ਸੁਖਬੀਰ ਬਾਦਲ ਖ਼ਿਲਾਫ਼ ਬਗਾਵਤ, ਵਿਧਾਇਕ ਮਨਪ੍ਰੀਤ ਇਆਲੀ ਵੱਲੋਂ ਵੋਟ ਦਾ ਹੁਕਮ ਮੰਨਣ ਤੋਂ ਇਨਕਾਰ

Vote

ਅਕਾਲੀ ਵਿਧਾਇਕ ਦਲ ਦੇ ਲੀਡਰ ਮਨਪ੍ਰੀਤ ਇਆਲੀ ਦੀ ਬਗਾਵਤ ਨਾਲ ਸੰਕਟ ’ਚ ਅਕਾਲੀ ਦਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਦੇ ਖ਼ਿਲਾਫ਼ ਹੁਣ ਪਾਰਟੀ ਵਿੱਚ ਬਗਾਵਤ ਖੁੱਲ੍ਹ ਕੇ ਹੋਣ ਲੱਗ ਪਈ ਹੈ ਅਤੇ ਇਸ ਦੀ ਸ਼ੁਰੂਆਤ ਦਾਖਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕ ਦਲ ਦੇ ਲੀਡਰ ਮਨਪ੍ਰੀਤ ਇਆਲੀ ਵੱਲੋਂ ਸੁਖਬੀਰ ਬਾਦਲ ਦੇ ਕਹਿਣ ’ਤੇ ਐਨਡੀਏ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਨਾਲ ਹੀ ਸੁਖਬੀਰ ਬਾਦਲ (Sukhbir Badal) ’ਤੇ ਸਿੱਧੇ ਤੌਰ ’ਤੇ ਦੋਸ਼ ਲਗਾ ਦਿੱਤਾ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਦੇਣ ਸਬੰਧੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।

ਮਨਪ੍ਰੀਤ ਇਆਲੀ ਵੱਲੋਂ ਇਹ ਫੈਸਲਾ ਲੈਣ ਦੇ ਨਾਲ ਹੀ ਉਹ ਵੋਟ ਦੇਣ ਲਈ ਪੰਜਾਬ ਵਿਧਾਨ ਸਭਾ ਨਹੀਂ ਪੁੱਜੇ। ਉਨਾਂ ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਗੈਰ-ਹਾਜ਼ਰੀ ਦਰਜ਼ ਕਰਵਾਈ ਗਈ ਹੈ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਫੈਸਲਾ ਕੀਤਾ ਗਿਆ ਸੀ ਅਤੇ ਆਪਣੇ ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਨਾਂ ਵੱਲੋਂ ਦ੍ਰੋਪਦੀ ਮੁਰਮੂ ਨੂੰ ਹੀ ਵੋਟ ਦਿੱਤੀ ਜਾਣੀ ਚਾਹੀਦੀ ਹੈ।

ਪਾਰਟੀ ਵੱਲੋਂ ਨਹੀਂ ਕੀਤੀ ਗਈ ਉਨਾਂ ਨਾਲ ਸਲਾਹ, ਵੋਟ ਨਹੀਂ ਦੇਣ ਦਾ ਲਿਆ ਫੈਸਲਾ : ਇਆਲੀ

ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 3 ਵਿਧਾਇਕ ਹਨ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਅਕਾਲੀ ਵਿਧਾਇਕ ਦਲ ਦਾ ਲੀਡਰ ਬਣਾਇਆ ਹੋਇਆ ਹੈ। ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਿਧਾਇਕ ਡਾ. ਸੁਖਵਿੰਦਰ ਸਿੰਘ ਅਤੇ ਗੁਨੀਵ ਕੌਰ ਮਜੀਠੀਆ ਵੋਟ ਪਾਉਣ ਲਈ ਆਏ ਪਰ ਲੀਡਰ ਮਨਪ੍ਰੀਤ ਇਆਲੀ ਗੈਰ ਹਾਜ਼ਰ ਨਜ਼ਰ ਆਏ।

ਸੋਮਵਾਰ ਦੁਪਹਿਰ ਹੁੰਦੇ ਤੱਕ ਮਨਪ੍ਰੀਤ ਇਆਲੀ ਨੇ ਸੋਸ਼ਲ ਮੀਡੀਆ ’ਤੇ ਆਪਣਾ ਇੱਕ ਵੀਡੀਓ ਜਾਰੀ ਕਰਦੇ ਹੋਏ ਸਾਫ਼ ਕਰ ਦਿੱਤਾ ਕਿ ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰਪਤੀ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਦੇਣ ਦੇ ਫੈਸਲੇ ਦਾ ਵਿਰੋਧ ਕਰ ਦਿੱਤਾ ਹੈ ਅਤੇ ਉਹ ਵੋਟ ਦੇਣ ਲਈ ਨਹੀਂ ਆਉਣਗੇ। ਮਨਪ੍ਰੀਤ ਇਆਲੀ ਦੇ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਾਫ਼ੀ ਜਿਆਦਾ ਹੈਰਾਨ ਰਹਿ ਗਿਆ ਅਤੇ ਉਨਾਂ ਵੱਲੋਂ ਮਨਪ੍ਰੀਤ ਇਆਲੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਆਲੀ ਵੋਟ ਨਹੀਂ ਪਾਉਣ ਬਾਰੇ ਪਹਿਲਾ ਕੀਤੇ ਐਲਾਨ ’ਤੇ ਹੀ ਅੜੇ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ