ਛਾਪੇਮਾਰੀ ਵੱਲ ਜਿਆਦਾ ਧਿਆਨ ਨਾ ਦੇਣ ਵਿਧਾਇਕ, ਅਫ਼ਸਰਾਂ ਨਾਲ ਵਤੀਰਾ ਵੀ ਕਰੋ ਠੀਕ

Chief Minister

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪ ਵਿਧਾਇਕ ਨੂੰ ਹਦਾਇਤ

ਭਗਵੰਤ ਮਾਨ ਵੱਲੋਂ 75 ਵਿਧਾਇਕਾਂ ਨਾਲ ਬੁੱਧਵਾਰ ਨੂੰ ਕੀਤੀ ਗਈ ਮੀਟਿੰਗ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿਧਾਇਕ ਛਾਪੇਮਾਰੀ ਵੱਲ ਜਿਆਦਾ ਧਿਆਨ ਨਾ ਦੇਣ ਅਤੇ ਆਪਣੇ ਇਲਾਕੇ ਦੇ ਅਧਿਕਾਰੀਆਂ ਨਾਲ ਵੀ ਵਤੀਰਾ ਠੀਕ ਢੰਗ ਦਾ ਹੋਣਾ ਚਾਹੀਦਾ ਹੈ ਤਾਂ ਕਿ ਆਮ ਆਦਮੀ ਪਾਰਟੀ ਦਾ ਇੱਕ ਚੰਗਾ ਸੁਨੇਹਾ ਪੰਜਾਬ ਦੀ ਜਨਤਾ ਅੱਗੇ ਜਾਵੇ। ਇਸ ਨਾਲ ਹੀ ਵਿਕਾਸ ਕੰਮਾਂ ਵੱਲ ਹੀ ਜਿਆਦਾ ਧਿਆਨ ਦਿੱਤਾ ਜਾਵੇ ਤਾਂ ਆਪਣੇ ਆਪਣੇ ਇਲਾਕੇ ਦੇ 3-3 ਅਹਿਮ ਕੰਮਾਂ ਦੀ ਡਿਟੇਲ ਭੇਜੀ ਜਾਵੇ, ਜਿਨਾਂ ਲਈ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾ ਸਕਣ।

ਇਹ ਹਿਦਾਇਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ ਜਾਰੀ ਕੀਤੀਆਂ ਹਨ। ਭਗਵੰਤ ਮਾਨ ਵੱਲੋਂ 75 ਵਿਧਾਇਕਾਂ ਨੂੰ 25-25 ਦੇ ਗਰੁੱਪ ਵਿੱਚ ਸੱਦਿਆ ਗਿਆ ਸੀ। ਭਗਵੰਤ ਮਾਨ ਵੱਲੋਂ ਵਿਧਾਇਕਾਂ ਤੋਂ ਸਰਕਾਰ ਦੀ ਫੀਡਬੈਕ ਵੀ ਲਈ ਗਈ ਕਿ ਜ਼ਮੀਨੀ ਪੱਧਰ ‘ਤੇ ਆਮ ਜਨਤਾ ਸਰਕਾਰ ਦੇ ਕੰਮਾਂ ਬਾਰੇ ਕੀ ਸੋਚਦੀ ਹੈ। ਇਸ ਨਾਲ ਭਗਵੰਤ ਮਾਨ ਵੱਲੋਂ ਆਪਣੇ ਵਿਧਾਇਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਇਲਾਕੇ ਵਿੱਚ ਵਿਕਾਸ ਕੰਮਾਂ ਵੱਲ ਜਿਆਦਾ ਧਿਆਨ ਦੇਣ ਅਤੇ ਵਿਕਾਸ ਕਰਵਾਉਣ ਲਈ ਅਧਿਕਾਰੀਆਂ ਦਾ ਸਾਥ ਜ਼ਰੂਰ ਲੈਣ।

ਭਗਵੰਤ ਮਾਨ ਵੱਲੋਂ ਮੀਟਿੰਗ ਦੌਰਾਨ ਕਿਹਾ ਗਿਆ ਕਿ ਜਿਹੜੇ ਸਰਕਾਰ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਵਿਭਾਗਾਂ ਦੇ ਅਦਾਰੇ ਹਨ, ਉਨਾਂ ਨੂੰ ਫੰਡ ਸਰਕਾਰ ਵੱਲੋਂ ਪਹਿਲਾਂ ਵਾਂਗ ਹੀ ਜਾਰੀ ਕੀਤੇ ਜਾਣਗੇ ਪਰ ਹਰ ਵਿਧਾਇਕ ਆਪਣੇ ਆਪਣੇ ਵਿਧਾਨ ਸਭਾ ਹਲਕੇ ਲਈ 3-3 ਪ੍ਰੋਜੈਕਟ ਜ਼ਰੂਰ ਤਿਆਰ ਕਰਕੇ ਭੇਜੇ। ਪ੍ਰੋਜੈਕਟ ਉਹ ਭੇਜੇ ਜਾਣ, ਜਿਹੜੇ ਕਿ ਉਸ ਵਿਧਾਨ ਸਭਾ ਹਲਕੇ ਲਈ ਜ਼ਰੂਰੀ ਹੋਣ ਦੇ ਨਾਲ ਹੀ ਅਹਿਮ ਰੋਲ ਅਦਾ ਕਰ ਸਕਣ। ਭਗਵੰਤ ਮਾਨ ਵੱਲੋਂ ਮੀਟਿੰਗ ਦੌਰਾਨ ਵਿਧਾਇਕਾਂ ਤੋਂ ਵੀ ਸਰਕਾਰ ਵਿੱਚ ਚਲ ਰਹੇ ਕੰਮਕਾਜ ਲਈ ਸੁਝਾਅ ਮੰਗੇ ਹਨ ਤਾਂ ਕਿ ਸਾਰੇ ਵਿਧਾਇਕਾਂ ਦੇ ਸਾਥ ਨਾਲ ਕੀਤੇ ਜਾ ਰਹੇ ਕੰਮਾਂ ਨੂੰ ਹੋਰ ਅੱਗੇ ਵਧਾਇਆ ਜਾ ਸਕੇ।

ਹਰ ਵਿਧਾਨ ਸਭਾ ਹਲਕੇ ਵਿੱਚ 2-2 ਕਲੀਨਿਕ ਖੋਲ੍ਹੇ ਜਾਣਗੇ

ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੁਹੱਲਾ ਕਲੀਨਿਕ ਵੱਲ ਜ਼ਿਆਦਾ ਧਿਆਨ ਦੇਣ ਲਈ ਕਿਹਾ ਹੈ ਤਾਂ ਕਿ ਇਸ ਕਲੀਨਿਕ ਰਾਹੀਂ ਆਮ ਜਨਤਾ ਨੂੰ ਫਾਇਦਾ ਪੁੱਜਣ ਨਾਲ ਹੀ ਆਮ ਆਦਮੀ ਪਾਰਟੀ ਦੇ ਡ੍ਰੀਮ ਪ੍ਰੋਜੈਕਟ ਨੂੰ ਪੂਰਾ ਕੀਤਾ ਜਾ ਸਕੇ। ਇਸ ਸਾਲ ਦੇ ਅੰਤ ਤੱਕ ਹਰ ਵਿਧਾਨ ਸਭਾ ਹਲਕੇ ਵਿੱਚ 2-2 ਕਲੀਨਿਕ ਖੋਲ੍ਹੇ ਜਾਣਗੇ ਅਤੇ ਇਨ੍ਹਾਂ ਕਲੀਨਿਕ ਦਾ ਖਿਆਲ ਰੱਖਣ ਲਈ ਵਿਧਾਇਕਾਂ ਦੀ ਹੀ ਡਿਊਟੀ ਲਗਾਈ ਜਾ ਰਹੀ ਹੈ ਪਰ ਕਿਸੇ ਵਿਵਾਦ ਤੋਂ ਵਿਧਾਇਕਾਂ ਨੂੰ ਕਲੀਨਿਕ ਵਿੱਚ ਘਾਟ ਦੀ ਜਾਣਕਾਰੀ ਸਰਕਾਰ ਨੂੰ ਦੇਣ ਲਈ ਕਿਹਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ