ਭਾਰਤ ਦਾ ਮਜ਼ਬੂਤ ਲੋਕਤੰਤਰ
ਦੇਸ਼ ਦੇ ਸਿਆਸੀ ਇਤਿਹਾਸ ਦਾ ਇਹ ਇੱਕ ਅਹਿਮ ਪੜਾਅ ਹੈ ਕਿ ਆਦੀਵਾਸੀ ਤੇ ਦੱਬੇ-ਕੁਚਲੇ ਵਰਗ ਨਾਲ ਸਬੰਧਿਤ ਆਗੂ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਹੈ ਭਾਰਤੀ ਲੋਕਤੰਤਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੋਈ ਵੀ ਵਿਅਕਤੀ ਆਪਣੀ ਕਾਬਲੀਅਤ, ਮਿਹਨਤ, ਲਗਨ ਤੇ ਵਚਨਬੱਧਤਾ ਨਾਲ ਕਿਸੇ ਵੀ ਅਹੁਦੇ ’ਤੇ ਪਹੁੰਚ ਸਕਦਾ ਹੈ ਦੇਸ਼ ਦੀ ਰਾਜਨੀਤੀ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਜ਼ਾਦੀ ਤੋਂ ਬਾਅਦ ਲਾਗੂ ਹੋਏ ਸੰਵਿਧਾਨ ’ਚ ਲੋਕਤੰਤਰ, ਸਮਾਨਤਾ, ਸਮਾਜਵਾਦ, ਧਰਮ ਨਿਰਪੱਖਤਾ ਵਰਗੇ ਜਿਹੜੇ ਮੁੱਲਾਂ ਨੂੰ ਸੰਵਿਧਾਨ ਦੀ ਆਤਮਾ ਮੰਨਿਆ ਗਿਆ ਉਸ ਦੀ ਝਲਕ ਸਿਆਸਤ ’ਚ ਨਜ਼ਰ ਪੈ ਰਹੀ ਹੈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦੇ ’ਤੇ ਉਹ ਆਗੂ ਵੀ ਪੁੱਜੇ ਹਨ,
ਜਿਨ੍ਹਾਂ ਦਾ ਨਾ ਤਾਂ ਖਾਨਦਾਨ ਸਿਆਸੀ ਸੀ ਤੇ ਨਾ ਹੀ ਉਹ ਅਮੀਰ ਖਾਨਦਾਨ ’ਚੋਂ ਸਨ ਆਦੀਵਾਸੀ ਤੋਂ ਸਮਾਜ ਦੀ ਮੁੱਖ ਧਾਰਾ ’ਚ ਆਏ ਵਿਅਕਤੀ ਵੀ ਸਿਆਸਤ ’ਚ ਆਪਣਾ ਸਥਾਨ ਬਣਾਉਣ ਦੇ ਕਾਬਲ ਹੋਏ ਹਨ ਖਾਸ ਕਰਕੇ ਔਰਤਾਂ ਨੂੰ ਪ੍ਰਤੀਨਿਧਤਾ ਮਿਲਣਾ ਵੀ ਵੱਡੀ ਗੱਲ ਹੈ ਆਦੀਵਾਸੀਆਂ ’ਚ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ ਪਰ ਦ੍ਰੋਪਦੀ ਮੁਰਮੂ ਦਾ ਪਹਿਲਾਂ ਵਿਧਾਇਕ ਤੇ ਫ਼ਿਰ ਰਾਜਪਾਲ ਤੱਕ ਬਣਨਾ ਉਨ੍ਹਾਂ ਦੀ ਕਾਬਲੀਅਤ ਤੇ ਸਮਾਜ ਨੂੰ ਨਵੀਂ ਸੇਧ ਦੇਣ ਦੀ ਸਮਰੱਥਾ ਦਾ ਸਬੂੂਤ ਹੈ ਇੱਕ ਪੱਛੜੇ ਵਰਗ ’ਚੋਂ ਉੱਠੀ ਇਸ ਮਹਿਲਾ ਆਗੂ ਦੀਆਂ ਪ੍ਰਾਪਤੀਆਂ ਪੂਰੇ ਦੇਸ਼ ਦੀਆਂ ਔਰਤਾਂ ਲਈ ਮਾਣ ਵਾਲੀ ਗੱਲ ਹੈ
ਭਾਵੇਂ ਐਨਡੀਏ ਵੱਲੋਂ ਰਾਸ਼ਟਰਪਤੀ ਉਮੀਦਵਾਰ ਲਈ ਦ੍ਰੋਪਦੀ ਮੁਰਮੂ ਦੀ ਚੋਣ ਨੂੰ ਵਿਰੋਧੀ ਆਗੂ ਵੋਟ ਬੈਂਕ ਦੀ ਨਜ਼ਰ ਨਾਲ ਵੇਖਦੇ ਹਨ ਪਰ ਦ੍ਰੋਪਦੀ ਮੁਰਮੂ ਦਾ ਇਸ ਮਾਣਮੱਤੇ ਅਹੁਦੇ ’ਤੇ ਪਹੁੰਚਣ ਪਿੱਛੇ ਉਨ੍ਹਾਂ ਦੀ ਕਾਬਲੀਅਤ, ਮਿਹਨਤ ਸੰਘਰਸ਼, ਦ੍ਰਿਸ਼ਟੀਕੋਣ ਤੇ ਸਮਾਜ ਸੇਵਾ ਦੇ ਸੰਕਲਪ ਨੂੰ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਦੱਬੇ-ਕੁਚਲੇ ਵਰਗ ਦੀ ਔਰਤ ਦਾ ਰਾਸ਼ਟਰਪਤੀ ਬਣਨਾ ਮੁਲਕ ਦੀ ਸਿਆਸੀ ਢਾਂਚੇ ਦੀ ਮਜ਼ਬੂਤੀ ਦਾ ਸਬੂਤ ਹੈ
ਬਿਨਾਂ ਸ਼ੱਕ ਭਾਰਤੀ ਲੋਕਤੰਤਰ ’ਚ ਸਮੱਸਿਆਵਾਂ ਹਨ ਪਰ ਇਸ ਦੇ ਚੰਗੇਰੇ ਤੇ ਹਾਂਪੱਖੀ ਕਦਮਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਮੁਲਕ ਦੀ 135 ਕਰੋੜ ਆਬਾਦੀ ਦੀ ਕਮਾਨ ਇੱਕ ਔਰਤ ਦੇ ਹੱਥ ਆਉਣ ਨਾਲ ਸਮੁੱਚੀ ਔਰਤ ਜਾਤੀ ਲਈ ਮਾਣ ਵਾਲੀ ਗੱਲ ਹੈ ਬਿਨਾਂ ਸ਼ੱਕ ਮੁਲਕ ਇੱਕ ਮਾਣ ਮਹਿਸੂਸ ਕਰਨ ਵਾਲੇ ਪਲਾਂ ’ਚੋਂ ਲੰਘ ਰਿਹਾ ਹੈ ਪੈਸਾ, ਮੌਕਾਪ੍ਰਸਤੀ, ਬਹੂਬਲ ਪੈਂਤੜੇਬਾਜ਼ੀਆਂ ਸਮੇਤ ਬਹੁਤ ਸਾਰੀਆਂ ਬੁਰਾਈਆਂ ਸਿਆਸਤ ’ਚ ਹਨ, ਇਸ ਦੇ ਬਾਵਜ਼ੂਦ ਭਾਰਤੀ ਲੋਕਤੰਤਰ ਦੀ ਤਾਕਤ ਹੈ ਕਿ ਪੈਸੇ ਦੇ ਬਲ ’ਤੇ ਕੋਈ ਵਿਅਕਤੀ ਸਿਖਰਲੇ ਸੰਵਿਧਾਨਕ ਅਹੁਦਿਆਂ ’ਤੇ ਪਹੁੰਚਣ ’ਚ ਕਾਮਯਾਬ ਨਹੀਂ ਹੋ ਸਕਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ