ਰੱਬ ਦੀਆਂ ਨਿਆਮਤਾਂ
ਇੰਦਰਪਾਲ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਪਰ ਮਾਪਿਆਂ ਚੰਗਾ ਪੜ੍ਹਾ-ਲਿਖਾ ਦਿੱਤਾ, ਤੇ ਇੰਦਰਪਾਲ ਸਰਕਾਰੀ ਨੌਕਰੀ ਵੀ ਲੱਗ ਗਿਆ ਨੌਕਰੀ ਕਰਦਿਆਂ ਉਸ ਨੇ ਗਰੀਬ-ਅਮੀਰ ਕਿਸੇ ਨੂੰ ਨਾ ਬਖਸ਼ਿਆ ਦਿਲ ਭਰ ਕੇ ਫਰਾਡ ਕੀਤਾ ਖੁੱਲ੍ਹੀ ਰਿਸ਼ਵਤ ਲਈ, ਘਰ ਪਾ ਲਿਆ, ਗੱਡੀ ਲੈ ਲਈ, ਚੰਗੇ ਕੱਪੜੇ ਪਾਉਣ ਲੱਗ ਪਿਆ, ਤੇ ਉਸ ਦਾ ਬੋਲਚਾਲ, ਬਹਿਣ-ਉੱਠਣ ਬਿਲਕੁਲ ਈ ਬਦਲ ਗਿਆ ਪੈਸੇ ਦੀ ਆਕੜ ਵਿੱਚ ਸਾਰਾ ਦਿਨ ਮੁੱਛਾਂ ਨੂੰ ਵੱਟ ਚੜ੍ਹਾਉਂਦਾ ਰਹਿੰਦਾ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ ਇੱਕ ਦਿਨ ਛੁੱਟੀ ਵਾਲੇ ਦਿਨ ਉਸ ਨੂੰ ਨਿੰਦਰ ਮਿਲਿਆ, ਜੋ ਕਿਸੇ ਸਮੇਂ ਉਸ ਦੇ ਨਾਲ ਪੜ੍ਹਦਾ ਸੀ ਇੰਦਰਪਾਲ ਨੇ ਪੁੱਛਿਆ, ‘‘ਓ ਕਿਵੇਂ ਨਿੰਦਰਾ?’’ ਨਿੰਦਰ ਬੋਲਿਆ, ‘‘ਤੇਰੇ ਅਰਗੇ ਤਾਂ ਨਹੀਂ ਭਰਾਵਾ, ਤੇਰੀ ਤਾਂ ਤੂਤੀ ਬੋਲਦੀ ਆ ਅੱਜ-ਕੱਲ੍ਹ!’’ ਤੇ ਇੰਦਰਪਾਲ ਨੇ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ,
‘‘ਸਭ ਦਿਮਾਗ ਦੀਆਂ ਗੱਲਾਂ ਨੇ ਕਾਕਾ ਦਿਮਾਗ ਦੀਆਂ ਚੱਲ ਮੈਨੂੰ ਇੱਕ ਗੱਲ ਦੱਸ ਨਿੰਦਰਾ, ਦੁਨੀਆਂ ’ਤੇ ਸਭ ਤੋਂ ਜਬਰਦਸਤ ਚੀਜ ਕਿਹੜੀ ਆ?’’ ‘‘ਜਬਰਦਸਤ ਚੀਜ… ਜਬਰਦਸਤ ਚੀਜ ਤਾਂ ਤੰਦਰੁਸਤੀ ਤੇ ਸੁਖ-ਸ਼ਾਂਤੀ ਆ ਬਾਈ ਸਿਆਂ’’ ਨਿੰਦਰ ਨੇ ਜਵਾਬ ਦਿੱਤਾ ‘‘ਓਏ ਜਾ ਪਰੇ ਅਨਪੜ੍ਹਾਂ ਆਲੀ ਗੱਲ… ਸਭ ਤੋਂ ਜਬਰਦਸਤ ਚੀਜ ਆ ਪੈਸਾ… ਪੈਸਾ ਨਿੰਦਰਾ ਪੈਸਾ, ਪੈਸਾ ਹੈ ਤਾਂ ਸਭ ਕੁਝ ਹੈ, ਪੈਸੇ ਨਾਲ ਹਰ ਚੀਜ਼ ਖਰੀਦੀ ਜਾ ਸਕਦੀ ਐ!’’ ਨਿੰਦਰ ਬੋਲਿਆ, ‘‘ਨਹੀਂ ਬਾਈ! ਪੈਸਾ ਤਾਂ ਹੱਥਾਂ ਦੀ ਮੈਲ ਆ, ਤੇ ਤੰਦਰੁਸਤੀ ਤੇ ਸੁਖ-ਸ਼ਾਂਤੀ ਅਰਗੀਆਂ ਚੀਜਾਂ ਰੱਬ ਦੀਆਂ ਨਿਆਮਤਾਂ?’’ ‘‘ਓਏ ਨਹੀਂ ਨਿੰਦਰਾ, ਇਹ ਸਭ ਚੀਜਾਂ ਪੈਸੇ ਤੋਂ ਥੱਲੇ ਆ, ਪੈਸਾ ਹੈ ਤਾਂ ਸਭ ਕੁਝ ਹੈ!’’ ‘‘ਪਰ ਬਾਈ ਮੈਂ ਤੇਰੀ ਏਸ ਗੱਲ ਨਾਲ ਸਹਿਮਤ ਨਹੀਂ!’’?ਏਨਾ ਕਹਿ ਨਿੰਦਰ ਆਪਣੇ ਘਰ ਨੂੰ ਤੁਰ ਗਿਆ।
ਇਸ ਗੱਲ ਨੂੰ ਅਜੇ ਕੁਝ ਕੁ ਦਿਨ ਈ ਬੀਤੇ ਸਨ ਕਿ ਅਚਾਨਕ ਇੰਦਰਪਾਲ ਦਾ ਐਕਸੀਡੈਂਟ ਹੋ ਗਿਆ, ਉਸ ਦੀਆਂ ਦੋਵੇਂ ਲੱਤਾਂ ਪੂਰੀ ਤਰ੍ਹਾਂ ਨਕਾਰਾ ਹੋ ਗਈਆਂ, ਉਸਦੇ ਘਰਵਾਲੇ ਉਸ ਨੂੰ ਕਦੇ ਕਿਸੇ ਹਸਪਤਾਲ ਲੈ ਕੇ ਜਾਂਦੇ ਤੇ ਕਦੇ ਕਿਸੇ ਹਸਪਤਾਲ… ਪਰ ਡਾਕਟਰਾਂ ਅਨੁਸਾਰ ਹੁਣ ਉਹ ਕਦੇ ਤੁਰ ਨਹੀਂ ਸਕਦਾ ਸੀ! ਇੰਦਰਪਾਲ ਬਹੁਤ ਪ੍ਰੇਸ਼ਾਨ ਹੋ ਗਿਆ ਘਰ ਉਸ ਨੂੰ ਵੱਢ-ਵੱਢ ਖਾਂਦਾ ਤੁਰਿਆ ਜਾਵੇ ਨਾ ਤੇ ਨਾ ਹੀ ਉਸ ਨੂੰ ਉਸ ਦਾ ਕੋਈ ਸੱਜਣ-ਬੇਲੀ ਮਿਲਣ ਆਵੇ ਉਸਦੇ ਘਰਦਿਆਂ ਨੇ ਉਸ ਦਾ ਮੰਜਾ ਬਾਹਰਲੀ ਡਿਉਡੀ ਵਿੱਚ ਡਾਹ ਦਿੱਤਾ… ਕਿ ਆਉਂਦੇ-ਜਾਂਦੇ ਲੋਕਾਂ ਨੂੰ ਵੇਖ ਇਸ ਦਾ ਮਨ ਲੱਗਿਆ ਰਹੂ ਗਲੀ ’ਚੋਂ ਲੰਘਦੇ ਲੋਕਾਂ ਨੂੰ ਦੇਖਦਾ ਤੇ ਸੋਚਦਾ ਕਿ ਇਹ ਲੋਕ ਕਿੰਨੇ ਕਿਸਮਤ ਵਾਲੇ ਨੇ… ਤੁਰੇ ਤਾਂ ਫਿਰਦੇ ਨੇ! ਗਲੀ ਵਿੱਚੋਂ ਲੰਘਦੇ ਮੈਲੇ-ਕੁਚੈਲੇ ਕੱਪੜਿਆਂ ਵਾਲੇ ਮਜਦੂਰ ਤੇ ਮੰਗ ਕੇ ਖਾਣ ਵਾਲੇ ਮੰਗਤੇ ਵੀ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਲੱਗਦੇ! ਹੁਣ ਇੰਦਰਪਾਲ ਨੂੰ ਨਿੰਦਰ ਦੀਆਂ ਕਹੀਆਂ ਗੱਲਾਂ ਵਾਰ-ਵਾਰ ਚੇਤੇ ਆਉਂਦੀਆਂ! ਤੇ ਇੰਦਰਪਾਲ ਉੱਚੀ-ਉੱਚੀ ਬੋਲਦਾ, ‘‘ਤੇਰੀਆਂ ਗੱਲਾਂ ਠੀਕ ਸੀ ਨਿੰਦਰਾ, ਤੇਰੀਆਂ ਗੱਲਾਂ ਠੀਕ ਸੀ!’’ ਤੇ ਇਹ ਵਰਤਾਰਾ ਦਿਨ ਵਿੱਚ ਕਈ-ਕਈ ਵਾਰ ਵਾਪਰਦਾ।
ਜੱਸੀ ਜਸਪਾਲ ਵਧਾਈਆਂ
ਮੋ. 99140-43045
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ