ਸਿਦਕ ਸਿਰੜ ਦੀ ਮੂਰਤ ਸ੍ਰੀ ਗੁਰੂ ਅਰਜਨ ਦੇਵ ਜੀ
ਗੁਰੂ ਸਾਹਿਬਾਨ ਵੱਲੋਂ ਦਰਸਾਇਆ ਗਿਆ ਸੱਚ ਦਾ ਇਹ ਮਾਰਗ ਅਧਿਆਤਮਕ ਪੱਖ ਪੂਰਨ ਦੇ ਨਾਲ-ਨਾਲ ਮਨੁੱਖ ਦੇ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਦੀ ਵੀ ਪੂਰਨ ਰੂਪ ’ਚ ਹਾਮੀ ਭਰਦਾ ਹੈ। ਇਸ ਹਾਮੀ ਵਜੋਂ ਹੀ ਗੁਰੂ ਜੀ ਵੱਲੋਂ ਸਿਮਰਨ ਦੇ ਨਾਲ-ਨਾਲ ਸੇਵਾ ਦੇ ਸੰਕਲਪ ਨੂੰ ਵੀ ਜੋੜਿਆ ਗਿਆ ਹੈ। ਇਹ ਸੰਕਲਪ ਕਿਸੇ ਵਿਅਕਤੀ ਨੂੰ ਨਾ ਸਿਰਫ਼ ਧਰਮੀ ਮਨੁੱਖ ਬਣਨ ਤੱਕ ਹੀ ਸੀਮਤ ਰੱਖਦਾ ਹੈ ਸਗੋਂ ਉਸ ਦੀ ਸਮਾਜਿਕ ਸਾਰਥਿਕਤਾ ਨੂੰ ਵੀ ਬਣਾਈ ਰੱਖਦਾ ਹੈ।
ਇਹ ਸਾਰਥਿਕਤਾ ਉਸ ਦੇ ਜੀਵਨ ਦੇ ਅੰਤਿਮ ਉਦੇਸ਼ (ਮੋਕਸ਼) ਦੀ ਪ੍ਰਾਪਤੀ ਲਈ ਵੀ ਕਾਰਗਰ ਸਾਬਤ ਹੁੰਦੀ ਹੈ। ਗੁਰੂ ਸਾਹਿਬ ਵੱਲੋਂ ਕੀਤੇ ਗਏ ਇਹ ਸਰਬ-ਕਲਿਆਣਕਾਰੀ ਉਪਰਾਲੇ ਵਕਤ ਦੀਆਂ ਹਕੂਮਤਾਂ ਦੀਆਂ ਅੱਖਾਂ ਵਿਚ ਹਮੇਸ਼ਾ ਹੀ ਰੜਕਦੇ ਰਹੇ ਹਨ। ਇਸ ਰੜਕ ਕਾਰਨ ਹੀ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਹੇਠ ਬਲਦੀ ਅੱਗ ਦੇ ਸੇਕ ਨੂੰ ਉਸ ਪਰਮ ਪਿਤਾ ਦੇ ਭਾਣੇ ਵਜੋਂ ਪ੍ਰਵਾਨ ਕਰਨਾ ਪਿਆ ਸੀ। ਇਸ ਪ੍ਰਵਾਨਗੀ ਕਾਰਨ ਹੀ ਸਿੱਖ ਜਗਤ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ਼ ਕਹਿ ਕੇ ਸਤਿਕਾਰਦਾ ਹੈ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ 1581 ਈ. ਨੂੰ ਜਦੋਂ ਗੁਰੂ (ਰਾਮਦਾਸ) ਪਿਤਾ ਨੇ ਉਨ੍ਹਾਂ ਨੂੰ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਭੇਜਿਆ ਤਾਂ ਉਨ੍ਹਾਂ ਇਸ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ। ਅਨੰਦ ਕਾਰਜ ਦੀ ਸਮਾਪਤੀ ਤੋਂ ਬਾਅਦ ਜਦੋਂ ਉਹ ਵਾਪਸੀ ਪਾਉਣ ਲੱਗੇ ਤਾਂ ਚੌਥੇ ਪਾਤਸ਼ਾਹ ਨੇ ਲਾਹੌਰ ਵਿਚ ਰਹਿ ਕੇ ਸੰਗਤਾਂ ਦੀ ਅਗਵਾਈ ਕਰਨ ਦਾ ਨਵਾਂ ਹੁਕਮ ਲਾ ਦਿੱਤਾ। ਇਸ ਹੁਕਮ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਮਨੋਂ ਹੀ ਵਿਸਾਰ ਦਿੱਤਾ। ਦਿਨਾਂ ਦੇ ਹਫ਼ਤੇ, ਹਫ਼ਤਿਆਂ ਦੇ ਮਹੀਨੇ ਤੇ ਮਹੀਨਿਆਂ ਦੀਆਂ ਛਿਮਾਹੀਆਂ ਬਣ ਗਈਆਂ ਪਰ ਗੁਰੂ ਕੇ ਚੱਕ ਤੋਂ ਕੋਈ ਸੁਨੇਹਾ ਨਹੀਂ ਆਇਆ।
ਜਦੋਂ ਉਡੀਕ ਦੀਆਂ ਘੜੀਆਂ ਲੰਮੀਆਂ ਹੋ ਗਈਆਂ ਤਾਂ ਸਬਰ ਦਾ ਪਿਆਲਾ ਉਛਾਲੇ ਮਾਰਨ ਲੱਗ ਪਿਆ। ਇਸ ਕਾਰਨ ਉਨ੍ਹਾਂ ਨੇ ਇੱਕ ਪੱਤਰ ਗੁਰੂ ਪਿਤਾ ਵੱਲ ਲਿਖ ਭੇਜਿਆ ਇਸ ਤੋਂ ਬਾਅਦ ਇੱਕ ਹੋਰ ਪੱਤਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਵੱਲ ਭੇਜਿਆ ਗਿਆ ਪਰ ਈਰਖਾਲੂ ਪਿ੍ਰਥੀ ਚੰਦ (ਭਰਾ) ਵੱਲੋਂ ਇਹ ਬਿਰਹਾ ਭਰੇ ਪੱਤਰ ਸਹੀ ਮੰਜ਼ਿਲ ਤੱਕ ਨਹੀਂ ਜਾਣ ਦਿੱਤੇ ਗਏ। ਅਖੀਰ ਇੱਕ ਤੀਸਰੇ ਪੱਤਰ ਨੇ ਇਸ ਸਭ ਕੁਝ ਦਾ ਭੇਤ ਖੋਲ੍ਹ ਦਿੱਤਾ, ਜਿਸ ਨਾਲ ਪਿ੍ਰਥੀ ਚੰਦ ਨੂੰ ਸੰਗਤ ਦੇ ਸਨਮੁੱਖ ਸ਼ਰਮਿੰਦਾ ਹੋਣਾ ਪਿਆ।
ਪੱਤਰਾਂ ਵਿਚਲੀ ਵੇਦਨਾ ਨੂੰ ਪੜ੍ਹ ਕੇ ਗੁਰੂ ਪਿਤਾ ਨੇ ਬਾਬਾ ਬੁੱਢਾ ਜੀ ਨੂੰ ਲਾਹੌਰ ਵੱਲ ਰਵਾਨਾ ਕਰ ਦਿੱਤਾ। ਜਦੋਂ ਵਾਪਸ ਆਏ ਤਾਂ ਪਿਤਾ ਜੀ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਗਏ ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪਿ੍ਰਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. (2 ਅੱਸੂ ਸੰਮਤ 1638) ਨੂੰ ਸ਼ੁੱਕਰਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ। ਇਸ ਥਾਪਣਾ ਸਮੇਂ ਉਨ੍ਹਾਂ ਦੀ ਉਮਰ 18 ਸਾਲ 4 ਮਹੀਨੇ 14 ਦਿਨ ਸੀ।
ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ’ਤੇ ਬੈਠਦਿਆਂ ਸਾਰ ਹੀ ਸਭ ਤੋਂ ਪਹਿਲਾਂ ਪਵਿੱਤਰ ਕਾਰਜ ਰਾਮਦਾਸ ਸਰੋਵਰ ਨੂੰ ਪੱਕਾ ਕਰਨ ਦਾ ਕੀਤਾ। ਇਸ ਕਾਰਜ ਦੀ ਸੰਪੂਰਨਤਾ ਨਾਲ ਉਨ੍ਹਾਂ ਦੇ ਮਨ ਦੀ ਤਸੱਲੀ ਨਹੀਂ ਹੋਈ। ਇਸ ਮੁਕੱਦਸ ਸਰੋਵਰ ਦੇ ਵਿਚਾਲੇ ਉਨ੍ਹਾਂ ਨੇ ਇੱਕ ਅਜਿਹਾ ਮੰਦਿਰ (ਪਰਮੇਸ਼ਰ ਦੀ ਯਾਦ ਦਵਾਉਣ ਲਈ) ਉਸਾਰਨ ਦੀ ਵਿਉਂਤਬੰਦੀ ਕੀਤੀ ਜੋ ਵਿਲੱਖਣਤਾ ਭਰਪੂਰ ਹੋਵੇੇ। ਇਸ ਮੰਦਿਰ (ਹਰਿਮੰਦਰ ਸਾਹਿਬ) ਦੀ ਤਮੀਰ ਕਰਵਾਉਣੀ ਆਪਣੇ-ਆਪ ਵਿਚ ਇੱਕ ਅਨੂਪ ਕਾਰਜ ਸੀ।
ਕਿਉਂਕ ਇਸ ਦੇ ਚਾਰ ਦਰਵਾਜ਼ਿਆਂ ਵਿਚਲਾ ਪ੍ਰਵੇਸ਼ ਧਰਮ, ਨਸਲ, ਜਾਤ, ਰੰਗ, ਦੇਸ਼ ਅਤੇ ਕੌਮ ਨੂੰ ਆਧਾਰ ਮੰਨ ਕੇ ਕੀਤੇ ਜਾਣ ਵਾਲੇ ਵਿਤਕਰਿਆਂ ਤੋਂ ਰਹਿਤ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨੇ ਸਿੱਖੀ ਦੇ ਫੈਲਾਅ ਅਤੇ ਸਿਧਾਂਤਾਂ ਦੇ ਨਿਭਾਅ ਹਿੱਤ ਇੱਕ ਅਹਿਮਤਰੀਨ ਭੂਮਿਕਾ ਅਦਾ ਕੀਤੀ। ਇਨ੍ਹਾਂ ਕਾਰਜਾਂ ਵਿਚੋਂ ਪ੍ਰਮੱਖ ਅਤੇ ਵਡੇਰੇ ਸਤਿਕਾਰ ਵਾਲਾ ਕਾਰਜ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ।
ਇਸ ਵਡਮੱੁਲੇ ਕਾਰਜ ਨੂੰ ਉਨ੍ਹਾਂ ਦੀ ਇੱਕ ਸ਼੍ਰੋਮਣੀ ਪ੍ਰਾਪਤੀ ਵਜੋਂ ਲਿਆ ਜਾਂਦਾ ਹੈ। ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਇੱਕ ਪ੍ਰਤਿਭਾਸ਼ਾਲੀ ਵਿਦਵਾਨ ਵੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭੱਟ ਮਥੁਰਾ ਜੀ ਤਾਂ ਉਨ੍ਹਾਂ ਦੀ ਹਸਤੀ ਨੂੰ ਅਕਾਲ ਪੁਰਖ ਤੋਂ ਵੱਖ ਕਰਕੇ ਹੀ ਨਹੀਂ ਦੇਖਦੇ ਸਨ। ਉਹ (ਮਥੁਰਾ ਜੀ) ਤਾਂ ਇੱਥੋਂ ਤੱਕ ਵੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਨੇ ਪੰਜਵੇਂ ਨਾਨਕ ਨਾਲ ਸੱਚੀ ਪ੍ਰੀਤ ਪਾ ਲਈ ਉਨ੍ਹਾਂ ਪਿਆਰਿਆਂ ਦਾ ਜਨਮ-ਮਰਨ ਹੀ ਕੱਟਿਆ ਜਾਂਦਾ ਹੈ।
ਜਿੱਥੇ ਗੁਰੂ ਅਰਜਨ ਦੇਵ ਜੀ ਉੱਤਰੀ ਭਾਰਤ ਵਿਚ ਪ੍ਰਚਲਿਤ ਭਾਸ਼ਾਵਾਂ ਦੇ ਉਸਤਾਦ ਸਨ, ਉੱਥੇ ਨਾਲ ਹੀ ਸੰਗੀਤਕ ਸੂਝ ਵੀ ਰੱਖਦੇ ਸਨ। ਇਸ ਸੂਝ ਸਦਕਾ ਹੀ ਜਿੱਥੇ ਉਨ੍ਹਾਂ ਨੇ ਆਪ ਇਲਾਹੀ ਬਾਣੀ ਦੀ ਸਿਰਜਣਾ ਕੀਤੀ, ਉੱਥੇ ਆਪਣੇ ਤੋਂ ਪੂਰਬਲੇ ਗੁਰੂ ਸਾਹਿਬਾਨਾਂ, ਵੱਖ-ਵੱਖ ਖਿੱਤਿਆਂ ਨਾਲ ਜੁੜੇ ਹੋਏ ਭਗਤਾਂ ਅਤੇ ਭੱਟਾਂ ਦੀ ਪਵਿੱਤਰ ਬਾਣੀ ਨੂੰ ਇੱਕ ਸੁੱਚੀ ਮਾਲਾ (ਗ੍ਰੰਥ) ਵਿਚ ਪਰੋਣ ਦਾ ਇੱਕ ਅਣਥੱਕ ਜਤਨ ਆਰੰਭ ਕਰ ਦਿੱਤਾ। ਆਪਣੇ ਇਸ ਜਤਨ ਨੂੰ ਸਫ਼ਲਤਾਪੂਰਵਕ ਨੇਪਰੇੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਆਪਣੇ ਸਮੇਂ ਦੇ ਪੰਥਕ ਵਿਦਵਾਨ ਭਾਈ ਗੁਰਦਾਸ (ਗੁਰੂ ਜੀ ਦੇ ਮਾਮਾ) ਜੀ ਦੀਆਂ ਸੇਵਾਵਾਂ ਲਈਆਂ ਗਈਆਂ। ਇਸ ਮਹਾਨ ਤੇ ਵਿਲੱਖਣ ਕਾਰਜ ਦੀ ਸੰਪੂਰਨਤਾ ਭਾਦਰੋਂ ਵਦੀ ਇੱਕ (1604 ਈ.) ਨੂੰ ਹੋਈ। ਇਸ ਵੱਡਆਕਾਰੀ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ 16 ਅਗਸਤ 1604 ਈ. ਦਿਨ ਵੀਰਵਾਰ ਨੂੰ ਕੀਤਾ ਗਿਆ।
ਸਰਬੱਤ ਦੇ ਭਲੇ ਵਾਲੀ ਸੋਚ ਅਤੇ ਲੋਕ ਹਿੱਤਕਾਰੀ ਅਮਲਾਂ ਕਾਰਨ ਗੁਰੂ ਨਾਨਕ ਦਰਬਾਰ ਦੀ ਹਰਮਨਪਿਆਰਤਾ ਦਿਨੋ-ਦਿਨ ਵਧ ਰਹੀ ਸੀ। ਇਹ ਹਰਮਨਪਿਆਰਤਾ ਤੱਤਕਾਲੀ ਹਕੂਮਤ (ਜਹਾਂਗੀਰ ਤੇ ਉਸ ਦੇ ਚੇਲੇ-ਚਾਟੜੇ) ਅਤੇ ਗੁਰੂ ਘਰ ਦੇ ਦੋਖੀਆਂ ਦੀ ਅੱਖ ਵਿਚ ਰੜਕਣ ਲੱਗ ਪਈ ਸੀ। ਇਸ ਰੜਕ ਨੇ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਢ ਬੰਨ੍ਹਣ ਵਿਚ ਆਪਣਾ ਨਿੰਦਣਯੋਗ ਰੋਲ ਅਦਾ ਕੀਤਾ ਸੀ।
ਗੁਰੂ ਅਰਜਨ ਦੇਵ ਜੀ ਦੇ ਸਮਕਾਲ ਸਰਹਿੰਦ ਦੇ ਇਲਾਕੇ ਵਿਚ ਨਕਸ਼ਬੰਦੀ ਸਿਲਸਲੇ ਨਾਲ ਸੰਬੰਧਤ ਸ਼ੇਖ ਅਹਿਮਦ ਫਾਰੂਕੀ ਦੀ ਪੂਰੀ ਚੜ੍ਹਾਈ ਸੀ। ਉਹ ਆਪਣੇ-ਆਪ ਨੂੰ ਕਿਊਮ ਅਖਵਾਉਂਦਾ ਤੇ ਸਾਰੀ ਧਰਤੀ ਤੇ ਅਸਮਾਨ ’ਤੇ ਆਪਣਾ ਅਧਿਕਾਰ ਜਤਾਉਂਦਾ ਸੀ। ਬਾਦਸ਼ਾਹ ਅਕਬਰ ਦੀ ਦਰਿਆਦਿਲੀ ਨੂੰ ਉਹ ਇਸਲਾਮ ਦੀ ਕਮਜ਼ੋਰੀ ਸਮਝਦਾ ਸੀ। ਇਸ ਕਮਜ਼ੋਰੀ ਨੂੰ ਦੂਰ ਕਰਕੇ ਇਸਲਾਮ ਦਾ ਬੋਲਬਾਲਾ ਕਰਨਾ ਉਹ ਆਪਣਾ ਨਿੱਜੀ ਤੇ ਮੁਕੱਦਸ ਕਰਤੱਵ ਸਮਝਦਾ ਸੀ। ਇਸ ਕਰਤੱਵ ਦੀ ਪਾਲਣਾ ਹਿੱਤ ਹੀ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ‘ਇਮਾਮ-ਏ-ਕੁਫ਼ਰ’ ਦਾ ਫ਼ਤਵਾ ਦਿੱਤਾ ਅਤੇ ਉਨ੍ਹਾਂ ਦਾ ਮਲੀਆਮੇਟ ਕਰਨ ਲਈ ਇੱਕ ਕੱਟੜ ਸੋਚ ਦੇ ਮਾਲਕ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨ ਲੱਗ ਪਿਆ।
ਬਾਦਸ਼ਾਹ ਜਹਾਂਗੀਰ ਇੱਕ ਤਾਂ ਕੰਨਾਂ ਦਾ ਕੱਚਾ ਸੀ, ਦੂਜਾ ਉਸ ਨੂੰ ਆਪਣੇ ਰਾਜ-ਭਾਗ ਦੀ ਲੰਮੀ ਉਮਰ ਲਈ ਕੱਟੜਪੰਥੀਆਂ ਦਾ ਸਹਿਯੋਗ ਚਾਹੀਦਾ ਸੀ। ਇਸ ਲਈ ਉਸ ਨੇ ਬੁਲਾਵਾ ਭੇਜ ਕੇ ਗੁਰੂ ਸਾਹਿਬ ਨੂੰ ਲਾਹੌਰ ਬੁਲਾ ਲਿਆ। ਜੇਕਰ ‘ਤੁਜ਼ਿਕੇ ਜਹਾਂਗੀਰੀ’ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਬਾਦਸ਼ਾਹ ਆਪ ਵੀ ਪੰਜਵੇਂ ਗੁਰਾਂ ਪ੍ਰਤੀ ਆਪਣੇ ਦਿਲ ਵਿਚ ਨਫ਼ਰਤ ਭਰੀ ਬੈਠਾ ਸੀ। ਉਸ ਦੇ ਦਿਲ ਵਿਚਲੀ ਨਫ਼ਰਤ ਤੇ ਮਜ਼ਹਬੀ ਤੰਗਦਿਲੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਚ ਆਪਣਾ ਭਰਵਾਂ ਯੋਗਦਾਨ ਪਾਇਆ।
ਜਹਾਂਗੀਰ ਦਾ ਹੁਕਮ ਪਾ ਕੇ ਮੁਰਤਜ਼ਾ ਖਾਂ ਗੁਰਦੇਵ ਨੂੰ ਗਿ੍ਰਫ਼ਤਾਰ ਕਰਕੇ ਲਾਹੌਰ ਲੈ ਗਿਆ। ਝੂਠ-ਸੱਚ ਨੂੰ ਨਿਤਾਰਨ ਤੋਂ ਬਗ਼ੈਰ ਹੀ ਉਸ ਨੇ ਗੁਰੂ ਸਾਹਿਬ ਨੂੰ ਚੰਦਰੀ ਨੀਅਤ ਵਾਲੇ ਚੰਦੂ ਦੇ ਹਵਾਲੇ ਕਰ ਦਿੱਤਾ। ਜਾਨ ਲੈਣ ਨਾਲੋਂ ਚੰਦੂ ਗੁਰੂ ਸਾਹਿਬ ਕੋਲੋਂ ਆਪਣੀ ਈਨ ਮਨਵਾਉਣ ਨੂੰ ਵਧੇਰੇ ਤਰਜ਼ੀਹ ਦੇਣ ਲੱਗਾ ਪਿਆ। ਇਸ ਤਰਜ਼ੀਹ ਅਨੁਸਾਰ ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਆਪਣੀਆਂ ਤਿੰਨ ਸ਼ਰਤਾਂ ਰੱਖ ਦਿੱਤੀਆਂ, ਜੋ ਇਸ ਪ੍ਰਕਾਰ ਸਨ- ਪਹਿਲੀ, ਮੁਸਲਮਾਨ ਬਣ ਜਾਣ ਦੀ।
ਦੂਜੀ, ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਵਿਚ ਚੰਦ ਸ਼ਬਦ ਲਿਖ ਦੇਣ ਦੀ। ਤੀਜੀ, ਸਾਹਿਬਜ਼ਾਦੇ (ਹਰਗੋਬਿੰਦ ਸਾਹਿਬ) ਵਾਸਤੇ ਉਸ (ਚੰਦੂ) ਦੀ ਬੇਟੀ ਦਾ ਸਾਕ ਸਵੀਕਾਰ ਕਰਨ ਦੀ। ਪਹਿਲੀ ਸ਼ਰਤ ਦੇ ਜਵਾਬ ਵਿਚ ਗੁਰੂ ਸਾਹਿਬ ਨੇ ਚੰਦੂ ਨੂੰ ਦਲੀਲ ਸਹਿਤ ਸਮਝਾਉਂਦਿਆਂ ਕਿਹਾ ਕਿ ਜੋ ਇਨਸਾਨ ਕਿਸੇ ਲਾਲਚ ਜਾਂ ਡਰ ਕਾਰਨ ਆਪਣਾ ਧਰਮ ਤਿਆਗ ਦਿੰਦਾ ਹੈ ਉਹ ਕਿਸੇ ਵੀ ਧਰਮ ਜੋਗਾ ਨਹੀਂ ਰਹਿ ਜਾਂਦਾ।
ਕਿਉਂਕਿ ਧਰਮ ਕੇਵਲ ਬਾਹਰੀ ਦਿਖਾਵਾ ਹੀ ਨਹੀਂ ਸਗੋਂ ਇੱਕ ਜੀਵਨ-ਜਾਚ ਵੀ ਹੁੰਦਾ ਹੈ। ਦੂਜੀ ਸ਼ਰਤ ਨੂੰ ਰੱਦ ਕਰਦਿਆਂ ਗੁਰੂ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਇਲਾਹੀ ਕਿਰਤ ਹੈ ਜੋ ਕਰਤਾਪੁਰਖ ਦੇ ਹੁਕਮ ਵਿਚ ਰਹਿ ਕੇ ਪ੍ਰਵਾਨ ਚੜ੍ਹੀ ਹੈ, ਹੁਣ ਇਸ ਵਿਚ ਕਿਸੇ ਇੱਕ ਅਖ਼ਰ ਦਾ ਵੀ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ। ਤੀਜੀ ਗੱਲ ਜੋ ਤੇਰੀ ਬੇਟੀ ਦਾ ਸਾਕ ਨਾ ਲੈਣ ਬਾਰੇ ਹੈ ਇਹ ਫੈਸਲਾ ਗੁਰੂ ਕੀ ਸੰਗਤ ਵੱਲੋਂ ਸਮੂਹਿਕ ਰੂਪ ਵਿਚ ਕੀਤਾ ਗਿਆ ਹੈ, ਜਿਸ ਨੂੰ ਪਲਟਾਉਣਾ ਸਾਡੇ ਵੱਸੋਂ ਬਾਹਰੀ ਗੱਲ ਹੈ।ਚੌਥੀ ਗੱਲ ਜੋ ਤਸੀਹੇ ਸਹਿਣ ਦੀ ਹੈ, ਉਸ ਨੂੰ ਅਸੀਂ ਪਰਮੇਸ਼ਰ ਦਾ ਭਾਣਾ ਸਮਝ ਕੇ ਖਿੜੇ ਮੱਥੇ ਕਬੂਲ ਕਰਨ ਲਈ ਤਿਆਰ ਹਾਂ।
ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਖਰੀਆਂ-ਖਰੀਆਂ ਸੁਣ ਕੇ ਚੰਦੂ ਪਾਪੀ ਅਤੇ ਉਸ ਦੀ ਲਾਬੀ ਨੇ ਗੁਰੂ ਸਾਹਿਬ ਨੂੰ ਯਾਸਾ (ਖੂਨ ਡੋਲ੍ਹਣ ਤੋਂ ਬਗੈਰ) ਦੇ ਕਾਨੂੰਨ ਤਹਿਤ ਸਖ਼ਤ ਸਜ਼ਾਵਾਂ ਦੇਣ ਦੀ ਧਾਰ ਲਈ। ਇਨ੍ਹਾਂ ਸਜ਼ਾਵਾਂ ਤਹਿਤ ਗੁਰੂ ਸਾਹਿਬ ਨੂੰ ਜੇਠ ਮਹੀਨੇ ਦੀ ਕੜਕਦੀ ਧੁੱਪੇ ਤੱਤੀ ਤਵੀ ’ਤੇ ਬਿਠਾ ਕੇ ਨੰਗੇ ਜਿਸਮ ਉੱਪਰ ਗਰਮ ਰੇਤ ਦੇ ਕੜਛੇ ਵੀ ਪਾਏ ਗਏ। ਇਸ ਅਕਹਿ ਅਤੇ ਅਸਹਿ ਤਸ਼ੱਦਦ ਨੂੰ ਪੰਜਵੇਂ ਪਾਤਸ਼ਾਹ ਨੇ ‘ਦੁਖ ਵਿਚਿ ਸੂਖ ਮਨਾਈ’ ਦੀ ਅਵਸਥਾ ਵਜੋਂ ਲੈਂਦਿਆਂ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਅਤੇ 30 ਮਈ 1606 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ।
ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇੱਕ ਇਨਕਲਾਬੀ ਮੋੜ ਵੱਲ ਮੋੜਨ ਦੇ ਨਾਲ-ਨਾਲ ਸਿੱਖ ਧਰਮ ਨੂੰ ਇੱਕ ਨਵੀਨ ਮੁਹਾਂਦਰਾ ਵੀ ਪ੍ਰਦਾਨ ਕੀਤਾ ਜਿਸ ਨੂੰ ਮੀਰੀ ਅਤੇ ਪੀਰੀ ਦੇ ਸਮਤੋਲ ਵਜੋਂ ਲਿਆ ਜਾਂਦਾ ਹੈ।
ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਨਸ਼ਨ (ਹੈਬੋਵਾਲ) ਮੋ. 94631-32719
ਰਮੇਸ਼ ਬੱਗਾ ਚੋਹਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ