ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੀ ਬਣਾਈ ਸਰਕਾਰ, ਪਰ ਚਲਾਈ ਜਾ ਰਹੀ ਐ ਬਾਹਰਲੇ ਵਿਅਕਤੀ ਵੱਲੋਂ
ਪਟਿਆਲਾ ਦੇ ਐਨਆਈਐਸ ਦਾ ਵੀ ਕੀਤਾ ਦੌਰਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੀ ਆਪ ਸਰਕਾਰ ਰਾਜਨੀਤਿਕ ਮਨਸੂਬਿਆਂ ਦੀ ਖਾਤਰ ਪੁਲਿਸ ਦੀ ਦੁਰਵਰਤੋਂ ’ਤੇ ਉੱਤਰ ਆਈ ਹੈ ਅਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਦਬਾਉਣ ’ਤੇ ਲੱਗੀ ਹੋਈ ਹੈ। ਲੋਕਾਂ ਨੇ ਪੰਜਾਬ ਦੀ ਕੁਰਸੀ ’ਤੇ ਇੱਥੋਂ ਦੇ ਵਿਅਕਤੀਆਂ ਨੂੰ ਬਿਠਾਇਆ ਹੈ, ਜਦਕਿ ਸਾਰੇ ਕੰਮ ਬਾਹਰ ਵਾਲਿਆਂ ਦੇ ਇਸ਼ਾਰੇ ’ਤੇ ਹੀ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੁੱਜੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਐਨਆਈਐਸ ਦਾ ਵੀ ਦੌਰਾ ਕੀਤਾ ਗਿਆ। ਸ੍ਰੀ ਠਾਕੁਰ ਨੇ ਕਿਹਾ ਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ ਤੇ ਰਹਿਣਾ ਚਾਹੀਦਾ ਹੈ, ਜਿਸ ਨੂੰ ਕਦੇ ਵੀ ਕਿਸੇ ਦੀ ਨਜਰ ਨਹੀਂ ਲੱਗਣੀ ਚਾਹੀਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਪੰਜਾਬ ਸਾਂਭਣ ਦੀ ਜਿੰਮੇਵਾਰੀ ਮਿਲੀ ਹੈ ਉਹ ਆਪਣੀ ਜਿੰਮੇਵਾਰੀ ਕਿਸੇ ਵੀ ਬਾਹਰ ਵਾਲੇ ਵਿਅਕਤੀ ਨੂੰ ਦੇ ਕੇ ਸਿਰਫ ਕੁਰਸੀ ’ਤੇ ਬੈਠਣ ਦਾ ਹੀ ਕੰਮ ਕਰ ਰਹੇ ਹਨ।
ਉਨ੍ਹਾਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੜੇ ਹੱਥੀ ਲੈਂਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ। ਜੇਕਰ ਕੋਈ ਵੀ ਵਿਅਕਤੀ ਸਵਾਲ ਖੜ੍ਹਾ ਕਰਦਾ ਹੈ ਤਾਂ ਉਸ ’ਤੇ ਪੁਲਿਸ ਦਾ ਦੁਰਪ੍ਰਯੋਗ ਕੀਤਾ ਜਾ ਰਿਹਾ ਹੈ। ਪਾਰਟੀ ਨੂੰ ਪੁਲਿਸ ਪਾਵਰ ਮਿਲਦਿਆਂ ਹੀ ਮਨਸੂਬੇ ਬਦਲ ਚੁੱਕੇ ਹਨ ਤੇ ਸੱਤਾ ਪਾਉਣ ਲਈ ਕਿਸੇ ਨਾਲ ਹੀ ਹੱਥ ਮਿਲਾਉਣਾ ਕੋਈ ਵੀ ਚੰਗੀ ਗੱਲ ਨਹੀਂ ਹੈ। ਕਿਉਂਕਿ ਕੌਣ ਵਿਅਕਤੀ ਪੰਜਾਬ ਦਾ ਹਿਤੈਸੀ ਹੈ ਜਾਂ ਕੌਣ ਵਿਰੋਧੀ ਹੈ, ਇਹ ਸਾਰੀਆਂ ਗੱਲਾਂ ਆਪਣੇ ਆਪ ਹੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਉਨ੍ਹਾਂ ਭਾਜਯੂਮੋ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗਿ੍ਰਫਤਾਰੀ ਸਬੰਧੀ ਦਿੱਲੀ ਤੇ ਪੰਜਾਬ ਪੁਲਿਸ ਵਿਚਕਾਰ ਛਿੜੇ ਵਿਵਾਦ ਦਾ ਜਵਾਬ ਦਿੰਦਿਆਂ ਆਖਿਆ ਕਿ ਕਿਸੇ ਵੀ ਦੂਸਰੇ ਸੂਬੇ ਦੀ ਪੁਲਿਸ ਉਥੇ ਪੁੱਜ ਕੇ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਲੈ ਜਾ ਸਕਦੀ ਹੈ ਪਰ ਅਜਿਹਾ ਕਰਨ ਤੋਂ ਪਹਿਲਾਂ ਦੂਸਰੇ ਸੂਬੇ ਦੀ ਪੁਲਿਸ ਨੂੰ ਸਬੰਧਤ ਥਾਣੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਇਸ ਕਾਰਵਾਈ ਨੂੰ ਸ਼ੁਰੂ ਕੀਤਾ ਜਾਂਦਾ ਹੈ ਪਰ ਪੰਜਾਬ ਪੁਲਿਸ ਨੇ ਬਿਨ੍ਹਾਂ ਕੋਈ ਰਾਬਤਾ ਕੀਤਿਆਂ ਹੀ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਹੀ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਵਿਚਕਾਰ ਵਿਵਾਦ ਛਿੜਿਆ ਹੈ। ਜੇਕਰ ਪੁਲਿਸ ਹੀ ਕਾਨੂੰਨ ਤੋੜੇਗੀ ਤਾਂ ਲੋਕ ਕਿਸ ਕੋਲ ਜਾਣਗੇ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਕਿਤੇ ਵੀ ਨਹੀਂ ਹੈ ਅਤੇ ਉਥੋਂ ਦੇ ਲੋਕ ਝੂਠੇ ਦਾਅਵੇ ਕਰਨ ਵਾਲੀ ਪਾਰਟੀ ’ਤੇ ਯਕੀਨ ਨਹੀਂ ਕਰਨਗੇ।
ਐਨਆਈਐਸ ’ਚ ਬਣਾਇਆ ਜਾਵੇਗਾ ਆਊਟਡੋਰ ਟਰੈਕ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਐਨਆਈਐਸ ਵਿੱਚ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ’ਚੋਂ ਖਿਡਾਰੀ ਖੇਡਣ ਲਈ ਆਉਂਦੇ ਹਨ। ਖਿਡਾਰੀਆਂ ਨੂੰ ਅੰਦਰ ਹੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਲਈ ਨਵਾਂ ਟ੍ਰੈਕ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦਾ ਫਾਇਦਾ ਖਿਡਾਰੀਆਂ ਨੂੰ ਮਿਲੇਗਾ। ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸਾ-ਨਿਰਦੇਸਾਂ ’ਤੇ ਓਲੰਪਿਕ, ਪੈਰਾਓਲੰਪਿਕ, ਕਾਮਨਵੈਲਥ ਗੇਮਜ ਤੇ ਹੋਰ ਖੇਤਰ ਵਿੱਚ ਪੁਲਾਘਾਂ ਪੁੱਟਣ ਲਈ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੇਣ ਲਈ ਕਰੋੜਾਂ ਰੁਪਏ ਦੀ ਡਾਇਟ, ਸਮਾਨ ਦਿੱਤਾ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ