ਕਾਂਗਰਸ ਰਾਜ ਵਿੱਚ ਮਦਨ ਲਾਲ ਜਲਾਲਪੁਰ ਨੇ ਲਈ ਸੀ ਆਪਣੇ ਪੁੱਤਰ ਲਈ ਕੁਰਸੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਜਲਾਲਪੁਰ (Gagandeep Jalalpur) ਦਾ ਲਗਜ਼ਰੀ ਦੌਰ ਖ਼ਤਮ ਹੋ ਗਿਆ ਹੈ। ਪਿਤਾ ਦੀ ਸਿਫ਼ਾਰਸ਼ ’ਤੇ ਮਿਲੀ ਡਾਇਰੈਕਟਰ ਦੀ ਕੁਰਸੀ ਨੂੰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੋਹ ਲਿਆ ਗਿਆ ਹੈ। ਗਗਨਦੀਪ ਜਲਾਲਪੁਰ ਨੂੰ ਕਾਂਗਰਸ ਸਰਕਾਰ ਦੌਰਾਨ ਪਾਵਰਕਾਮ ਦਾ ਡਾਇਰੈਕਟਰ ਲਗਾਇਆ ਗਿਆ ਸੀ। ਗਗਨਦੀਪ ਦੇ ਡਾਇਰੈਕਟਰ ਲੱਗਣ ਤੋਂ ਬਾਅਦ ਕਾਂਗਰਸ ਦੇ ਬਾਕੀ ਲੀਡਰ ਵੀ ਕਾਫ਼ੀ ਜਿਆਦਾ ਨਰਾਜ਼ ਹੋਏ ਸਨ, ਕਿਉਂਕਿ ਕਾਂਗਰਸ ਨੂੰ ਸੱਤਾ ਵਿੱਚ ਲੈ ਕੇ ਆਉਣ ਲਈ ਜਿਹੜੇ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਸੀ, ਉਨਾਂ ਨੂੰ ਇਹੋ ਜਿਹੇ ਅਹੁਦਿਆਂ ‘ਤੇ ਬਿਰਾਜਮਾਨ ਕਰਨ ਦੀ ਥਾਂ ‘ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਹੀ ਇਸ ਦਾ ਤਰ੍ਹਾਂ ਦਾ ਫਾਇਦਾ ਦਿੱਤਾ ਜਾ ਰਿਹਾ ਸੀ ਪਰ ਕਾਂਗਰਸ ਦੀ ਸਰਕਾਰ ਵੱਲੋਂ ਆਪਣੇ ਵਿਧਾਇਕ ਨੂੰ ਨਾਰਾਜ਼ ਕਰਨ ਦੀ ਥਾਂ ‘ਤੇ ਆਪਣੇ ਵਰਕਰਾਂ ਨੂੰ ਨਾਰਾਜ਼ ਕਰਨਾ ਠੀਕ ਸਮਝਿਆ ਗਿਆ, ਜਿਸ ਕਾਰਨ ਗਗਨਦੀਪ ਜਲਾਲਪੁਰ ਨੂੰ ਇਹ ਕੁਰਸੀ ਮਿਲ ਗਈ ਸੀ।
ਪਿਛਲੀ ਕਾਂਗਰਸ ਸਰਕਾਰ ਵਿੱਚ ਗਗਨਦੀਪ ਪਾਵਰਕਾਮ ਦੇ ਡਾਇਰੈਕਟਰ ਲਗਾਏ ਜਾਣ ਤੋਂ ਬਾਅਦ ਸੱਤਾ ਤੋਂ ਕਾਂਗਰਸ ਬਾਹਰ ਹੋ ਗਈ ਅਤੇ ਮਦਨ ਲਾਲ ਜਲਾਲਪੁਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸੱਤਾ ਵਿੱਚ ਨਹੀਂ ਹੋਣ ਦੇ ਚੱਲਦੇ ਵੀ ਗਗਨਦੀਪ ਜਲਾਲਪੁਰ ਵੱਲੋਂ ਅਸਤੀਫ਼ਾ ਦੇਣ ਦੀ ਥਾਂ ’ਤੇ ਆਪਣੀ ਕੁਰਸੀ ਨੂੰ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਗਗਨਦੀਪ ਸਿੰਘ ਲਗਾਤਾਰ ਡਾਇਰੈਕਟਰ ਦੇ ਅਹੁਦੇ ‘ਤੇ ਬਣੇ ਹੋਏ ਸਨ ਅਤੇ ਉਨਾਂ ਨੂੰ ਇਸ ਦੇ ਵਜੋਂ ਮਾਨ ਭੱਤਾ ਵੀ ਬਕਾਇਦਾ ਮਿਲਦਾ ਰਿਹਾ ਹੈ।
ਗਗਨਦੀਪ ਜਲਾਲਪੁਰ ਵੱਲੋਂ ਅਸਤੀਫ਼ਾ ਨਾ ਦੇਣ ਦੀ ਸੂਰਤ ਵਿੱਚ ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਦੀ ਇਜਾਜ਼ਤ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਗਗਨਦੀਪ ਜਲਾਲਪੁਰ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਆਦੇਸ਼ ਬਿਜਲੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਦੇ ਦਸਤਖ਼ਤ ਹੇਠ ਜਾਰੀ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ