਤ ਕੀਤੀ ਗਈ ਸੀ ।
10 +2 ਜਮਾਤ ਨਾਲ ਪਹਿਲਾਂ ਈਟੀਟੀ ਪਾਸ ਕਰ ਚੁੱਕੇ ਬੇਰੁਜ਼ਗਾਰ ਅਧਿਆਪਕ ਆਪਣਾ ਰੁਜ਼ਗਾਰ ਲੈਣ ਦੀ ਖਾਤਰ ਪਿਛਲੇ ਕਾਫ਼ੀ ਸਾਲਾਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ ਦੇ ਲਮਕ ਅਵਸਥਾ ਵਿੱਚ ਪਏ ਮਸਲੇ ਦਾ ਹੱਲ ਕਰਦਿਆਂ ਪਿਛਲੇ ਦਿਨੀਂ ਪੰਜਾਬ ਮੰਤਰੀ ਮੰਡਲ ਵੱਲੋਂ 27 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ (ਵਨ ਟਾਈਮ ਮਈਅਰ) ਇੱਕ ਵਾਰ ਮੌਕਾ ਦਿੰਦੇ ਹੋਏ 5994 ਈ ਟੀ ਟੀ ਅਧਿਆਪਕਾਂ ਦੀ ਭਰਤੀ ਲਈ ਜਾਰੀ ਹੋਏ ਇਸ਼ਤਿਹਾਰ ਵਿੱਚ ਅਪਲਾਈ ਕਰਨ ਦਾ ਮੌਕਾ ਦੇ ਦਿੱਤਾ ਹੈ। (ETT Teachers )
ਮਿਤੀ 29 ਅਗਸਤ 2022 ਨੁੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿੱਦਿਅਕ ਸੈਸ਼ਨ 2022 -24 ਲਈ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ (D.EL.ED.) ਲਈ ਦਾਖ਼ਲੇ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਮੁੱਢਲੀ ਯੋਗਤਾ 10+2 ਤੇੈਅ ਕੀਤੀ ਗਈ ਹੈ। ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਸੂਬਾ ਸਲਾਹਕਾਰ ਬਲਕਾਰ ਵਲਟੋਹਾ ਤੇ ਪ੍ਰੇਮ ਚਾਵਲਾ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀ ਭਰਤੀ ਸਬੰਧੀ ਸਾਲ 2018 ਵਿੱਚ ਬਣਾਏ ਗਏ ਨਿਯਮਾਂ ਵਿੱਚ ਸੋਧ ਕਰਕੇ ਈਟੀਟੀ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਮੁੱਢਲੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਦੀ ਬਜਾਏ ਪਹਿਲਾਂ ਵਾਂਗ 10 +2 ਅਤੇ ਪੇਸ਼ਾਵਰ ਯੋਗਤਾ ਈਟੀ.ਟੀ ਪਾਸ ਕੀਤੀ ਜਾਵੇ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਗ਼ਰੀਬ ਘਰਾਂ ਦੇ ਬੱਚੇ ਇਹ ਯੋਗਤਾ ਹਾਸਲ ਕਰਨ ਉਪਰੰਤ ਪੰਜਾਬ ਵਿੱਚ ਹੀ ਰਹਿ ਕੇ ਸਿੱਖਿਆ ਵਰਗੇ ਮਹੱਤਵਪੂਰਨ ਕਾਰਜ ਵਿੱਚ ਸ਼ਾਮਲ ਹੁੰਦੇ ਹੋਏ ਅਧਿਆਪਨ ਕਿੱਤੇ ਦੀ ਸੇਵਾ ਕਰ ਸਕਣ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ