ਐਨਐਮਐਮਐੱਸ ਵਜ਼ੀਫਾ ਪ੍ਰੀਖਿਆ ’ਚ ਰੱਤੋਕੇ ਦਾ ਸ਼ਾਨਦਾਰ ਪ੍ਰਦਰਸ਼ਨ
ਲੌਂਗੋਵਾਲ (ਹਰਪਾਲ)। ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਐਨ ਐਮ ਐਮ ਐੱਸ ਵਜ਼ੀਫ਼ਾ ਟੈਸਟ ਲਿਆ ਗਿਆ। ਜਿਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਸਕੂਲ ਅੱਪ ਗਰੇਡ ਹੋਣ ਤੋਂ ਬਾਅਦ ਪਹਿਲੀ ਵਾਰ ਭਾਗ ਲਿਆ। ਪਹਿਲੀ ਹੀ ਵਾਰ 14 ਵਿਦਿਆਰਥੀਆਂ ਨੇ ਇਹ ਟੈਸਟ ਪਾਸ ਵੀ ਕਰ ਲਿਆ। ਹੁਣ ਇਹਨਾਂ ਵਿਚੋਂ ਹਰ ਵਿਦਿਆਰਥੀ ਨੂੰ ਨੌਵੀਂ ਜਮਾਤ ਤੋਂ ਪਲੱਸ ਟੂ ਤੱਕ ਹਰ ਮਹੀਨੇ 1000 ਰੁਪਈਆ ਮਿਲੇਗਾ।
ਮਤਲਬ 48000 ਰੁਪਈਆ 4 ਸਾਲਾਂ ਦੌਰਾਨ ਮਿਲੇਗਾ। ਰਿਜਲਟ ਦਾ ਪਤਾ ਲੱਗਣ ’ਤੇ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਟੈਸਟ ਪਾਸ ਕਰਨ ਵਾਲਿਆਂ ਵਿੱਚ ਕਰਨਵੀਰ ਸਿੰਘ ਨੇ 160 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਪੰਜਾਬ ਵਿੱਚ ਪਹਿਲੇ ਸਥਾਨ ਅਤੇ ਦੂਸਰੇ ਸਥਾਨ ਵਾਲੇ ਵਿਦਿਆਰਥੀਆਂ ਦੇ ਕ੍ਰਮਵਾਰ 162 ਅਤੇ 161 ਅੰਕ ਹਨ।
ਪਾਸ ਕਰਨ ਵਾਲੇ ਵਿਦਿਆਰਥੀਆਂ ਵਿੱਚ ਦਮਨਜੀਤ ਸਿੰਘ,ਹਰਮਨ ਮੰਡੇਰ, ਅਮਨਦੀਪ ਕੌਰ, ਅਰਮਾਨ ਭੱਟੀ, ਹਰਮਨ ਭੱਟੀ, ਮਨਦੀਪ ਕੌਰ, ਅਮਰਿੰਦਰ ਸਿੰਘ, ਮਨਿੰਦਰ ਕੌਰ, ਜਸ਼ਨ ਮੁਹੰਮਦ, ਅਰਸ਼ਪ੍ਰੀਤ ਸਿੰਘ, ਅੰਸ਼ਪ੍ਰੀਤ ਕੌਰ, ਜੈਸਮੀਨ ਕੌਰ ਅਤੇ ਪ੍ਰਿਆ ਕਸ਼ਯਪ ਹਨ, ਜਿਨ੍ਹਾਂ ਨੇ ਟੈਸਟ ਪਾਸ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਅਧਿਆਪਕ ਸੁਖਪਾਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੂੰ ਓਹਨਾਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਜਨਾਬੰਦੀ ਦਾ ਸਿੱਟਾ ਦੱਸਿਆ।
ਮੈਡਮ ਪਰਵੀਨ ਕੌਰ ਨੇ ਸਕੂਲ ਸਟਾਫ ਤੇ ਮਾਪਿਆਂ ਨੂੰ ਦਿੱਤੀ ਵਧਾਈ
ਮੈਡਮ ਪਰਵੀਨ ਕੌਰ ਨੇ ਇਸ ਪ੍ਰਾਪਤੀ ਨੂੰ ਭਵਿੱਖ ਦੇ ਵਿਦਿਆਰਥੀਆਂ ਲਈ ਇੱਕ ਮੀਲ ਪੱਥਰ ਦੱਸਿਆ, ਜਿਸ ਤੋਂ ਉਹ ਸੇਧ ਲੈਣਗੇ। ਮੈਡਮ ਰੇਨੂੰ ਨੇ ਵਿਦਿਆਰਥੀਆਂ ਅਤੇ ਓਹਨਾ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਆ। ਸਰਪੰਚ ਕੁਲਦੀਪ ਕੌਰ ਅਤੇ ਸਕੂਲ ਕਮੇਟੀ ਪ੍ਰਧਾਨ ਬਲਜੀਤ ਬੱਲੀ ਨੇ ਸਮੂਹ ਸਟਾਫ਼ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਅੱਜ ਪੂਰੇ ਪਿੰਡ ਨੂੰ ਸਕੂਲ ਦੀਆਂ ਅਹਿਮ ਪ੍ਰਾਪਤੀਆਂ ’ਤੇ ਫ਼ਖ਼ਰ ਹੈ।
ਅਧਿਆਪਕ ਪਰਦੀਪ ਨੇ ਆਉਣ ਵਾਲੇ ਸਾਲਾਂ ਵਿੱਚ ਸਕੂਲ ਵੱਲੋ-ਵੱਡੇ ਟੀਚੇ ਪ੍ਰਾਪਤ ਕਰਨ ਦੀ ਵਚਨਬੱਧਤਾ ਦੂਹਰਾਈ। ਇਸ ਮੌਕੇ ਗੁਰਮੀਤ ਕੁੱਬੇ, ਕੁਲਦੀਪ ਕਾਲੀ, ਗੁਰਚਰਨ ਸਿੰਘ, ਸਲਵਿੰਦਰ ਸਿੰਘ, ਵੀਰਪਾਲ ਸਿੰਘ ਜਥੇਦਾਰ ਬਲਦੇਵ ਸਿੰਘ ਅਤੇ ਗਿਆਨ ਸਿੰਘ ਭੁੱਲਰ ਹਾਜ਼ਰ ਸਨ। ਪ੍ਰੈਸ ਨੂੰ ਜਾਣਕਾਰੀ ਪ੍ਰੈਸ ਨੋਟ ਦੇ ਜਰੀਏ ਮੈਡਮ ਸਤਪਾਲ ਕੌਰ ਅਤੇ ਕਰਮਜੀਤ ਕੌਰ ਨੇ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ