ਦੇਰ ਰਾਤ ਚੱਲੀਆਂ ਗੋਲੀਆਂ ਵਿੱਚ ਨੌਜਵਾਨ ਜ਼ਖਮੀ, ਗੈਂਗਵਾਰ ਦਾ ਦੱਸਿਆ ਜਾ ਰਿਹੈ ਮਾਮਲਾ
ਲੁਧਿਆਣਾ, (ਰਘਬੀਰ ਸਿੰਘ)। ਲੁਧਿਆਣਾ ’ਚ ਅਪਰਾਧਕ ਵਾਰਦਾਤਾਂ ਲੋਕਾਂ ਵਾਸਤੇ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਆਏ ਦਿਨ ਗੈਂਗਵਾਰ ਅਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੀਤੀ ਦੇਰ ਰਾਤ ਵੀ ਗੋਲੀ ਚੱਲਣ ਦੀ ਇੱਕ ਘਟਨਾ ਵਾਪਰੀ ਜਿਸ ਵਿੱਚ ਇੱਕ 20 ਸਾਲਾਂ ਦਾ ਨੌਜਵਾਨ ਕਾਰਤਿਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਸੀਐਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਬੈਂਜੇਮਿਨ ਰੋਡ ਲਾਗੇ ਪੈਂਦੇ ਜੈਨ ਸਕੂਲ ਦੇ ਬਾਹਰ ਦੀ ਹੈ। ਕਾਰਤਿਕ ਭਾਜਪਾ ਕੌਂਸਲਰ ਯਸ਼ਪਾਲ ਚੌਧਰੀ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਕਾਰਤਿਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕਾਰਤਿਕ ਦਾ ਝਗੜਾ ਹੋਇਆ ਸੀ।
ਉਸੇ ਰੰਜ਼ਿਸ਼ ਨੂੰ ਲੈ ਕੇ ਹਮਲਾਵਰ ਨੇ ਕਾਰਤਿਕ ’ਤੇ ਜਾਨਲੇਵਾ ਹਮਲਾ ਕੀਤਾ ਹੈ। ਸੂਤਰਾਂ ਮੁਤਾਬਕ ਇਸ ਹਮਲੇ ਦੌਰਾਨ ਕਾਰਤਿਕ ਦੀ ਬਾਂਹ ਤੇ ਵੱਖੀ ’ਚ ਗੋਲੀ ਲੱਗੀ ਹੈ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਕਾਰਤਿਕ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਇਹ ਫਾਇਰਿੰਗ ਦੋ ਧੜਿਆਂ ਵਿਚਕਾਰ ਚੱਲ ਰਹੇ ਪੁਰਾਣੇ ਝਗੜੇ ਦਾ ਨਤੀਜਾ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਲ ਅੰਦਰ ਬੈਠਾ ਇਕ ਗੈਂਗਸਟਰ ਅੰਦਰੋਂ ਹੀ ਸਾਰਾ ਕੁਝ ਆਪਰੇਟ ਕਰ ਰਿਹਾ ਹੈ। ਜਾਣਕਾਰੀ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ।
ਕਾਰਤਿਕ 12ਵੀਂ ਜਮਾਤ ਦਾ ਵਿਦਿਆਰਥੀ ਰਿਹਾ ਹੈ। ਹੁਣ ਉਸ ਨੇ 12ਵੀਂ ਜਮਾਤ ਦੇ ਪੇਪਰ ਦਿੱਤੇ ਹਨ। ਕਾਰਤਿਕ ਦੇ ਪਿਤਾ ਕ੍ਰਾਂਤੀ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਦੋਸਤਾਂ ਦੀ ਪਹਿਲਾਂ ਕਿਤੇ ਲੜਾਈ ਹੋਈ ਸੀ। ਲੜਾਈ ਕਿਸੇ ਹੋਰ ਨਾਲ ਹੁੰਦੀ ਸੀ, ਮੇਰਾ ਮੁੰਡਾ ਉਨ੍ਹਾਂ ਨਾਲ ਘੁੰਮਦਾ ਸੀ ਇਸੇ ਦੁਸ਼ਮਣੀ ਨੂੰ ਲੈ ਕੇ ਜੇਲ ’ਚ ਬੈਠੇ ਗੈਂਗਸਟਰ ਸ਼ੁਭਮ ਮੋਟਾ ਨੇ ਕਾਰਤਿਕ ’ਤੇ ਗੋਲੀਆਂ ਚਲਵਾ ਦਿੱਤੀਆਂ। ਪਿਤਾ ਕ੍ਰਾਂਤੀ ਨੇ ਇਸ ਘਟਨਾ ਨੂੰ ਗੈਂਗਵਾਰ ਦੱਸਿਆ।
ਮੌਕੇ ’ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਘਟਨਾ ਵੇਲੇ ਅਸਲ ਘਟਨਾ ਕੀ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਏਸੀਪੀ ਹਰਸਿਮਰਨ ਸਿੰਘ ਅਤੇ ਥਾਣਾ ਡਵੀਜ਼ਨ ਨੰਬਰ 3 ਦੇ ਐਸਐਚਓ ਸੁਖਦੇਵ ਬਰਾੜ ਮੌਕੇ ’ਤੇ ਪੁੱਜੇ। ਏਸੀਪੀ ਹਰਸਿਮਰਨ ਸਿੰਘ ਨੇ ਦੱਸਿਆ ਕਿ ਜੈਨ ਪਬਲਿਕ ਸਕੂਲ ਨੇੜੇ ਗੋਲੀ ਚੱਲਣ ਦਾ ਮਾਮਲਾ ਹੈ। ਨੌਜਵਾਨ ਆਪਣੇ ਰਿਸ਼ਤੇਦਾਰਾਂ ਨਾਲ ਜਾ ਰਿਹਾ ਸੀ। ਫਿਰ ਉਸ ਦੇ ਵਿਰੋਧੀ ਗਰੁੱਪ ਨੇ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ।
ਪੇਟ ਵਿੱਚ ਸੱਜੇ ਪਾਸੇ ਗੋਲੀ ਲੱਗੀ ਹੈ। ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਜਿਨਾਂ ਨੇ ਗੋਲੀ ਚਲਾਈ ਹੈ, ਉਨ੍ਹਾਂ ਨੂੰ ਵੀ ਜਾਂਚ ਤੋਂ ਬਾਅਦ ਹਿਰਾਸਤ ’ਚ ਲਿਆ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਪਰਿਵਾਰ ਦੀ ਤਰਫੋਂ ਕੁਝ ਨੌਜਵਾਨਾਂ ’ਤੇ ਕੁੱਟਮਾਰ ਦਾ ਦੋਸ਼ ਹੈ। ਹੁਣ ਇਸ ਮਾਮਲੇ ’ਚ ਕੌਣ-ਕੌਣ ਸ਼ਾਮਲ ਹੈ, ਇਹ ਪੁਲਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ