ਹੁਣ ਨਾ ਬਨੇਰੇ ਕਾਂ ਬੋਲੇ…

Crow

ਹੁਣ ਨਾ ਬਨੇਰੇ ਕਾਂ ਬੋਲੇ…

ਪੰਜਾਬੀ ਸੱਭਿਆਚਾਰ ਵਿੱਚ ਕਾਂ ਦਾ ਘਰ ਦੇ ਬਨੇਰੇ ’ਤੇ ਬੋਲਣਾ, ਘਰ ਵਿੱਚ ਕਿਸੇ ਪ੍ਰਾਹੁਣੇ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਭਾਵੇਂ ਕਾਂ ਦੀ ਅਵਾਜ ਹੋਰ ਪੰਛੀਆਂ ਦੀ ਤੁਲਨਾ ਵਿੱਚ ਬਹੁਤੀ ਚੰਗੀ ਨਹੀਂ ਹੁੰਦੀ ਪਰ ਬਨੇਰੇ ’ਤੇ ਬੋਲਣ ਵਾਲਾ ਕਾਂ ਸਭ ਨੂੰ ਚੰਗਾ ਲੱਗਦਾ ਹੈ। ਪਰ ਇਹ ਗੱਲਾਂ ਹੁਣ ਬੀਤੇ ਸਮੇਂ ਦੀਆਂ ਯਾਦਾਂ ਬਣਕੇ ਰਹਿ ਗਈਆਂ ਹਨ।

ਕਿਉਂਕਿ ਆਧੁਨਿਕ ਸਮਾਂ ਬਹੁਤ ਹੀ ਤੇਜੀ ਨਾਲ ਬਦਲ ਰਿਹਾ ਹੈ। ਜ਼ਿੰਦਗੀ ਦੀਆਂ ਅਥਾਹ ਖਵਾਹਿਸ਼ਾਂ ਦੀ ਪੂਰਤੀ ਲਈ ਇਨਸਾਨ ਦੀ ਦਿਨ-ਰਾਤ ਅੱਗੇ ਵਧਣ ਦੀ ਦੌੜ ਲੱਗੀ ਹੋਈ ਹੈ। ਇਸੇ ਰਫਤਾਰੀ ਦੌੜ ਕਾਰਨ ਅਸੀਂ ਆਪਣੇ ਅਮੀਰ ਵਿਰਸੇ ਦੀਆਂ ਨਿਵੇਕਲੀਆਂ ਤੇ ਅਨਮੋਲ ਚੀਜਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ।

ਅੱਜ ਤੋਂ ਕੋਈ ਤਿੰਨ ਦਹਾਕੇ ਪਹਿਲਾਂ ਰਿਸ਼ਤੇਦਾਰਾਂ ਦੇ ਜਾਣ ਦਾ ਰਿਵਾਜ ਬਹੁਤ ਪ੍ਰਚੱਲਿਤ ਸੀ। ਲੋਕ ਆਪਣੇ ਰਿਸ਼ਤੇਦਾਰਾਂ ਦੇ ਕਈ-ਕਈ ਦਿਨ ਰੁਕਿਆ ਵੀ ਕਰਦੇ ਅੱਗੋਂ ਰਿਸ਼ਤੇਦਾਰ ਵੀ ਬਹੁਤ ਪਿਆਰ ਨਾਲ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਕਰਦੇ ਸਨ। ਬੱਚਿਆਂ ਨੂੰ ਆਪਣੇ ਨਾਨਕੇ, ਭੂਆ, ਮਾਸੀ ਆਦਿ ਰਿਸ਼ਤੇਦਾਰੀ ਦੇ ਜਾਣ ਦਾ ਬਹੁਤ ਹੀ ਚਾਅ ਹੁੰਦਾ ਸੀ। ਖਾਸ ਕਰਕੇ ਛੁੱਟੀਆਂ ਦੇ ਦਿਨਾਂ ਵਿੱਚ ਹਰ ਘਰ ਵਿੱਚ ਇਹ ਰੌਣਕ ਆਮ ਦੇਖਣ ਨੂੰ ਮਿਲਦੀ ਸੀ। ਪਰ ਸਮੇਂ ਦੀ ਅਜਿਹੀ ਫਿਰਕੀ ਘੁੰਮੀ ਕਿ ਇਹ ਸਭ ਗੱਲਾਂ ਹੁਣ ਯਾਦਾਂ ਵਿੱਚ ਹੀ ਰਹਿ ਗਈਆਂ ਹਨ।

ਅੱਜ ਸਾਡੇ ਸਾਂਝੇ ਪਰਿਵਾਰ ਨਾਮਾਤਰ ਹੀ ਰਹਿ ਗਏ ਹਨ। ਜਿਸ ਕਾਰਨ ਲੋਕ ਇਕਹਿਰੇ ਪਰਿਵਾਰਾਂ ਵਿੱਚ ਸੀਮਤ ਹੋ ਗਏ ਹਨ। ਘੱਟ ਜੀਆਂ ਵਿੱਚੋਂ ਕਿਸੇ ਜੀਅ ਤੂੰ ਕਿੱਧਰੇ ਭੇਜਣ ਵਿੱਚ ਮਾਪੇ ਰਾਜੀ ਨਹੀਂ ਹੁੰਦੇ। ਉਹ ਬੱਚਿਆਂ ਨੂੰ ਆਰਾਮਦਾਇਕ ਤੇ ਸੁਰੱਖਿਅਤ ਰੱਖਣ ਦੇ ਚੱਕਰ ਵਿੱਚ ਕਿਸੇ ਰਿਸ਼ਤੇਦਾਰ ਦੇ ਭੇਜਣਾ ਪਸੰਦ ਨਹੀਂ ਕਰਦੇ।

ਪ੍ਰਾਹੁਣਚਾਰੀ ਦੇ ਘੱਟ ਹੋਣ ਦਾ ਇੱਕ ਕਾਰਨ ਅਮੀਰੀ-ਗਰੀਬੀ ਦਾ ਵਧਦਾ ਪਾੜਾ ਵੀ ਹੈ। ਕੋਈ ਅਮੀਰ ਰਿਸ਼ਤੇਦਾਰ ਕਿਸੇ ਗਰੀਬ ਦੇ ਘਰ ਇਸ ਲਈ ਵੀ ਨਹੀਂ ਜਾਂਦਾ ਕਿ ਉਸਨੂੰ ਗਰੀਬ ਰਿਸ਼ਤੇਦਾਰ ਦੀ ਕੋਈ ਗਰਜ ਹੀ ਪੂਰੀ ਨਾ ਕਰਨੀ ਪੈ ਜਾਵੇ ਜਾਂ ਉਸਦੇ ਜਾਣ ਨਾਲ ਕਿਸੇ ਤਰ੍ਹਾਂ ਦੀ ਅਸੁਵਿਧਾ ਹੀ ਨਾ ਹੋਵੇ। ਗਰੀਬ ਰਿਸ਼ਤੇਦਾਰ ਵੀ ਆਪਣੇ ਅਮੀਰ ਰਿਸ਼ਤੇਦਾਰ ਦੇ ਜਾਣ ਤੋਂ ਝਕਦਾ ਹੀ ਹੈ।

ਸ਼ਹਿਰੀਕਰਨ ਕਰਕੇ ਵੀ ਲੋਕ ਪਿੰਡਾਂ ਨੂੰ ਛੱਡ ਕੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਵੱਸ ਚੁੱਕੇ ਹਨ। ਉਹ ਪਿੰਡਾਂ ਵਿੱਚ ਵੱਸਦੇ ਰਿਸ਼ਤੇਦਾਰਾਂ ਦੇ ਜਾਣ ਤੋਂ ਗੁਰੇਜ ਹੀ ਕਰਦੇ ਹਨ। ਕੰਮਕਾਜੀ ਜਾਂ ਆਪਣੇ ਰੁਝੇਵਿਆਂ ਕਾਰਨ ਉਹ ਰਿਸ਼ਤੇਦਾਰੀ ਦੇ ਜਾਣ ਦਾ ਵਕਤ ਹੀ ਨਹੀਂ ਕੱਢ ਪਾਉਂਦੇ ਜੇਕਰ ਉਹ ਕੁਝ ਫੁਰਸਤ ਦੇ ਪਲ ਕੱਢ ਵੀ ਲੈਂਦੇ ਹਨ ਤਾਂ ਉਹ ਰਿਸ਼ਤੇਦਾਰਾਂ ਦੇ ਜਾਣ ਦੀ ਬਜਾਏ ਸੈਰ-ਸਪਾਟੇ ਜਾਂ ਟੂਰ ਆਦਿ ’ਤੇ ਜਾਣ ਦੇ ਜ਼ਿਆਦਾ ਇੱਛੁਕ ਹੁੰਦੇ ਹਨ।

ਦੂਜੇ ਪਾਸੇ ਹੁਣ ਮਹਿਮਾਨਨਿਵਾਜੀ ਵੀ ਕਰਨੀ ਇੱਕ ਭਾਰੀ ਬੋਝ ਹੀ ਸਮਝਿਆ ਜਾਂਦਾ ਹੈ। ਲੋਕ ਘਰ ਵਿੱਚ ਕਿਸੇ ਹੋਰ ਦੀ ਮੌਜੂਦਗੀ ਨੂੰ ਸਹਿਣ ਨਹੀਂ ਕਰਦੇ। ਉਨ੍ਹਾਂ ਦੀ ਆਓ ਭਗਤ ਵਿੱਚ ਵੀ ਔਖ ਮਹਿਸੂਸ ਕਰਦੇ ਹਨ। ਕੰਮਕਾਜੀ ਔਰਤਾਂ ਤਾਂ ਇਸ ਤੋਂ ਗੁਰੇਜ ਕਰਦੀਆਂ ਹੀ ਹਨ ਬਲਕਿ ਘਰੇਲੂ ਔਰਤਾਂ ਵੀ ਇਸ ਨੂੰ ਵੱਡੀ ਆਫਤ ਹੀ ਸਮਝਦੀਆਂ ਹਨ।

ਜੇਕਰ ਰਿਸ਼ਤੇਦਾਰੀ ਦੇ ਮੋਹ ਕਾਰਨ ਕੋਈ ਪ੍ਰਾਹੁਣਾ ਕਿਸੇ ਘਰ ਅਚਨਚੇਤ ਪਹੁੰਚ ਵੀ ਜਾਂਦਾ ਹੈ ਤਾਂ ਪਹਿਲਾ ਪ੍ਰਸ਼ਨ ਇਹ ਹੀ ਹੁੰਦਾ ਹੈ ਕਿ ਤੁਸੀਂ ਕਿਵੇਂ ਆ ਗਏ? ਕੋਈ ਫੋਨ ਤਾਂ ਕਰ ਦਿੰਦੇ ਪਹਿਲਾਂ ਇਹ ਸੁਣ ਕੇ ਪ੍ਰਾਹੁਣੇ ਵਿਚਾਰੇ ਦਾ ਮੂੰਹ ਉੱਤਰ ਜਾਂਦਾ ਹੈ। ਇਸ ਰੁਝਾਨ ਦੇ ਘਟਣ ਦਾ ਇੱਕ ਕਾਰਨ ਸਾਡੀ ਤਰੱਕੀ ਕਰਨ ਦੀ ਲਾਲਸਾ ਵੀ ਹੈ ਜੋ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਕਰਨਾ ਚਾਹੁੰਦੇ ਹਾਂ। ਕਈ ਪਰਿਵਾਰਾਂ ਦੇ ਸਾਕ-ਸੰਬੰਧੀ ਵਿਦੇਸ਼ਾਂ ਵਿੱਚ ਪੱਕੇ ਤੌਰ ’ਤੇ ਵੱਸ ਚੁੱਕੇ ਹਨ। ਉਨ੍ਹਾਂ ਦਾ ਆਉਣਾ ਕਈ ਸਾਲਾਂ ਬਾਅਦ ਹੀ ਹੁੰਦਾ ਹੈ ਉਹ ਵੀ ਬਹੁਤ ਘੱਟ ਸਮੇਂ ਲਈ। ਕਈ ਧੀਆਂ ਦੇ ਮਾਪੇ, ਭੈਣਾਂ ਦੇ ਵੀਰ, ਵੀਰਾਂ ਦੀਆਂ ਭੈਣਾਂ, ਭਤੀਜਿਆਂ ਦੀਆਂ ਭੂਆ ਉਨ੍ਹਾਂ ਦੀ ਉਡੀਕ ਵਿੱਚ ਕਈ ਸਾਲ ਗੁਜਾਰ ਦਿੰਦੀਆਂ ਹਨ।

ਪ੍ਰਾਹੁਣਚਾਰੀ ਦੇ ਘਟਣ ਦਾ ਇੱਕ ਹੋਰ ਵੱਡਾ ਕਾਰਨ ਸੋਸ਼ਲ ਮੀਡੀਆ ਦਾ ਫੈਲਾਅ ਵੀ ਹੈ। ਹੁਣ ਹਰ ਹੱਥ ਵਿੱਚ ਫੋਨ ਹੋਣ ਕਾਰਨ ਲੋਕ ਗੱਲਬਾਤ ਤਾਂ ਕਰ ਲੈਂਦੇ ਹਨ ਪਰ ਨਿੱਜੀ ਤੌਰ ’ਤੇ ਮਿਲਣ ਦੀ ਖਾਹਿਸ਼ ਜਾਂ ਉਤਸ਼ਾਹ ਘਟਦਾ ਜਾ ਰਿਹਾ ਹੈ। ਬੱਚੇ ਵੀ ਫੋਨ ’ਤੇ ਖੇਡਾਂ, ਚੈਟਿੰਗ ਜਾਂ ਹੋਰ ਮਨੋਰੰਜਨ ਵਾਲੀਆਂ ਚੀਜਾਂ ਵਿੱਚ ਸਮਾਂ ਗੁਜਾਰਨਾ ਪਸੰਦ ਕਰਦੇ ਹਨ।

ਵਿਆਹ-ਸ਼ਾਦੀ ਦੇ ਮੌਕੇ ਵੀ ਲੋਕ ਵਿਆਹ ਵਾਲਿਆਂ ਦੇ ਘਰ ਜਾਣ ਦੀ ਬਜਾਏ ਪੈਲਸ ਜਾਂ ਹੋਟਲ ਜਾਣ ਨੂੰ ਤਰਜੀਹ ਦਿੰਦੇ ਹਨ, ਜਿਸ ਨਾਲ ਪਰਹੁਣਚਾਰੀ ਦਾ ਰਿਵਾਜ ਦਿਨੋ-ਦਿਨ ਘਟਦਾ ਹੀ ਜਾ ਰਿਹਾ ਹੈ। ਜੋ ਸਾਡੇ ਸੱਭਿਆਚਾਰ ਲਈ ਇੱਕ ਨਾਕਾਰਾਤਮਕ ਪੱਖ ਬਣ ਰਿਹਾ ਹੈ ਸਾਡਾ ਆਪਸੀ ਮੇਲ-ਮਿਲਾਪ ਘਟਣ ਨਾਲ ਰਿਸ਼ਤਿਆਂ ਵਿੱਚ ਨਿੱਘ ਵੀ ਘਟ ਰਿਹਾ ਹੈ। ਜਿਸ ਦੇ ਫਲਸਰੂਪ ਸਾਡੀ ਨਵੀਂ ਪੀੜ੍ਹੀ ਸਮਾਜਿਕ ਕਦਰਾਂ-ਕੀਮਤਾਂ ਤੋਂ ਅਣਜਾਣ ਤੇ ਬੇਖਬਰ ਹੀ ਰਹਿ ਜਾਵੇਗੀ। ਸੋ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਵੱਡੀ ਢਾਹ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ