ਰਾਘਵ ਚੱਢਾ ਪੰਜਾਬੀਆਂ ਅਨੁਸਾਰ ਚੁੱਕਣਗੇ ਰਾਜ ਸਭਾ ਵਿੱਚ ਮੁੱਦੇ, ਪੰਜਾਬੀਆਂ ਤੋਂ ਕੀਤੀ ਮੁੱਦੇ ਭੇਜਣ ਦੀ ਅਪੀਲ
- 3 ਕਰੋੜ ਪੰਜਾਬੀ ਖੁਦ ਰੱਖਣ ਸੰਸਦ ਵਿੱਚ ਆਪਣੀ ਗੱਲ, ਮੈਂ ਸਿਰਫ ਜਰੀਆ ਬਣਾਂਗਾ: ਰਾਘਵ ਚੱਢਾ
- ਮੈਂ ਲੋਕਾਂ ਦੇ ਹਰ ਮਸਲੇ ਦਾ ਹੱਲ ਕਰਦਾ ਰਹਾਂਗਾ, ਉਹਨਾਂ ਦੇ ਹਰ ਸੁਝਾਅ ਨੂੰ ਆਪਣੇ ਏਜੰਡੇ ਵਿੱਚ ਸਾਮਲ ਕਰਾਂਗਾ: ਰਾਘਵ ਚੱਢਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਵੱਖਰੀ ਕਿਸਮ ਦੀ ਇੱਕ ਪਹਿਲ ਕਰਦਿਆਂ ਇੱਕ ਫੋਨ ਨੰਬਰ ਜਾਰੀ ਕੀਤਾ ਹੈ, ਜਿਸ ‘ਤੇ ਲੋਕ ਕਾਲ ਕਰਕੇ ਆਪਣੇ ਸੁਝਾਅ ਦੇ ਸਕਦੇ ਹਨ। ਨੰਬਰ ‘ਤੇ ਫੋਨ ਕਰਕੇ ਲੋਕ ਰਾਘਵ ਚੱਢਾ ਨੂੰ ਦੱਸ ਸਕਦੇ ਹਨ ਕਿ ਉਹ ਕਿਹੜੇ ਮਸਲੇ ਨੂੰ ਸੰਸਦ ‘ਚ ਪਹਿਲ ਦੇ ਅਧਾਰ ‘ਤੇ ਉਠਾਉਣ।
ਚੱਢਾ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਪ੍ਰਤੀ ਉਹਨਾਂ ਦੀ ਨਿਸ਼ਠਾ ਤੋਂ ਪ੍ਰੇਰਿਤ ਹਨ। ਇਸ ਲਈ ਉਹ ਇਹ ਨੰਬਰ 9910944444 ਜਾਰੀ ਕਰ ਰਹੇ ਹਨ ਜਿਸ ’ਤੇ ਕੋਈ ਵੀ ਵਿਅਕਤੀ ਕਾਲ ਕਰਕੇ ਆਪਣਾ ਸੁਝਾਅ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨੰਬਰ ਰਾਹੀਂ ਪੰਜਾਬ ਦੇ ਲੋਕ ਸੰਸਦ ਵਿੱਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਆਪਣੇ ਸੁਝਾਅ ਅਤੇ ਫੀਡਬੈਕ ਭੇਜ ਸਕਦੇ ਹਨ। ਲੋਕ ਇਸ ਨੰਬਰ ‘ਤੇ ਵਟਸਐਪ ਰਾਹੀਂ ਵੀਡੀਓ ਜਾਂ ਦਸਤਾਵੇਜ ਵੀ ਸ਼ੇਅਰ ਕਰ ਸਕਦੇ ਹਨ। ਰਾਘਵ ਚੱਢਾ ਨੇ ਕਿਹਾ, ਇਸ ਕਦਮ ਨਾਲ ਪੰਜਾਬ ਦੇ ਲੋਕ ਰਾਜ ਸਭਾ ਵਿੱਚ ਆਪਣੀ ਆਵਾਜ਼ ਪਹੁੰਚਾ ਸਕਣਗੇ। ਮੈਂ ਸਿਰਫ ਉਸ ਆਵਾਜ਼ ਦਾ ਜਰਿਆ ਬਣਾਂਗਾ।
ਰਾਘਵ ਚੱਢਾ ਨੇ ਕਿਹਾ, ਇਸ ਪਹਿਲਕਦਮੀ ਦਾ ਉਦੇਸ਼ 3 ਕਰੋੜ ਲੋਕਾਂ ਤੋਂ ਸੁਝਾਅ ਲੈਣਾ ਅਤੇ ਉਹਨਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨਾ ਹੈ। ਇਸ ਰਾਹੀਂ ਲੋਕ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਉਨਾਂ ਦੇ ਮਸਲੇ ਹੱਲ ਕਰਨਾ ਜਾਰੀ ਰੱਖਾਂਗਾ ਅਤੇ ਇਸ ਨੰਬਰ ‘ਤੇ ਮਿਲੇ ਹਰ ਸੁਝਾਅ ਨੂੰ ਆਪਣੇ ਏਜੰਡੇ ਵਿੱਚ ਸਾਮਿਲ ਕਰਾਂਗਾ। ਇਸ ਤੋਂ ਪਹਿਲਾਂ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਦੇਸ਼ ਅੰਦਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਪੰਜਾਬ ਦੀ ਭਲਾਈ ਲਈ ਕਈ ਹੋਰ ਲੋਕ ਹਿੱਤ ਮੁੱਦਿਆਂ ਨੂੰ ਲੈ ਕੇ ਆਵਾਜ ਬੁਲੰਦ ਕੀਤੀ। ਚੱਢਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਂਦੇ ਰਹਿਣਗੇ ਅਤੇ ਪੂਰੀ ਤਨਦੇਹੀ ਨਾਲ ਸੰਸਦ ਵਿੱਚ ਉਨਾਂ ਦੇ ਹਿੱਤਾਂ ਦੀ ਰਾਖੀ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ