ਪੁਲਿਸ ਤੇ ਲੋਕਾਂ ਵਿਚਕਾਰ ਆਪਸੀ ਸਾਂਝ ਪਰਪੱਕ ਹੋਣ ਨਾਲ ਹੀ ਸਮਾਜਿਕ ਬੁਰਾਈਆਂ ਦਾ ਖਾਤਮਾ ਸੰਭਵ: ਅਮਨ ਅਰੋੜਾ
ਪੰਜਾਬ ਦੇ ਲੋਕਾਂ ਨੂੰ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਅਤੇ ਪ੍ਰਸ਼ਾਸਨ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ: ਅਮਨ ਅਰੋੜਾ
ਲੌਂਗੋਵਾਲ (ਹਰਪਾਲ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਾਮ ਪੁਲਿਸ ਸਟੇਸ਼ਨ ਲੌਂਗੋਵਾਲ ਦੀ ਲਗਭਗ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪੁਲਿਸ ਨੂੰ ਮੁਬਾਰਕਬਾਦ ਦਿੱਤੀ ਅਤੇ ਬਾਅਦ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੁਲਿਸ ਅਤੇ ਲੋਕਾਂ ਵਿਚਕਾਰ ਸਹਿਯੋਗ ਦੀ ਭਾਵਨਾ ਨੂੰ ਵਧੇਰੇ ਮਜ਼ਬੂਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਥਾਣਾ ਪੱਧਰ ਉੱਤੇ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣੀ ਚਾਹੀਦੀ ਅਤੇ ਹਰੇਕ ਲੋੜਵੰਦ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਇਨਸਾਫ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਅਤੇ ਪ੍ਰਸ਼ਾਸਨ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਲੋਕਾਂ ਵਿਚਕਾਰ ਆਪਸੀ ਸਾਂਝ ਅਤੇ ਤਾਲਮੇਲ ਏਨਾ ਪਰਪੱਕ ਹੋਣਾ ਚਾਹੀਦਾ ਹੈ ਕਿ ਲੋਕ ਪੱਖੀ ਸੋਚ ਅਤੇ ਲੋਕ ਪੱਖੀ ਪਹੁੰਚ ਦੇ ਨਾਅਰੇ ’ਤੇ ਪਹਿਰਾ ਦਿੰਦੇ ਹੋਏ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਦਾ ਮੁਕੰਮਲ ਤੌਰ ਉੱਤੇ ਖਾਤਮਾ ਹੋ ਸਕੇ। ਉਨ੍ਹਾਂ ਕਿਹਾ ਕਿ ਆਪਾਂ ਸਾਰੇ ਸਮਾਜ ਦਾ ਹਿੱਸਾ ਹਾਂ ਇਸ ਲਈ ਸਮੇਂ ਦੀ ਲੋੜ ਮੁਤਾਬਿਕ ਕੰਮ ਕਰਨ ਦੇ ਤਰੀਕੇ ਵਿੱਚ ਅਤੇ ਸੋਚ ਵਿਚ ਵੀ ਨਵੀਨੀਕਰਨ ਜ਼ਰੂਰੀ ਹੈ।
ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨਾਲ ਭਾਈਚਾਰਕ ਤੰਦਾਂ ਮਜ਼ਬੂਤ ਕਰਦੇ ਹੋਏ ਸਮਾਜ ਸੁਧਾਰ ਵਿੱਚ ਅਹਿਮ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਜਿਥੇ ਇਹ ਥਾਣਾ ਆਪਣੀ ਦਿੱਖ ਪੱਖੋਂ ਮਿਸਾਲ ਕਾਇਮ ਕਰੇਗਾ ਉਥੇ ਹੀ ਜਨਤਾ ਨਾਲ ਪੁਲਿਸ ਦੀ ਸਾਂਝ ਨੂੰ ਮਜ਼ਬੂਤ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਆਧੁਨਿਕ ਸਹੂਲਤਾਂ ਵਾਲੇ ਥਾਣੇ ਦੀ ਇਮਾਰਤ ਵਿੱਚ ਬਜ਼ੁਰਗਾਂ ਤੇ ਅੰਗਹੀਣ ਵਿਅਕਤੀਆਂ ਦੀ ਸੁਵਿਧਾ ਲਈ ਰੈਂਪ ਦੀ ਸੁਵਿਧਾ ਦੇ ਕੇ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਥਾਣਾ ਲੌਂਗੋਵਾਲ ਦੀ ਨਵੀਂ ਅਤੇ ਅਤਿ ਆਧੁਨਿਕ ਬਿਲਡਿੰਗ ਕਰੀਬ 6900 ਸੁਕੇਅਰ ਫੁੱਟ ਏਰੀਆ ਵਿੱਚ ਉਸਾਰੀ ਗਈ ਹੈ। ਇਸ ਥਾਣੇ ਵਿੱਚ ਆਧੁਨਿਕ ਸਹੂਲਤਾਂ ਹਨ, ਜਿਵੇਂ ਪਬਲਿਕ ਦੇ ਬੈਠਣ ਲਈ ਖੁੱਲੀ ਥਾਂ ਭਾਵ ਵੇਟਿੰਗ ਹਾਲ ਬਣਿਆ ਹੋਇਆ ਹੈ, ਜਿਥੇ ਪੱਖੇ, ਕੁਰਸੀਆਂ ਆਦਿ ਦਾ ਸੁਚੱਜਾ ਪ੍ਰਬੰਧ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ