ਬਿਹਾਰ ’ਚ ਭਾਜਪਾ ਤੇ ਜੇਡੀਯੂ ਗਠਜੋੜ ’ਚ ਦਰਾਰ, ਕਿਸੇ ਵੇਲੇ ਵੀ ਟੁੱਟ ਸਕਦਾ ਹੈ ਗਠਜੋੜ
ਪਟਨਾ (ਸੱਚ ਕਹੂੰ ਬਿਊਰੋ)। ਬਿਹਾਰ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਉਥਲ-ਪੁਥਲ ਦੇ ਸੰਕੇਤ ਮਿਲ ਰਹੇ ਹਨ। ਭਾਜਪਾ ਅਤੇ ਜਨਤਾ ਦਲ ਵਿਚਾਲੇ ਟਕਰਾਅ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ-ਜਨਤਾ ਦਲ ਗਠਜੋੜ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਨਿਤੀਸ਼ ਕੁਮਾਰ 11 ਅਗਸਤ ਨੂੰ ਭਾਜਪਾ ਤੋਂ ਵੱਖ ਹੋ ਸਕਦੇ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਐਮ ਨਿਤੀਸ਼ ਕੁਮਾਰ ਬਿਹਾਰ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਸਿਨਹਾ ਨੂੰ ਹਟਾਉਣਾ ਚਾਹੁੰਦੇ ਹਨ ਪਰ ਭਾਜਪਾ ਇਸ ਨਾਲ ਸਹਿਮਤ ਨਹੀਂ ਹੈ। ਦੂਜੇ ਪਾਸੇ ਨਿਤੀਸ਼ ਕੁਮਾਰ ਆਪਣੀ ਕੈਬਨਿਟ ਵਿੱਚ ਭਾਜਪਾ ਦੇ ਮੰਤਰੀਆਂ ਦੀ ਚੋਣ ਵਿੱਚ ਦਖ਼ਲ ਚਾਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨਿਤੀਸ਼ ਕੁਮਾਰ ਨੇ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਜੇਡੀਯੂ ਆਗੂ ਆਰਸੀਪੀ ਸਿੰਘ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਿੰਘ ਦਾ ਰਾਜ ਸਭਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਜੇਡੀਯੂ ਕੋਟੇ ਤੋਂ ਕੇਂਦਰੀ ਮੰਤਰੀ ਮੰਡਲ ’ਚ ਇਕਲੌਤੇ ਚਿਹਰੇ ਦੀ ਪਾਰੀ ਖਤਮ ਹੋ ਗਈ ਸੀ। ਇਸ ਤੋਂ ਬਾਅਦ ਸਿਆਸੀ ਹਲਕਿਆਂ ’ਚ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਹੁਣ ਜੇਡੀਯੂ ਦੇ ਕੁਝ ਆਗੂ ਨਵੇਂ ਸਿਰੇ ਤੋਂ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਹੋ ਸਕਦੇ ਹਨ ਪਰ ਹੁਣ ਜੇਡੀਯੂ ਨੇ ਫੈਸਲਾ ਕੀਤਾ ਹੈ ਕਿ ਉਸ ਨੂੰ ਕੇਂਦਰੀ ਮੰਤਰੀ ਮੰਡਲ ’ਚ ਨੁਮਾਇੰਦਗੀ ਨਹੀਂ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ