ਪਾਟੋਧਾੜ ਦਾ ਸ਼ਿਕਾਰ ਹੋਈ ਕਾਂਗਰਸ ਨੂੰ ਹਰ ਵਾਰ ਲੱਗ ਰਹੇ ਝਟਕੇ ਤੇ ਝਟਕੇ!

Congress-2

ਇਸ ਚੋਣ ਵਿੱਚ ਕਾਂਗਰਸ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ

ਇਸ ਚੋਣ ਵਿੱਚ ਇੱਕ ਲੱਖ ਦਾ ਅੰਕੜਾ ਵੀ ਛੂਹ ਨਹੀਂ ਸਕੀ ਕਾਂਗਰਸ

ਸੰਗਰੂਰ, (ਗੁਰਪ੍ਰੀਤ ਸਿੰਘ) | ਆਲ ਇੰਡੀਆ ਕਾਂਗਰਸ ਪਾਰਟੀ ਦਾ ਲੋਕ ਸਭਾ ਸੰਗਰੂਰ ਵਿੱਚ ਪ੍ਰਦਰਸ਼ਨ ਦਿਨੋਂ ਦਿਨ ਹੇਠਾਂ ਨੂੰ ਜਾ ਰਿਹਾ ਹੈ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਹੋਇਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਨਹੀਂ ਹੋਈ ਬਲਕਿ ਇਸ ਨੇ ਇੱਕ ਲੱਖ ਦੇ ਅੰਕੜੇ ਨੂੰ ਛੂਹਿਆ ਕਈ ਵਿਧਾਨ ਸਭਾ ਹਲਕਿਆਂ ਵਿੱਚ ਹਾਲਾਤ ਤਾਂ ਇਹ ਰਹੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਨੂੰ ਮਾਤ ਦੇ ਦਿੱਤੀ ਤੇ ਉੱਥੇ ਕਾਂਗਰਸ ਚੌਥੇ ਸਥਾਨ ’ਤੇ ਖਿਸਕ ਗਈ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ ਇਨ੍ਹਾਂ ਚੋਣਾਂ ਵਿੱਚ ਮਹਿਜ਼ 79, 668 ਵੋਟਾਂ ਹੀ ਮਿਲੀਆਂ ਜਿਹੜੀਆਂ ਕਾਂਗਰਸ ਦੇ ਸੰਗਰੂਰ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਅੰਕੜਾ ਹੈ

ਹਾਸਲ ਜਾਣਕਾਰੀ ਮੁਤਾਬਕ ਲੋਕ ਸਭਾ ਸੰਗਰੂਰ ਵਿੱਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਦਿਨੋਂ ਦਿਨ ਘਟਦਾ ਰਿਹਾ ਹੈ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁਟ ਸੀ ਅਤੇ ਹਰ ਚੋਣ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੀ ਸੀ, ਲੋਕ ਸਭਾ ਸੰਗਰੂਰ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਹੈ

ਜੇਕਰ 2004 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ, ਮਹਿਜ਼ ਕੁਝ ਦਿਨ ਵਿੱਚ ਹੀ ਕਾਂਗਰਸ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਅਜਿਹੇ ਖੰਭ ਲੱਗੇ ਕਿ ਉਹ ਜ਼ਬਰਦਸਤ ਮੁਕਾਬਲੇ ਵਿੱਚ 2 ਲੱਖ 59 ਹਜ਼ਾਰ 551 ਵੋਟਾਂ ਹਾਸਲ ਕਰ ਲਈ ਅਤੇ ਦੂਜੇ ਸਥਾਨ ਤੇ ਆ ਗਈ ਇਸ ਚੋਣ ਵਿੱਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਜੇਤੂ ਰਹੇ ਸਨ ਜਦੋਂ ਕਿ ਸਿਮਰਨਜੀਤ ਸਿੰਘ ਮਾਨ ਤੀਜੇ ਸਥਾਨ ਤੇ ਆਏ

ਇਸ ਤੋਂ ਬਾਅਦ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਫਿਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ 2009 ਦੀ ਸੰਗਰੂਰ ਲੋਕ ਸਭਾ ਚੋਣ ਵਿੱਚ ਕਾਂਗਰਸ ਪਾਰਟੀ ਵੱਲੋਂ ਨੌਜਵਾਨ ਆਗੂ ਵਿਜੈਇੰਦਰ ਸਿੰਗਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਉਨ੍ਹਾਂ ਵੱਲੋਂ ਕੁਝ ਹੀ ਦਿਨਾਂ ਵਿੱਚ ਕਾਂਗਰਸ ਦੇ ਹੱਕ ਵਿੱਚ ਜ਼ੋਰਦਾਰ ਲਹਿਰ ਖੜ੍ਹੀ ਕਰ ਦਿੱਤੀ ਇਸ ਚੋਣ ਵਿੱਚ ਵਿਜੈਇੰਦਰ ਸਿੰਗਲਾ ਨੇ ਰਿਕਾਰਡ 3 ਲੱਖ 58 ਹਜ਼ਾਰ 670 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਉਨ੍ਹਾਂ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਪਟਖਣੀ ਦਿੱਤੀ ਸੀ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਹੁੰਦੀ ਹੈ ਤੇ ਉਨ੍ਹਾਂ ਵੱਲੋਂ ਸੰਗਰੂਰ ਹਲਕੇ ਤੋਂ ਭਗਵੰਤ ਮਾਨ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਕਾਂਗਰਸ ਵੱਲੋਂ ਫਿਰ ਵਿਜੈਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਪਰ ਇਸ ਸਾਲ ਆਪ ਦੇ ਹੱਕ ਵਿੱਚ ਚੱਲੀ ਹਨੇਰੀ ਕਾਰਨ ਕਾਂਗਰਸ ਨੂੰ ਮਹਿਜ਼ 1, 81, 410 ਵੋਟਾਂ ਤੇ ਹੀ ਸਬਰ ਕਰਨਾ ਪਿਆ ਅਤੇ ਕਾਂਗਰਸ ਦਾ ਉਮੀਦਵਾਰ ਆਪਣੀ ਜ਼ਮਾਨਤ ਜ਼ਬਤ ਕਰਵਾ ਬੈਠਾ

2019 ਦੀਆਂ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਵੱਡੇ ਉਦਯੋਗਪਤੀ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਜ਼ੋਰਦਾਰ ਟੱਕਰ ਦਿੱਤੀ ਗਈ ਬੇਸ਼ੱਕ ਭਗਵੰਤ ਮਾਨ ਵੱਲੋਂ ਇਹ ਚੋਣ ਵੀ ਜਿੱਤ ਲਈ ਗਈ ਪਰ ਕਾਂਗਰਸ ਨੂੰ ਇਸ ਚੋਣ ਵਿੱਚ 3 ਲੱਖ 3 ਹਜ਼ਾਰ 550 ਵੋਟਾਂ ਹਾਸਲ ਹੋਈਆਂ ਸਨ

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਕਾਂਗਰਸ ਬੁਰੀ ਤਰ੍ਹਾ ਪਾਟੋਧਾੜ ਦਾ ਸ਼ਿਕਾਰ ਹੋ ਗਈ ਸੰਗਰੂਰ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਉਨ੍ਹਾਂ ਵੱਲੋਂ ਚੋਣ ਲੜੀ ਗਈ, ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲਣ ਕਾਰਨ ਕਾਂਗਰਸ ਕਿਸੇ ਵੀ ਹਲਕੇ ਵਿੱਚ ਜਿੱਤ ਹਾਸਲ ਨਹੀਂ ਕਰ ਸਕੀ, ਸਮੁੱਚੇ ਹਲਕਿਆਂ ਵਿੱਚ ਕਾਂਗਰਸ ਨੂੰ 2 ਲੱਖ 35 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਹੋਈਆਂ ਸਨ ਅਤੇ ਉਹ ਆਮ ਆਦਮੀ ਪਾਰਟੀ ਤੋਂ ਬਾਅਦ ਸਮੁੱਚੇ ਲੋਕ ਸਭਾ ਹਲਕੇ ਵਿੱਚ ਦੂਜੇ ਸਥਾਨ ’ਤੇ ਰਹੀ ਸੀ ਪਰ ਮੌਜ਼ੂਦਾ ਹੋਈ ਲੋਕ ਸਭਾ ਚੋਣ ਵਿੱਚ ਕਾਂਗਰਸ ਬਿਲਕੁਲ ਹਾਸ਼ੀਏ ਤੇ ਆ ਗਈ ਇਸ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 79, 668 ਵੋਟਾਂ ਹੀ ਹਾਸਲ ਹੋਈਆਂ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ