ਕਿਹਾ, ਨਸ਼ਾ ਤਸਕਰੀ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ, ਹੋਵੇਗੀ ਸਖ਼ਤ ਤੋਂ ਸਖ਼ਤ ਕਾਰਵਾਈ
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਲੋਕਾਂ ਦੀ ਸ਼ਿਕਾਇਤ ਅਤੇ ਸੂਚਨਾ ’ਤੇ ਕਾਰਵਾਈ ਕਰਦਿਆਂ ਗੁਰੂ ਤੇਗ਼ ਬਹਾਦਰ ਨਗਰ ਵਿਖੇ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਫੜ ਪੁਲਿਸ ਦੇ ਹਵਾਲੇ ਕੀਤਾ। ਵਿਧਾਇਕ ਨੇ ਕਿਹਾ ਕਿ ਨਸ਼ਾ ਤਸਕਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੋ ਵੀ ਕੋਈ ਨਸ਼ਾ ਵੇਚਦਾ ਜਾਂ ਲੈਂਦਾ ਫੜਿਆ ਜਾਂਦਾ ਹੈ ਤਾਂ ਉਹ ਆਪ (ਸੇਖੋਂ) ਸੁਨਿਸ਼ਚਿਤ ਕਰਨਗੇ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।
ਨਗਰ ਨਿਵਾਸੀਆਂ ਅਨੁਸਾਰ ਪਹਿਲਾਂ ਵੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਾ ਹੋਣ ’ਤੇ ਉਨ੍ਹਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਕੋਲ ਸ਼ਿਕਾਇਤ ਕੀਤੀ ਅਤੇ ਇਸਦਾ ਤੁਰੰਤ ਨੋਟਿਸ ਲੈਂਦਿਆਂ ਵਿਧਾਇਕ ਨੇ ਐਕਸ਼ਨ ਲਿਆ ਅਤੇ ਮੌਕੇ ’ਤੇ ਪਹੁੰਚ ਕੇ 11 ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਿਨ੍ਹਾਂ ਵਿਚ 2 ਪੁਲਿਸ ਵਾਲੇ ਵੀ ਸ਼ਾਮਲ ਸਨ।
ਗੁਰਦਿੱਤ ਸੇਖੋਂ ਨੇ ਕਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੋਕਾਂ ਨਾਲ ਇਹ ਵਾਅਦਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਦਲਦਲ ’ਚੋਂ ਬਾਹਰ ਕੱਢ ਰੁਜ਼ਗਾਰ ਵਾਲੇ ਪਾਸੇ ਪ੍ਰੇਰਿਤ ਕੀਤਾ ਜਾਵੇਗਾ ਅਤੇ ਸਰਿੰਜਾਂ ਵਾਲੇ ਹੱਥਾਂ ਵਿਚ ਟਿਫਨ ਫੜਾਏ ਜਾਣਗੇ । ਮੇਰੇ ਕੋਲ ਅਗਰ ਕਿਸੇ ਵੀ ਤਰ੍ਹਾਂ ਦੀ ਨਸ਼ਾ ਵੇਚਣ ਜਾਂ ਖਰੀਦਣ ਦੀ ਖ਼ਬਰ ਆਉਂਦੀ ਹੈ ਤਾਂ ਉਹ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਾਂਗਾ। ਸਾਡਾ ਇੱਕੋ ਟੀਚਾ ਹੈ ਕਿ ਕੋਈ ਵੀ ਪਰਿਵਾਰ ਨਸ਼ੇ ਕਾਰਨ ਉਜੜੇ ਨਾ, ਤਾਂ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਰੋਜ਼ ਪੰਜਾਬ ਨੂੰ ਨਸ਼ਿਆਂ ਦੀ ਕੁਰੀਤੀ ਚੋਂ ਕੱਢਣ ਲਈ ਕੰਮ ਕਰ ਰਹੇ ਹਨ। ਪਰ, ਇਸ ਵਿੱਚ ਹਰ ਕਿਸੇ ਦਾ ਸਹਿਯੋਗ ਅਹਿਮ ਹੈ, ਇਸ ਲਈ ਉਨ੍ਹਾਂ ਗੁਰੂ ਤੇਗ ਬਹਾਦਰ ਨਗਰ ਨਿਵਾਸੀਆਂ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਨਿਭਾਇਆ ਅਤੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਪੁਲਿਸ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰੇ। ਨਸ਼ਾ ਮਾਫ਼ੀਆ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਅਤੇ ਦੂਰ ਤੱਕ ਫੈਲੀਆਂ ਹਨ ਪਰ ਆਪ ਸਰਕਾਰ ਇਸ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ ਹੈ ਅਤੇ ਦਿਨ ਰਾਤ ਇਸ ਲਈ ਕੰਮ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ