NIA ਵੱਲੋਂ ਖਾਲਿਸਤਾਨੀ ਹਰਦੀਪ ਨਿੱਝਰ ’ਤੇ 10 ਲੱਖ ਦਾ ਇਨਾਮ ਘੋਸ਼ਿਤ
ਚੰਡੀਗੜ੍ਹ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਫਿਲੌਰ ’ਚ ਪੁਜਾਰੀ ਕਤਲ ਕਾਂਡ ’ਚ ਕੈਨੇਡਾ ਦੇ ਸਰੀ ’ਚ ਰਹਿਣ ਵਾਲੇ ਅੱਤਵਾਦੀ ਹਰਦੀਪ ਸਿੰਘ ਨਿੱਝਰ ’ਤੇ 10 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਹਾਲ ਹੀ ’ਚ ਹਿੰਦੂ ਪੁਜਾਰੀ ਦੇ ਕਤਲ ਮਾਮਲੇ ’ਚ ਚਾਰ ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਕਮਲਜੀਤ ਸ਼ਰਮਾ ਉਰਫ਼ ਕਮਲ, ਰਾਮ ਸਿੰਘ ਉਰਫ਼ ਸੋਨਾ ’ਤੇ ਫਿਲੌਰ ਦੇ ਪਿੰਡ ਭਾਰਸਿੰਘਪੁਰਾ ’ਚ ਪੁਜਾਰੀ ਕਮਲਦੀਪ ਸ਼ਰਮਾ ਦੇ ਕਤਲ ਦਾ ਇਲਜ਼ਾਮ ਹੈ, ਜਿਸ ਨੇ ਕੈਨੇਡਾ ਦੇ ਅਰਸ਼ਦੀਪ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਹਦਾਇਤਾਂ ’ਤੇ ਇਸ ਕਥਿਤ ਵਾਰਦਾਤ ਨੂੰ ਅੰਜਾਮ ਦਿੱਤਾ।
ਸੂਤਰਾਂ ਮੁਤਾਬਕ ਅਰਸ਼ਦੀਪ ਸਿੰਘ ਅਤੇ ਨਿੱਝਰ ਕੈਨੇਡਾ ਦੀ ਖਾਲਿਸਤਾਨ ਟਾਈਗਰ ਫੋਰਸ ਦੇ ਮੈਂਬਰ ਹਨ। NIA ਨੇ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਹਿੰਦੂ ਪੁਜਾਰੀ ਦੀ ਹੱਤਿਆ ਦੀ ਸਾਜ਼ਿਸ਼ ਮੁਲਜ਼ਮ ਅਰਸ਼ਦੀਪ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਨੇ ਰਚੀ ਸੀ। ਦੋਵੇਂ ਵਿਅਕਤੀ ਕੈਨੇਡੀਅਨ ਵਸਨੀਕ ਹਨ, ਉਨ੍ਹਾਂ ਦਾ ਉਦੇਸ਼ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਅਤੇ ਭਾਈਚਾਰਕ ਸਾਂਝ ਵਿੱਚ ਪਾੜਾ ਪੈਦਾ ਕਰਨਾ ਸੀ। ਹਰਦੀਪ ਸਿੰਘ ਮੂਲ ਰੂਪ ਵਿੱਚ ਉਸੇ ਪਿੰਡ ਦਾ ਰਹਿਣ ਵਾਲਾ ਹੈ ਜਿੱਥੇ ਪੁਜਾਰੀ ਨੂੰ ਗੋਲੀ ਮਾਰੀ ਗਈ ਸੀ। ਇਹ ਸਾਰੀ ਯੋਜਨਾ ਹਰਦੀਪ ਨੇ ਆਪਣੇ ਖਾਲਿਸਤਾਨ ਪੱਖੀ ਸਾਥੀ ਅਰਸ਼ਦੀਪ ਨਾਲ ਮਿਲ ਕੇ ਬਣਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ