ਨਿਹੱਥੇ ਹਲ ਵਾਹਕ ਕਿਰਤੀਆਂ ’ਤੇ ਨਵਾਬੀ ਫੌਜਾਂ ਦੇ ਜ਼ੁਲਮ ਦੀ ਦਾਸਤਾਂ

ਨਿਹੱਥੇ ਹਲ ਵਾਹਕ ਕਿਰਤੀਆਂ ’ਤੇ ਨਵਾਬੀ ਫੌਜਾਂ ਦੇ ਜ਼ੁਲਮ ਦੀ ਦਾਸਤਾਂ

ਗੁਲਾਮ ਭਾਰਤ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜੇ-ਮਹਾਰਾਜਿਆਂ ਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਇਸ ਰਿਆਸਤੀ ਰਾਜ ਪ੍ਰਬੰਧ ਅੰਦਰ ਆਪਣੇ ਅੰਗਰੇਜ਼ ਮਾਲਕਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਰਾਜਿਆਂ ਤੇ ਨਵਾਬਾਂ ਨੇ ਹਰ ਤਰ੍ਹਾਂ ਦੀ ਜਨਤਕ ਬਗਾਵਤ ਨੂੰ ਬੜੀ ਹੀ ਬੇਰਹਿਮੀ ਨਾਲ ਕੁਚਲਿਆ। ਰਿਆਸਤਾਂ ਵਿੱਚੋਂ ਮਲੇਰਕੋਟਲਾ ਦੇ ਨਵਾਬ ਦੇ ਜੁਲਮਾਂ ਦੀਆਂ ਕਹਾਣੀਆਂ ਭਾਵੇਂ ਅਜ਼ਾਦੀ ਸੰਗਰਾਮ ਦੇ ਕਿਸੇ ਇਤਿਹਾਸ ਦਾ ਉੱਘੜਵਾਂ ਹਿੱਸਾ ਨਹੀਂ ਬਣ ਸਕੀਆਂ ਪਰ ਇਸ ਰਿਆਸਤ ਦੇ ਪਿੰਡ ਕੁਠਾਲਾ ਦੀਆਂ ਕੰਧਾਂ ਤੇ ਦਰਵਾਜਿਆਂ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਨਵਾਬੀ ਜੁਲਮਾਂ ਦੀਆਂ ਦਰਦਨਾਕ ਯਾਦਾਂ ਨੂੰ ਬਿਆਨ ਕਰ ਰਹੇ ਹਨ।

ਜਦ ਬਜਬਜ ਘਾਟ, ਜੈਤੋ, ਗੰਗਸਰ, ਨਨਕਾਣਾ ਸਾਹਿਬ ਤੇ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕਿਆਂ ਨੇ ਲੋਕਾਂ ਨੂੰ ਭੈਅਭੀਤ ਕਰ ਰੱਖਿਆ ਸੀ ਤਾਂ ਸੇਵਾ ਸਿੰਘ ਠੀਕਰੀਵਾਲਾ ਨੇ ਰਿਆਸਤੀ ਕਿਸਾਨ ਘੋਲਾਂ ਨੂੰ ਨਵੀਂ ਸੇਧ ਦਿੱਤੀ। ਮਲੇਰਕੋਟਲਾ ਦੇ ਨਵਾਬ ਸਰ ਅਹਿਮਦ ਅਲੀ ਖਾਨ ਨੇ ਆਪਣੇ ਅੰਗਰੇਜ ਮਾਲਕਾਂ ਨੂੰ ਖੁਸ਼ ਕਰਨ ਲਈ ਰਿਆਸਤ ਦੇ ਕਿਰਤੀਆਂ ਸਿਰ ਟੈਕਸਾਂ ਦਾ ਵਾਧੂ ਬੋਝ ਲੱਦ ਦਿੱਤਾ। ਨਵਾਬੀ ਕਾਨੂੰਨ ਮੁਤਾਬਕ ਕੋਈ ਵੀ ਕਿਸਾਨ ਜਮੀਨ ਦਾ ਮਾਲਕ ਨਹੀਂ ਸੀ।

ਨਵਾਬ ਰਿਆਸਤ ਦੀ ਜਮੀਨ ਦਾ ‘ਮਾਲਕ ਆਲ੍ਹਾ’ ਸੀ ਅਤੇ ਹਲਵਾਹਕ ਕਿਸਾਨ ‘ਅਦਨਾ ਮਾਲਕ’ ਮੰਨੇ ਜਾਂਦੇ ਸਨ। ਹਰ ਤਰ੍ਹਾਂ ਦੀ ਜਾਇਦਾਦ ਵੇਚਣ ਤੋਂ ਪਹਿਲਾਂ ਨਵਾਬ ਦੀ ਮਨਜ਼ੂਰੀ ਲਾਜ਼ਮੀ ਸੀ। ਵੇਚੀ ਗਈ ਜਾਇਦਾਦ ਦੀ ਵੱਟਤ ’ਚੋਂ ਅੱਧਾ ਹਿੱਸਾ ਨਵਾਬੀ ਖਜ਼ਾਨੇ ਵਿਚ ਜਮ੍ਹਾ ਕਰਵਾਉਣਾ ਪੈਂਦਾ ਸੀ। ਨਵਾਬ ਦੇ ਅਹਿਲਕਾਰ ਦਿਨ-ਦਿਹਾੜੇ ਮੁਟਿਆਰ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਸਨ। ਆਪਣੇ ਅੰਗਰੇਜ ਮਾਲਕਾਂ ਤੋਂ ਸ਼ਾਬਾਸ਼ ਲੈਣ ਲਈ ਧੱਕੇ ਨਾਲ ਫੌਜ ਵਿੱਚ ਭਰਤੀ ਕੀਤੇ ਪੇਂਡੂ ਨੌਜਵਾਨਾਂ ਦੇ ਜੰਗ ਵਿੱਚ ਮਾਰੇ ਜਾਣ ਪਿੱਛੋਂ ਉਨ੍ਹਾਂ ਦੀਆਂ ਜਾਇਦਾਦਾਂ ਲਾਵਾਰਸ ਕਰਾਰ ਦੇ ਕੇ ਨੀਲਾਮ ਕਰ ਦਿੱਤੀਆਂ ਜਾਂਦੀਆਂ। ਜ਼ੈਲਦਾਰੀਆਂ ਤੇ ਨੰਬਰਦਾਰੀਆਂ ਸ਼ਰੇਆਮ ਬੋਲੀ ਕਰਕੇ ਵੇਚੀਆਂ ਜਾਂਦੀਆਂ।

ਨਵਾਬ ਦੀਆਂ ਨਿੱਤ ਦੀਆਂ ਧੱਕੇਸ਼ਾਹੀਆਂ ਨੇ ਕਿਸਾਨਾਂ ਨੂੰ ਲਾਮਬੰਦ ਹੋਣ ਲਈ ਮਜ਼ਬੂਰ ਕਰ ਦਿੱਤਾ। 10 ਜਨਵਰੀ, 1926 ਨੂੰ ਮਲੇਰਕੋਟਲਾ ਰਿਆਸਤ ਦੇ ਕਿਸਾਨ ਆਗੂਆਂ ਨੇ ਪਿੰਡ ਕੁਠਾਲਾ ਵਿਖੇ ਮੀਟਿੰਗ ਦੌਰਾਨ ਜਿਮੀਂਦਾਰਾ ਕਮੇਟੀ ਨਾਂਅ ਦੀ ਜਥੇਬੰਦੀ ਗਠਿਤ ਕਰਕੇ ਜਥੇਦਾਰ ਰਤਨ ਸਿੰਘ ਚੀਮਾ ਨੂੰ ਇਸ ਦਾ ਕਨਵੀਨਰ ਥਾਪ ਦਿੱਤਾ। ਬਾਅਦ ਵਿਚ 15 ਮਈ 1926 ਨੂੰ ਜਿਮੀਂਦਾਰਾ ਕਮੇਟੀ ਦੀ ਬਾਕਾਇਦਾ ਹੋਈ ਚੋਣ ਵਿਚ ਸ. ਨਰੈਣ ਸਿੰਘ ਕੁਠਾਲਾ ਨੂੰ ਕਮੇਟੀ ਦਾ ਜਥੇਦਾਰ ਚੁਣਿਆ ਗਿਆ।

ਸ. ਹਰਦਿੱਤ ਸਿੰਘ ਕੁੱਪ ਕਲਾਂ ਨੂੰ ਮੀਤ ਜਥੇਦਾਰ, ਦਇਆ ਸਿੰਘ ਕੁਠਾਲਾ ਨੂੰ ਜਨਰਲ ਸਕੱਤਰ, ਪਾਖਰ ਸਿੰਘ ਕੁਠਾਲਾ ਨੂੰ ਜੂਨੀਅਰ ਮੈਨੇਜਰ, ਮੱਲ ਸਿੰਘ ਕੁਠਾਲਾ ਨੂੰ ਮੀਤ ਮੈਨੇਜਰ, ਮਸਤਾਨ ਸਿੰਘ ਕੁਠਾਲਾ ਨੂੰ ਖਜ਼ਾਨਚੀ, ਕਰਮ ਸਿੰਘ ਕੁਠਾਲਾ ਨੂੰ ਮੀਤ ਖਜ਼ਾਨਚੀ, ਜੀਵਾ ਸਿੰਘ ਕੇਲੋਂ, ਹਰਭਜਨ ਸਿੰਘ ਹਥੋਆ ਤੇ ਪੰਜਾਬ ਸਿੰਘ ਹਥਨ ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆ। ਸ. ਸੇਵਾ ਸਿੰਘ ਠੀਕਰੀਵਾਲਾ ਦੀਆਂ ਹਿਦਾਇਤਾਂ ’ਤੇ ਜਿਮੀਂਦਾਰਾ ਕਮੇਟੀ ਨੇ ਪਿੰਡ-ਪਿੰਡ ਜਲਸੇ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਇਸ ਕਮੇਟੀ ਨਾਲ ਜੋੜ ਲਿਆ।

ਕਿਸਾਨਾਂ ਦੀ ਇਸ ਬੇਮਿਸਾਲ ਲਾਮਬੰਦੀ ਨੇ ਨਵਾਬਸ਼ਾਹੀ ਦੀ ਨੀਂਦ ਹਰਾਮ ਕਰ ਦਿੱਤੀ। ਜਿਮੀਂਦਾਰਾ ਕਮੇਟੀ ਦੇ ਗਠਿਨ ਦਾ ਪਤਾ ਲੱਗਦਿਆਂ ਹੀ 15 ਮਈ 1926 ਨੂੰ ਹੀ ਨਵਾਬ ਨੇ ਵੀ ਇੱਕ ਆਦੇਸ਼ ਜਾਰੀ ਕਰਕੇ ਕਿਸਾਨਾਂ ਨੂੰ ਮਾਮੂਲੀ ਜਮੀਨੀ ਹੱਕ ਦੇਣ ਦਾ ਐਲਾਨ ਕਰ ਦਿੱਤਾ। ਪਰੰਤੂ ਕਮੇਟੀ ਦੇ ਆਗੂਆਂ ਨੇ ਨਵਾਬੀ ਹੁਕਮ ਨੂੰ ਕਿਸਾਨਾਂ ਨਾਲ ਧੋਖਾ ਤੇ ਝੂਠ ਦਾ ਪੁਲੰਦਾ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰਕੇ ਨਵਾਬਸ਼ਾਹੀ ਖਿਲਾਫ ਲੰਬੇ ਘੋਲ ਦਾ ਐਲਾਨ ਕਰ ਦਿੱਤਾ। ਬਰਤਾਨਵੀ ਮਾਲਕਾਂ ਦੀ ਪਾੜੋ ਤੇ ਰਾਜ ਕਰੋ ਨੀਤੀ ’ਤੇ ਚੱਲਦੇ ਹੋਏ ਨਵਾਬ ਨੇ ਪਿੰਡਾਂ ਵਿੱਚ ਆਪਣੇ ਟੋਡੀ ਲੋਕ ਇਕੱਠੇ ਕਰਕੇ ਨੈਸ਼ਨਲ ਜਿਮੀਂਦਾਰਾ ਕਮੇਟੀ ਦੇ ਨਾਂਅ ਹੇਠ ਗੁੰਡਾ ਗਰੋਹ ਬਣਾ ਲਿਆ। ਇਸ ਗਰੋਹ ਦੇ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਧੱਕੇ ਤੇ ਲੁੱਟ-ਖੋਹ ਕਰਨ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ।

ਪਿੰਡਾਂ ਅੰਦਰ ਜਿਮੀਂਦਾਰਾ ਕਮੇਟੀ ਦੇ ਜੁਝਾਰੂਆਂ ਤੇ ਨੈਸ਼ਨਲ ਕਮੇਟੀ ਦੇ ਗੁੰਡਿਆਂ ਵਿਚਕਾਰ ਸਿੱਧੇ ਟਕਰਾ ਹੋਣ ਲੱਗੇ। ਲੋਕਾਂ ਨੇ ਨੈਸ਼ਨਲ ਕਮੇਟੀ ਵਾਲਿਆਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ। ਨਵਾਬੀ ਜ਼ੁਲਮਾਂ ਦੇ ਸਤਾਏ ਕਿਸਾਨਾਂ ਨੇ ਜਿਮੀਂਦਾਰਾ ਕਮੇਟੀ ਰਾਹੀਂ ਸਾਰੀ ਦਰਦ ਭਰੀ ਦਾਸਤਾਨ ਵਾਇਸਰਾਏ ਹਿੰਦ ਨੂੰ ਸ਼ਿਮਲੇ ਲਿਖ ਭੇਜੀ ਜਿਸ ਦੇ ਜਵਾਬ ’ਚ 10 ਮਈ 1927 ਨੂੰ ਕਰਨਲ ਐਚ. ਬੀ. ਸੈਂਟਜਾਨ ਨੇ ਉਸ ਵੇਲੇ ਦੇ ਪ੍ਰਸਿੱਧ ਕਿਸਾਨ ਆਗੂ ਤੇ ਇਤਿਹਾਸਕਾਰ ਗਿਆਨੀ ਕਿਹਰ ਸਿੰਘ ਚੱਕ ਨੂੰ ਲਿਖਤੀ ਤੌਰ ’ਤੇ ਸੂਚਿਤ ਕਰਕੇ ਜਿਮੀਂਦਾਰਾ ਕਮੇਟੀ ਨੂੰ ਪੂਰੇ ਸਬੂਤਾਂ ਤੇ ਗਵਾਹਾਂ ਸਮੇਤ 31 ਜੁਲਾਈ 1927 ਨੂੰ ਸ਼ਿਮਲੇ ਵਾਇਸਰਾਏ ਹਿੰਦ ਨਾਲ ਮੁਲਾਕਾਤ ਕਰਨ ਦਾ ਸੱਦਾ ਦੇ ਦਿੱਤਾ।

ਇਸੇ ਮੁਲਾਕਾਤ ਦੀ ਤਿਆਰੀ ਲਈ 17 ਜੁਲਾਈ 1927 ਨੂੰ ਰਿਆਸਤ ਦੇ ਮੋਢੀ ਕਿਸਾਨ ਆਗੂਆਂ ਨੇ ਇੱਕ ਮੀਟਿੰਗ ਪਿੰਡ ਕੁਠਾਲਾ ਵਿਖੇ ਬੁਲਾ ਲਈ। ਇਸ ਮੀਟਿੰਗ ਦੀ ਸੂਹ ਪਿੰਡ ਦੇ ਬਾਈਕਾਟੀਆਂ ਰਾਹੀਂ ਨਵਾਬ ਨੂੰ ਮਿਲ ਗਈ। ਅੰਗਰੇਜ ਮਾਲਕਾਂ ਅੱਗੇ ਬਦਨਾਮੀ ਦੇ ਡਰੋਂ ਨਵਾਬ ਨੇ ਕਿਸਾਨਾਂ ਨੂੰ ਸ਼ਿਮਲੇ ਜਾਣੋਂ ਰੋਕਣ ਦੇ ਸਾਰੇ ਅਧਿਕਾਰ ਆਪਣੇ ਅਹਿਲਕਾਰ ਚੌਧਰੀ ਸੁਲਤਾਨ ਅਹਿਮਦ ਨੂੰ ਸੌਂਪ ਕੇ ਆਪ ਪਹਿਲੋਂ ਹੀ ਸ਼ਿਮਲੇ ਵਾਇਸਰਾਏ ਹਿੰਦ ਦੇ ਚਰਨੀਂ ਜਾ ਬੈਠਾ।

ਨਵਾਬੀ ਪੁਲਿਸ ਨੇ ਰਾਤੋ-ਰਾਤ ਛਾਪੇ ਮਾਰ ਕੇ ਚੋਟੀ ਦੇ ਕਿਸਾਨ ਆਗੂਆਂ ਪੰਡਿਤ ਬਚਨ ਸਿੰਘ ਘਨੌਰ, ਸੇਵਾ ਸਿੰਘ ਬਾਪਲਾ, ਪੰਡਿਤ ਬਿਜਲਾ ਸਿੰਘ ਦਰਦੀ, ਜਥੇਦਾਰ ਦਇਆ ਸਿੰਘ ਕੁਠਾਲਾ, ਸ. ਗੰਡਾ ਸਿੰਘ ਕੁੱਪ , ਗਿਆਨੀ ਕਿਹਰ ਸਿੰਘ ਚੱਕ ਤੇ ਜਥੇਦਾਰ ਤਿ੍ਰਲੋਕ ਸਿੰਘ ਕੁਠਾਲਾ ਨੂੰ ਗਿ੍ਰਫਤਾਰ ਕਰਕੇ ਰਹਿਮਤਗੜ੍ਹ ਦੇ ਕਿਲੇ੍ਹ ’ਚ ਨਜ਼ਰਬੰਦ ਕਰ ਦਿੱਤਾ। ਭਾਈ ਜੀਵਾ ਸਿੰਘ ਕੇਲੋਂ ਤੇ ਹੌਲਦਾਰ ਕਿਸ਼ਨ ਸਿੰਘ ਕੁਠਾਲਾ ਨੂੰ ਜਿਮੀਂਦਾਰਾ ਕਮੇਟੀ ਦੇ ਮਲੇਰਕੋਟਲਾ ਦਫਤਰ ’ਚੋਂ ਗਿ੍ਰਫਤਾਰ ਕਰਕੇ ਦਫਤਰ ’ਚ ਪਿਆ ਸਾਰਾ ਰਿਕਾਰਡ ਫੂਕ ਦਿੱਤਾ ਗਿਆ। ਬਾਅਦ ਵਿੱਚ ਗਿ੍ਰਫਤਾਰ ਕੀਤੇ ਸਾਰੇ ਕਿਸਾਨ ਆਗੂਆਂ ਨੂੰ 20-20 ਸਾਲ ਸਖਤ ਕੈਦ ਤੇ ਇੱਕ ਇੱਕ ਹਜਾਰ ਰੁਪਏ ਜੁਰਮਾਨਾ ਕੀਤਾ ਗਿਆ।

ਜਨਰਲ ਮੇਹਰ ਮੁਹੰਮਦ, ਕਰਨਲ ਹਿਯਾਤ ਮੁਹੰਮਦ, ਸੂਬੇਦਾਰ ਅਕਬਰ ਖਾਂ ਤੇ ਅਸਿਸਟੈਂਟ ਸਰਜਨ ਡਾ. ਪਰਸ਼ੋਤਮ ਦਾਸ ਦੀ ਕਮਾਨ ਹੇਠ ਭਾਰੀ ਫੌਜੀ ਲਸ਼ਕਰ ਨੇ 17 ਜੁਲਾਈ 1927 ਨੂੰ ਦੁਪਹਿਰੇ ਇੱਕ ਵਜੇ ਪਿੰਡ ਕੁਠਾਲੇ ਨੂੰ ਘੇਰਾ ਪਾ ਲਿਆ। ਘੋੜ ਸਵਾਰ ਫੌਜੀ ਪਿੰਡ ਦੀਆਂ ਗਲੀਆਂ ’ਚ ਗਸ਼ਤ ਕਰਨ ਲੱਗੇ। ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਨਵਾਬੀ ਫੌਜਾਂ ਨੇ ਭੂਦਨ ਵਾਲੇ ਦਰਵਾਜੇ ਕੋਲ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਰੇ ਪਿੰਡ ਵਿੱਚ ਭਗਦੜ ਮੱਚ ਗਈ।

ਲੋਕਾਂ ਨੂੰ ਘਰਾਂ ’ਚੋਂ ਕੱਢ-ਕੱਢ ਕੇ ਤਸ਼ੱਦਦ ਕੀਤਾ ਜਾਣ ਲੱਗਾ। ਰਾਤ ਦੇ ਅੱਠ ਵਜੇ ਤੱਕ ਰਜਵਾੜਾਸ਼ਾਹੀ ਦਾ ਜੁਲਮ ਨਿਹੱਥੇ ਕੁਠਾਲਾ ਵਾਸ਼ੀਆਂ ਉੱਪਰ ਹੁੰਦਾ ਰਿਹਾ। ਇਸ ਖੂਨੀ ਕਾਂਡ ਵਿੱਚ 18 ਕਿਸਾਨ ਮੌਕੇ ’ਤੇ ਹੀ ਸ਼ਹੀਦ ਕਰ ਦਿੱਤੇ ਗਏ ਜਿੰਨ੍ਹਾਂ ਦੀਆਂ ਲਾਸ਼ਾਂ ਟਾਂਗਿਆਂ ਵਿੱਚ ਲੱਦ ਕੇ ਮਲੇਰਕੋਟਲੇ ਕੂਕਿਆਂ ਦੇ ਕੱਲਰ ’ਚ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤੀਆਂ।

ਜਿਮੀਂਦਾਰਾ ਕਮੇਟੀ ਦੀ ਪੜਤਾਲੀਆ ਰਿਪੋਰਟ ਮੁਤਾਬਕ 120 ਕਿਸਾਨ ਗੰਭੀਰ ਫੱਟੜ ਹੋਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਹੀ ਗੱਡਿਆਂ ’ਚ ਪਾ ਕੇ ਲੁਧਿਆਣੇ ਹਸਪਤਾਲ ਪੁਚਾਇਆ। ਸੈਂਕੜੇ ਪਸ਼ੂ ਘਰਾਂ ਦੀ ਚਾਰਦੀਵਾਰੀ ’ਚ ਕਿੱਲਿਆਂ ਨਾਲ ਬੱਧੇ ਹੀ ਗੋਲੀਆਂ ਨਾਲ ਵਿੰਨ੍ਹ ਦਿੱਤੇ ਗਏ। ਕੁਠਾਲਾ ਸਾਜਿਸ਼ ਕੇਸ ਦੇ ਨਾਂਅ ਹੇਠ 168 ਕਿਸਾਨਾਂ ਉੱਪਰ ਮੁਕੱਦਮੇ ਦਰਜ ਕਰਕੇ ਨਵਾਬੀ ਤਸੀਹਾ ਕੇਂਦਰਾਂ ’ਚ ਅੰਨ੍ਹਾਂ ਤਸ਼ੱਦਦ ਕੀਤਾ ਗਿਆ।

ਦੂਜੇ ਪਾਸੇ ਨੈਸ਼ਨਲ ਕਮੇਟੀ ਦੇ ਮੈਂਬਰਾਂ ਨੂੰ ਨਵਾਬ ਦੀ ਮੱਦਦ ਕਰਨ ਬਦਲੇ ਨੰਬਰਦਾਰੀਆਂ ਤੇ ਜਗੀਰਾਂ ਬਖਸ਼ ਕੇ ਸਨਮਾਨਿਆ ਗਿਆ। ਪਰੰਤੂ ਨਵਾਬੀ ਜੁਲਮਾਂ ਦਾ ਹਿੱਕ ਡਾਹ ਕੇ ਮੁਕਾਬਲਾ ਕਰਨ ਤੇ ਨਵਾਬੀ ਜੁਲਮਾਂ ਬਾਰੇ ਨਿੱਡਰਤਾ ਨਾਲ ਲਿਖਣ ਵਾਲੇ ਕ੍ਰਾਂਤੀਕਾਰੀ ਇਤਿਹਾਸਕਾਰ ਗਿਆਨੀ ਕਿਹਰ ਸਿੰਘ ਚੱਕ ਵਰਗੇ ਆਗੂਆਂ ਦੀਆਂ ਨੰਬਰਦਾਰੀਆਂ ਅੱਜ ਤੱਕ ਵੀ ਸਰਕਾਰ ਨੇ ਜਾਮ ਕਰ ਰੱਖੀਆਂ ਹਨ।
ਕੁਠਾਲਾ, ਸੰਗਰੂਰ ਮੋ. 98153-47904.

ਪਰਮਜੀਤ ਸਿੰਘ ਕੁਠਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ