ਡਾਕਟਰੀ ਕਿੱਤਾ ਬਨਾਮ ਡਾਕਟਰਾਂ ਦੀ ਸੁਰੱਖਿਆ
ਡਾਕਟਰ ਨੂੰ ਰੱਬ ਰੂਪ ਜਾਣ ਕੇ ਸਮਾਜ ਉਸਦੀ ਅਤੇ ਉਸਦੇ ਕੰਮ ਦੀ ਸ਼ਲਾਘਾ ਕਰਦਾ ਹੈ।ਡਾਕਟਰ ਹੋਣਾ ਆਪਣੇ ਆਪ ’ਚ ਹੀ ਬੜੇ ਮਾਣ ਵਾਲੀ ਗੱਲ ਹੈ ਤੇ ਜਦੋਂ ਮਰੀਜ਼ ਠੀਕ ਹੋਕੇ ਉਸਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਇੱਕ ਡਾਕਟਰ ਨੂੰ ਸਕੂਨ ਬਖਸ਼ਦੀ ਹੈ।ਡਾਕਟਰ ਅਤੇ ਮਰੀਜ਼ ਦੇ ਰਿਸ਼ਤੇ ਵਿੱਚ ਇੱਕ ਕੁਦਰਤੀ ਸਦੀਵੀ ਬੰਧਨ ਹੁੰਦਾ ਹੈ।
ਇਸੇ ਤਹਿਤ ਇੱਕ ਕਾਬਿਲ ਡਾਕਟਰ ਉਸ ਮਰੀਜ਼ ਨੂੰ ਨਵਾਂ ਜੀਵਨ ਦੇਣ ਲਈ ਆਪਣੀਆਂ ਅਣਥੱਕ ਸੇਵਾਵਾਂ ਦਿੰਦਾ ਹੈ। ਡਾਕਟਰ ਦੀ ਮਾਨਵਤਾ ਨੂੰ ਬਹੁਤ ਵੱਡੀ ਦੇਣ ਇਹ ਹੁੰਦੀ ਹੈ ਕਿ ਉਹ ਨਿਰਸਵਾਰਥ ਭਾਵਨਾ ਨਾਲ ਰੋਗੀਆਂ ਦੇ ਦੁੱਖ ਦਰਦ ਦੂਰ ਕਰਨ ਲਈ ਸਦਾ ਤਤਪਰ ਰਹਿੰਦਾ ਹੈ। ਇਸੇ ਲਈ ਸਮਾਜ ਨੇ ਡਾਕਟਰਾਂ ਦੀ ਸੇਵਾ ਭਾਵਨਾ ਨੂੰ ਸਮਰਪਿਤ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਵੱਖ ਵੱਖ ਦੇਸ਼ਾਂ ਅੰਦਰ ਕੌਮੀ ਡਾਕਟਰ ਦਿਵਸ ਮਨਾਉਣ ਦੀ ਪਿਰਤ ਪਾਈ ਹੈ।
ਭਾਰਤ ਵਿੱਚ ਕੌਮੀ ਡਾਕਟਰ ਦਿਵਸ ਇੱਕ ਜੁਲਾਈ ਨੂੰ ਮਨਾਇਆ ਜਾਦਾ ਹੈ। ਦੇਸ਼ ਵਿੱਚ ਪਹਿਲੀ ਵਾਰ ਡਾਕਟਰ ਦਿਵਸ ਇੱਕ ਜੁਲਾਈ 1991 ਵਿੱਚ ਮਨਾਇਆ ਗਿਆ।ਸਾਡੇ ਦੇਸ਼ ’ਚ ਇਹ ਦਿਵਸ ਭਾਰਤ ਰਤਨ ਡਾਕਟਰ ਬੀਸੀ ਰਾਏ, ਉਨਾਂ ਦੇ ਜਨਮ ਦਿਨ ਅਤੇ ਬਰਸੀ ਨੂੰ ਮੁੱਖ ਰੱਖ ਕੇ ਉਨ੍ਹਾਂ ਦੇ ਸਨਮਾਨ ਹਿੱਤ ਇਹ ਦਿਨ ਡਾਕਟਰ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਉਹ ਉੱਚੀ ਕੋਟੀ ਦੇ ਡਾਕਟਰ, ਅਧਿਆਪਕ, ਫਿਲਾਸਫਰ ਅਤੇ ਅਜ਼ਾਦੀ ਘੁਲਾਟੀਏ ਸਨ। ਉਨ੍ਹਾਂ ਦਾ ਸੰਘਰਸ਼ਮਈ ਤੇ ਪ੍ਰੇਰਨਾਦਾਇਕ ਜੀਵਨ ਅਜੋਕੇ ਸਮਾਜ ਦੇ ਨਾਲ ਨਾਲ ਸਾਰੇ ਡਾਕਟਰਾਂ ਨੂੰ ਸੇਧ ਦਿੰਦਾ ਹੈ ਕਿ ਡਾਕਟਰੀ ਦਾ ਦੂਜਾ ਨਾਮ ਨਿਸ਼ਕਾਮ ਸੇਵਾ ਹੀ ਹੈ।
ਇੱਕ ਪਾਸੇ ਜਦੋਂ ਸੰਸਾਰ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਅਜੋਕੇ ਸਮੇਂ ਅੰਦਰ ਸਿਹਤ ਤੰਤਰ ਦੇ ਕਾਮੇ ਪੂਰੀ ਦੁਨੀਆਂ ਅੰਦਰ ਇਸ ਮਹਾਂਮਾਰੀ ਖਿਲਾਫ਼ ਚੱਟਾਨ ਵਾਂਗ ਅੜੇ ਹਨ। ਮੌਤ ਦੇ ਮੂੰਹ ਵਿੱਚ ਗਏ ਲੋਕਾਂ ਨੂੰ ਕੱਢਣ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਤਤਪਰ ਡਾਕਟਰ,ਸਟਾਫ਼ ਨਰਸਾਂ,ਪੈਰਾਮੈਡੀਕਲ ਕਾਮੇ ਤੇ ਸਫ਼ਾਈ ਸੇਵਕ ਅਜੇ ਵੀ ਤਤਪਰ ਹਨ।
ਸਾਡੇ ਮੁਲਕ ਅੰਦਰ ਵੀ ਮੈਡੀਕਲ ਕਾਮੇ ਅੱਗੇ ਹੋ ਕੇ ਬਿਮਾਰਾਂ ਦੇ ਇਲਾਜ਼ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ,ਬਹੁਤੇ ਥਾਵਾਂ?’ਤੇ ਤਾਂ ਅਜੇ ਵੀ ਸਿਹਤ ਤੰਤਰ ਦੇ ਕਾਮੇ ਸੁਰੱਖਿਆ ਉਪਕਰਨਾਂ ਤੋਂ ਹੀਣੇ ਹਨ ਤੇ ਉਹ ਫਿਰ ਵੀ ਮੌਤ ਦੇ ਮੂੰਹ ਵਿੱਚ ਜਾ ਕੇ ਕੰਮ ਕਰ ਰਹੇ ਹਨ,ਜੋ ਸਰਕਾਰਾਂ ਦੀ ਬੜੀ ਵੱਡੀ ਨਲਾਇਕੀ ਹੈ। ਇਹ ਵੀ ਕੌੜਾ ਸੱਚ ਹੈ ਕਿ ਜਦੋ ਸੂਬੇ ਦੇ ਨਾਲ ਦੇਸ਼ ਅੰਦਰ ਸੋਸ਼ਲ ਡਿਸਟੈਂÇੰਸੰਗ ਦੇ ਚੱਲਦਿਆਂ ਨਿੱਜ਼ੀ ਅਦਾਰਿਆਂ ਦੇ ਮਾਹਿਰ ਡਾਕਟਰ ਓਪੀਡੀ ਬੰਦ ਹੋਣ ਕਾਰਨ ਘਰਾਂ ਵਿੱਚ ਸਨ ਤੇ ਐਮਰਜੈਂਸੀ ਵਿੱਚ ਤਾਇਨਾਤ ਜੂਨੀਅਰ ਡਾਕਟਰ ਅਤੇ ਪੈਰਾਮੈਡੀਕਲ ਕਾਮੇ ਹੀ ਇਸ ਜੰਗ ਵਿੱਚ ਨੰਗੇ ਧੜ ਲੜ ਰਹੇ ਸਨ ਜੋ ਹੁਣ ਵੀ ਜਾਰੀ ਹੈ।
ਪ੍ਰਬੰਧਕਾਂ ਦੇ ਦਬਾਅ ਕਾਰਨ ਉਹ ਅਜਿਹਾ ਕਰਨ ਲਈ ਮਜ਼ਬੂਰ ਵੀ ਹਨ। ਕੀ ਉਨ੍ਹਾਂ ਦੇ ਬੱਚੇ,ਪਰਿਵਾਰ ਨਹੀਂ ਹੈ ਜਾਂ ਫਿਰ ਉਹ ਰੱਬ ਤੋਂ ਅਮਰਤਾ ਦਾ ਵਰਦਾਨ ਲੈ ਕੇ ਜਨਮੇ ਹਨ। ਉੱਪਰੋਂ ਇਸ ਨਾਜ਼ੁਕ ਦੌਰ ਅੰਦਰ ਕੁਝ ਲੋਕਾਂ ਦੁਆਰਾ ਸਿਹਤ ਕਾਮਿਆਂ ਸਟਾਫ਼ ਨਰਸਾਂ, ਡਾਕਟਰਾਂ ਨਾਲ ਬਦਤਮੀਜ਼ੀ ਤੇ ਮਾਰ-ਕੁਟਾਈ ਕਰਨ ਤੱੱਕ ਦੀਆਂ ਨਸ਼ਰ ਖਬਰਾਂ ਅਤੇ ਵੀਡੀਓ ਇਸ ਖੇਤਰ ਨਾਲ ਜੁੜੇ ਲੋਕਾਂ ਦੇ ਨਾਲ ਸੰਜੀਦਾ ਲੋਕਾਂ ਦੇ ਦਿਲ ਨੂੰ ਧੂਹ ਪਾਉਂਦੀਆਂ ਹਨ। ਇੰਦੌਰ ਵਿੱਚ ਤਾਇਨਾਤ ਡਾਕਟਰ ਅਤੇ ਸਟਾਫ਼ ਨਰਸਾਂ ’ਤੇ ਭੀੜ ਨੇ ਹਮਲਾ ਕੀਤਾ ਸੀ, ਜਦ ਉਹ ਕੋਵਿਡ 19 ਦੀ ਸ਼ੱਕੀ ਮਰੀਜ਼ ਔਰਤ ਦਾ ਮੁਆਇਨਾ ਕਰਨ ਜਾ ਰਹੇ ਸਨ। ਯੂਪੀ ਵਿੱਚ ਵੀ ਇਕਾਂਤਵਾਸ ਵਿੱਚ ਰੱਖੇ ਮਰਕਜ਼ ਵਿੱਚ ਸ਼ਾਮਲ ਲੋਕਾਂ ਨੇ ਉੱਥੇ ਮੌਜੂਦ ਡਾਕਟਰੀ ਅਮਲੇ ਨਾਲ ਦੁਰਵਿਵਹਾਰ ਕਰਨ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਸੀ।
ਰੱਬ ਰੂਪ ਆਖੇ ਜਾਂਦੇ ਡਾਕਟਰਾਂ ਨਾਲ ਹੁਣ ਹਿੰਸਾ ਦੇ ਮਾਮਲੇ ਦੇਸ਼ ’ਚ ਵਧੇ ਹਨ। ਸੰਨ 2017 ਵਿੱਚ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ ’ਚ ਉਨਾਂ ਦੱਸਿਆ ਸੀ ਕਿ 75 ਫੀਸਦੀ ਡਾਕਟਰ ਆਪਣੀ ਡਿਉਟੀ ਦੌਰਾਨ ਹਿੰਸਾ ਦਾ ਸ਼ਿਕਾਰ ਹੁੰਦੇ ਹਨ, ਜਿਸ ਵਿੱਚ ਕੁੱਟਮਾਰ ਤੇ ਗਾਲੀ ਗਲੋਚ ਵੀ ਸ਼ਾਮਲ ਹੈ। ਪਿਛਲੇ ਸਮੇ ਦੌਰਾਨ ਬਠਿੰਡਾ ਦੇ ਵੱਡੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਸੁਰੱਖਿਆ ਦੇ ਤੌਰ ’ਤੇ ਬਾਂਊਸਰ ਰੱਖੇ ਜਾਣ ਦੀਆਂ ਖਬਰਾਂ ਮੀਡੀਆ ’ਚ ਨਸ਼ਰ ਹੋ ਚੁੱਕੀਆਂ ਹਨ। ਸਿਹਤ ਕਾਮਿਆਂ ਦੇ ਜਾਨ-ਮਾਲ ਦੀ ਸੁਰੱਖਿਆ ਪ੍ਰਤੀ ਪ੍ਰਸ਼ਾਸਨ ਤੇ ਸਾਰੀਆਂ ਸਰਕਾਰਾਂ ਅਜੇ ਵੀ ਅਵੇਸਲੀਆਂ ਹਨ।
ਇਸ ਦੌਰ ਅੰਦਰ ਮੈਡੀਕਲ ਕਾਮਿਆਂ, ਡਾਕਟਰਾਂ ਦੀ ਸੁਰੱਖਿਆ ਸਾਡੇ ਮੁਲਕ ਅੰਦਰ ਇੱਕ ਸੰਵੇਦਨਸ਼ੀਲ ਮੁੱਦਾ ਹੈ, ਸੁਰੱਖਿਆ ਤੋਂ ਭਾਵ ਇਕੱਲੀ ਹਿੰਸਾ ਨਹੀਂ ਹੈ, ਇਸ ਵਿੱਚ ਉਨ੍ਹਾਂ ਦੇ ਸਮਾਜਿਕ,ਆਰਥਿਕ ਪੱਖ ਵੀ ਸ਼ਾਮਲ ਹਨ। ਡਾਕਟਰਾਂ ਮੈਡੀਕਲ ਕਾਮਿਆਂ ਦਾ ਸਮਾਜਿਕ ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਨਿੱਜੀ ਖੇਤਰ ਵਿੱਚ ਆਰਥਿਕ ਪੱਖ ਹਮੇਸ਼ਾਂ ਅਸੁਰੱਖਿਅਤ ਰਿਹਾ ਹੈ। ਪਤਾ ਨਹੀਂ ਕਦੋ ਨੌਕਰੀਉਂ ਜਵਾਬ ਮਿਲ ਜਾਵੇ ਜਾਂ ਮਰੀਜ਼ਾਂ ਦੀ ਦੇਖਭਾਲ ਕਰਦੇ ਬਿਮਾਰੀ ਗ੍ਰਸਿਤ ਹੋ ਕੇ ਘਰ ਬੈਠ ਜਾਣਾ ਤੇ ਉਕਤ ਸੰਸਥਾ ਨੇ ਬਾਤ ਨਹੀਂ ਪੁੱਛਣਾ।
ਇਸ ਅਸੁਰੱਖਿਆ ਦੇ ਮਾਹੌਲ ’ਚ ਸਾਡੇ ਡਾਕਟਰ, ਪੈਰਾ ਮੈਡੀਕਲ ਕਾਮੇ ਕੰਮ ਕਰਦੇ ਹਨ, ਜਿਸ ਕਾਰਨ ਉਹ ਨਜਾਇਜ ਕੰਮਾਂ ਨੂੰ ਵੀ ਤਰਜ਼ੀਹ ਦੇਣੀ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਚੱਲਦਿਆਂ ਮਰੀਜ਼ ਅਤੇ ਡਾਕਟਰ ਵਿਚਕਾਰ ਬੇਭਰੋਸੇਯੋਗਤਾ ਉਪਜੀ ਹੈ। ਸਾਰੇ ਡਾਕਟਰ ਮਾੜੇ ਨਹੀਂ ਹੋ ਸਕਦੇ ਪਰ ਸਾਰੇ ਹੀ ਚੰਗੇ ਹੋਣ ਇਹ ਵੀ ਜ਼ਰੂਰੀ ਨਹੀ ਹੈ।
ਦੂਜਾ ਲੋਕਾਂ ਕੋਲ ਵੀ ਸਬਰ ਸੰਤੌਖ ਨਹੀ ਹੈ ਤੇ ਉਹ ਡਾਕਟਰ ਨੂੰ ਜਾਦੂਗਰ ਸਮਝਣ ਦੀ ਭੁੱਲ ਕਰਦੇ ਹਨ ਤੇ ਪਲਾਂ ’ਚ ਠੀਕ ਹੋਣਾ ਲੋਚਦੇ ਹਨ, ਜੋ ਅਸੰਭਵ ਹੈ। ਕੁਝ ਡਾਕਟਰ ਵੀ ਮਰੀਜ਼ ਬੰਨਣ ਲਈ ਝੂਠੀਆਂ ਤਸੱਲੀਆਂ ਦੇਣੋ ਗੁਰੇਜ਼ ਨਹੀ ਕਰਦੇ ਜਿਸਦਾ ਖਾਂਮਿਆਜ਼ਾ ਅਕਸਰ ਤਾਇਨਾਤ ਜੂਨੀਅਰ ਡਾਕਟਰ ਤੇ ਹੋਰਨਾਂ ਨੂੰ ਭੁਗਤਣਾ ਪੈਦਾ ਹੈ।
ਡਾਕਟਰ ਵੀ ਹੋਰਨਾਂ ਵਿਭਾਗਾਂ ਵਾਂਗ ਦਬਾਅ ਦੇ ਸ਼ਿਕਾਰ ਹਨ,ਕਦੇ ਮੀਡੀਏ ਵਾਲੇ ਕੈਮਰੇ ਕੱਢ ਕੇ ਧਮਕਾੳਂਦੇ ਹਨ ਕਿ ਸਾਡੇ ਮਰੀਜ਼ ਨੂੰ ਪਹਿਲ ਦੇ ਅਧਾਰ ’ਤੇ ਕਿਉ ਨਹੀਂ ਦੇਖਿਆ ਗਿਆ। ਜੇਕਰ ਦੇਖਿਆ ਗਿਆ ਤਾਂ ਆਹ ਇਲਾਜ ਜਾਂ ਟੈਸਟ ਕਿਉਂ ਕਰਵਾਏ ਹਨ। ਸਾਰਥਿਕ ਪੱਤਰਕਾਰੀ ਨੂੰ ਛਿੱਕੇ ਟੰਗ ਕੇ ਬਹੁਤੇ ਮੀਡੀਆ ਕਰਮਚਾਰੀ ਨਿੱਜੀ ਹਿੱਤ ਪੂਰਦੇ ਹਨ।
ਸਰਕਾਰੀ ਦੇ ਨਾਲ ਨਿੱਜੀ ਅਦਾਰਿਆਂ ’ਚ ਡਾਕਟਰ ਪ੍ਰਬੰਧਕਾਂ ਦੇ ਦਬਾਅ ਦੇ ਸ਼ਿਕਾਰ ਪਾਏ ਗਏ ਹਨ। ਚੈਰੀਟੇਬਲ ਹਸਪਤਾਲਾਂ ਵਿੱਚ ਇੱਕ ਘੱਟ ਪੜਿ੍ਹਆ ਲਿਖਿਆ ਟਰੱਸਟ ਮੈਂਬਰ ਵੀ ਆ ਕੇ ਪੜ੍ਹੇ ਲਿਖੇ ਡਾਕਟਰ ਨੂੰ ਦਬਕਾ ਸਕਦਾ ਹੈ, ਜੋ ਬੇਹੱਦ ਸ਼ਰਮਨਾਕ ਹੈ ਤੇ ਅਜਿਹਾ ਅਕਸਰ ਡਾਕਟਰਾਂ ਨਾਲ ਵਾਪਰਦਾ ਹੈ। ਵੀਆਈਪੀ ਸੱਭਿਆਚਾਰ ਤੇ ਲੋਕਾਂ ਦੇ ਦਾਨ ਨਾਲ ਵਾਹ ਵਾਹ ਖੱਟਣ ਵਾਲੇ ਇਨ੍ਹਾਂ ਅਦਾਰਿਆਂ ਦੇ ਲੋਕ ਇੱਕ ਡਾਕਟਰ ਦੇ ਸੰਘਰਸ਼, ਬਲੀਦਾਨ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਚੌਧਰ ਖਾਤਿਰ ਕਈ ਵਾਰ ਮਰੀਜ਼ਾਂ ਸਾਹਮਣੇ ਜਲੀਲ ਕਰਨੋ ਵੀ ਗੁਰੇਜ਼ ਨਹੀਂ ਕਰਦੇ।
ਅਪ੍ਰੈਲ 2019 ਵਿੱਚ ਲੰਡਨ ’ਚ ਬੋਲਦਿਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੀ ਮੁਲਕ ਦੀ ਸਿਹਤ ਸੇਵਾਵਾਂ ’ਚ ਲੱਗੇ ਡਾਕਟਰਾਂ ਦੀ ਕਾਰਗੁਜਾਰੀ ’ਤੇ ਸਵਾਲ ਚੁੱਕਿਆ ਸੀ ਕਿ ਸਾਡੇ ਦੇਸ਼ ਦੇ ਜਿਆਦਾਤਰ ਡਾਕਟਰ ਨਿੱਜੀ ਹਿਤਾਂ ਖਾਤਿਰ ਮਰੀਜ਼ਾਂ ਨੂੰ ਗੁੰਮਰਾਹ ਕਰਦੇ ਹਨ।ਬੇਲੋੜੀਆਂ ਮਹਿੰਗੀਆਂ ਦਵਾਈਆਂ ਅਤੇ ਟੈਸਟ, ਆਪ੍ਰੇਸ਼ਨ ਦਾ ਸਾਜੋ-ਸਮਾਨ (ਸਟੈਂਟ ਆਦਿ) ਮਰੀਜ਼ ਨੂੰ ਵੱਡੀ ਬੀਮਾਰੀ ਦਾ ਡਰ ਵਿਖਾਕੇ ਵੇਚਿਆ ਜਾ ਰਿਹਾ ਹੈ। ਦਵਾਈਆਂ ਕੰਪਨੀਆਂ ਦੀ ਮਿਲੀਭੁਗਤ ਨਾਲ ਮਹਿੰਗੀਆਂ ਦਵਾਈਆਂ ਮਰੀਜ਼ਾਂ ਨੂੰ ਦੇ ਰਹੇ ਹਨ ਅਤੇ ਲੋਕ ਮਜ਼ਬੂਰੀਵਸ ਲੈਣ ਨੂੰ ਮਜਬੂਰ ਹਨ।
ਇਹੀ ਕੰਪਨੀਆਂ ਡਾਕਟਰਾਂ ਦੇ ਵਿਦੇਸ਼ ਦੌਰਿਆਂ ਦਾ ਖਰਚ ਚੁੱਕਦੀਆਂ ਹਨ ਉਹ ਚਾਹੇ ਕਾਨਫਰੰਸ ਆਦਿ ’ਤੇ ਜਾਣ ਦਾ ਹੋਵੇ। ਹੋਰ ਤਾਂ ਹੋਰ ਵੱਡੇ ਸ਼ਹਿਰਾਂ ’ਚ ਡਾਕਟਰਾਂ ਦੀਆਂ ਸੰਸਥਾਵਾਂ ’ਚ ਹੁੰਦੇ ਸਮਾਗਮਾਂ ਦਾ ਖਰਚਾ ਵੀ ਇਹੀ ਦਵਾਈ ਕੰਪਨੀਆਂ ਚੁੱਕਦੀਆਂ ਹਨ। ਇੰਸੈਟਿਵ, ਕਮਿਸ਼ਨ ਨੇ ਸਾਡੀ ਸਿਹਤ ਪ੍ਰਣਾਲੀ ਨੂੰ ਖੋਖਲਾ ਕਰ ਦਿੱਤਾ ਹੈ ਜਿਸਦਾ ਖਾਮਿਆਜ਼ਾ ਆਮ ਲੋਕ ਚੁਕਾਉਣ ਲਈ ਬੇਵੱਸ ਹਨ। ਇਸਦੇ ਵਿਰੋਧ ’ਚ ਸਾਡੇ ਮੁਲਕ ਦੇ ਡਾਕਟਰਾਂ ਨੇ ਹੜਤਾਲ ਕੀਤੀ ਸੀ, ਜਿਸ ਕਰਕੇ ਉਸ ਦਿਨ ਮਰੀਜ਼ਾਂ ਦੀ ਖੱਜਲਖੁਆਰੀ ਬਹੁਤ ਵਧੀ ਸੀ।
ਕਾਫੀ ਹੱਦ ਤੱਕ ਪ੍ਰਧਾਨ ਮੰਤਰੀ ਸਹੀ ਹੋ ਸਕਦੇ ਹਨ, ਪਰ ਇਸ ’ਚ ਸਰਕਾਰਾਂ ਵੀ ਬਰਾਬਰ ਦੀਆਂ ਦੋਸ਼ੀ ਹਨ।ਦਵਾਈਆਂ ਕੰਪਨੀਆਂ ਨੂੰ ਖੁੱਲ੍ਹ ਸਰਕਾਰਾਂ ਨੇ ਹੀ ਤਾਂ ਦੇ ਰੱਖੀ ਹੈ, ਕੀਮਤ ਕੰਟਰੋਲ ਸਰਕਾਰ ਦੇ ਹੱਥ ’ਚ ਹੈ, ਫਿਰ ਡਾਕਟਰ ਇਕੱਲੇ ਦੋਸ਼ੀ ਕਿਵੇਂ ਹੋਏ। ਪੂਰਾ ਪ੍ਰਬੰਧ ਹੀ ਭਿ੍ਰਸ਼ਟ ਹੋਇਆ ਹੈ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਡਾਕਟਰਾਂ ਦਾ ਕੇਵਲ ਨਾਕਾਰਾਤਮਕ ਪੱਖ ਹੀ ਨਹੀਂ ਬਲਕਿ ਸਾਕਾਰਤਮਕ ਪੱਖ ਨੂੰ ਵੀ ਉਜਾਗਰ ਕਰਨ ਦੀ ਲੋੜ ਹੈ।
ਕੁਝ ਡਾਕਟਰ ਇਨਸਾਨੀਅਤ ਧਰਮ ਨੂੰ ਸਮਝ ਕੇ ਬਹੁਤ ਚੰਗੀਆਂ ਸੇਵਾਵਾਂ ਦੇ ਰਹੇ ਹਨ। ਕਈ ਜਗ੍ਹਾ ਡਾਕਟਰ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਆਪਣੇ ਪੱਲਿਉਂ ਪੈਸੇ ਖਰਚ ਕੇ ਦਵਾਈਆਂ ਮੁਹੱਈਆ ਕਰਾਉਦੇ ਹਨ। ਇਹ ਸੰਭਵ ਨਹੀਂ ਹੈ ਕਿ ਹਰ ਮਰੀਜ਼ ਨੂੰ ਡਾਕਟਰ ਮੁਫਤ ਇਲਾਜ ਦੀ ਸਹੂਲਤ ਦੇ ਸਕੇ, ਪਰ ਘੱਟ ਤੇ ਲੋੜ ਅਨੁਸਾਰ ਹੀ ਟੈਸਟ, ਜੈਨੇਰਿਕ ਦਵਾਈਆਂ ਅਤੇ ਸਹੀ ਦਿਸ਼ਾ ’ਚ ਇਲਾਜ ਕਰਨ ਨਾਲ ਵੀ ਮਰੀਜ਼ਾਂ ਨੂੰ ਕਾਫੀ ਰਾਹਤ ਮਹਿਸੂਸ ਹੋਵੇਗੀ।
ਪਿੰਡ ਤੇ ਡਾਕ. ਚੱਕ ਬਖਤੂ ਜ਼ਿਲਾ ਬਠਿੰਡਾ,
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ