ਬਿਨਾਂ ਕੌਂਸਲ ਚੋਣਾਂ ਜਿੱਤੇ ਆਪ ਦੇ ਖਾਤੇ ਆਈਆਂ ਚਾਰ ਮਹਿਲਾ ਕੌਂਸਲਰ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੀ ਸਿਆਸਤ ’ਚ ਲਾਏ ਜਾ ਰਹੇ ਕਿਆਸਾਂ ਅਨੁਸਾਰ ਉਸ ਸਮੇਂ ਵੱਡਾ ਸਿਆਸੀ ਧਮਾਕਾ ਹੋ ਗਿਆ ਜਦੋਂ 2 ਕਾਂਗਰਸੀ ਮਹਿਲਾ ਕੌਂਸਲਰਾਂ ਅਤੇ 1 ਅਜ਼ਾਦ ਮਹਿਲਾ ਕੌਂਸਲਰ ਸਮੇਤ 3 ਮਹਿਲਾ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਤਿੰਨੋਂ ਮਹਿਲਾ ਕੌਂਸਲਰਾਂ ਨੂੰ ਆਪ ਵਿੱਚ ਸ਼ਾਮਲ ਕਰਨ ਦੀ ਰਸਮ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਾਬਕਾ ਕੌਂਸਲ ਪ੍ਰਧਾਨ ਨਰਿੰਦਰਜੀਤ ਭਾਟੀਆ, ਸੀਨੀਅਰ ਕੌਂਸਲਰ ਸਾਬਕਾ ਅਨਿਲ ਰਾਣਾ, ਪੰਕਜ ਪੱਪੂ, ਸ਼ਿਲਪਾ, ਡਾ. ਕਪੂਰ ਆਦਿ ਦੀ ਹਾਜ਼ਰੀ ’ਚ ਨਿਭਾਈ। ਆਪ ਵਿੱਚ ਸ਼ਾਮਲ ਹੋਣ ਵਾਲੀਆਂ ਮਹਿਲਾ ਕੌਂਸਲਰਾਂ ਵਿਚ ਊਸ਼ਾ ਰਾਣੀ, ਕਰਮਜੀਤ ਕੌਰ ਅਤੇ ਰੌਜੀ ਨਾਗਪਾਲ ਦੇ ਨਾਮ ਸ਼ਾਮਲ ਹਨ। ਊਸ਼ਾ ਰਾਣੀ (ਵਾਰਡ ਨੰ 13) ਅਤੇ ਕਰਮਜੀਤ ਕੌਰ (ਵਾਰਡ ਨੰ 17) ਦੋਵੇਂ ਕਾਂਗਰਸ ਦੀ ਟਿਕਟ ’ਤੇ ਜੇਤੂ ਹੋਈਆਂ ਸਨ ਜਦੋਂਕਿ ਰੋਜ਼ੀ ਨਾਗਪਾਲ ਨੇ ਬਤੌਰ ਆਜ਼ਾਦ ਉਮੀਦਵਾਰ (ਵਾਰਡ ਨੰਬਰ 23) ਤੋਂ ਚੋਣ ਜਿੱਤੀ ਸੀ।
ਦੱਸਣਯੋਗ ਹੈ ਕਿ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਹਲਕਾ ਨਾਭਾ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ ਪਰੰਤੂ ਮੌਜ਼ੂਦਾ ਸਮੇਂ ਬਦਲੇ ਹਾਲਾਤਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਖਾਤੇ ਚਾਰ ਮਹਿਲਾ ਕੌਂਸਲਰ ਹਨ। ਵਾਰਡ ਨੰਬਰ 22 ਸਾਬਕਾ ਮੀਤ ਪ੍ਰਧਾਨ ਨਾਭਾ ਸੁਜਾਤਾ ਚਾਵਲਾ ਪਹਿਲਾਂ ਹੀ ਕਾਂਗਰਸ ਨੂੰ ਛੱਡ ਆਪ ’ਚ ਸ਼ਾਮਲ ਹੋ ਚੁੱਕੇ ਹਨ। ਆਪ ’ਚ ਸ਼ਾਮਲ ਹੋਈਆਂ ਤਿੰਨੋਂ ਮਹਿਲਾ ਕੌਂਸਲਰਾਂ ਦਾ ਸਿਰੋਪੇ ਪਾ ਸਵਾਗਤ ਕਰਦਿਆਂ ਆਪ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਕਿਹਾ ਕਿ ਆਪ ਪਾਰਟੀ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਆਮ ਲੋਕਾਂ ਦੀ ਸੇਵਾ ਲਈ ਸੱਤਾ ’ਚ ਆਈ ਹੈ ਅਤੇ ਇਸੇ ਕ੍ਰਮ ’ਚ ਆਪ ’ਚ ਸ਼ਾਮਲ ਮਹਿਲਾ ਕੌਸਲਰਾਂ ਨੂੰ ਪਾਰਟੀ ਵੱਲੋਂ ਸਮੇਂ ਸਿਰ ਬਣਦਾ ਮਾਣ ਸਤਿਕਾਰ ਜ਼ਰੂਰ ਦਿੱਤਾ ਜਾਵੇਗਾ।
ਇਸ ਮੌਕੇ ਸਮਾਜ ਸੇਵਕ ਪੰਕਜ ਪੱਪੂ ਨੇ ਕਿਹਾ ਕਿ ਕੁਝ ਕੁ ਸਿਰ ਚੜ੍ਹੇ ਕਾਂਗਰਸੀਆਂ ਸਹਾਰੇ ਚੱਲ ਰਹੀ ਕਾਂਗਰਸ ਦੀ ਸੱਤਾ ਦਾ ਦਬਾਅ ਝੱਲ ਰਹੇ ਕੌਸਲਰਾਂ ਨੂੰ ਆਪ ਪਾਰਟੀ ਦੀ ਸਰਕਾਰ ਬਣਨ ਬਾਅਦ ਸੁੱਖ ਦਾ ਸਾਹ ਆਇਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਪੰਜਾਬ ਸਿਰ ਚੜ੍ਹੇ ਕਰਜੇ ਕਾਰਨ ਲਾਹੇ ’ਚ ਆਏ ਸਿਆਸੀ ਆਗੂਆਂ ਦੀ ਪੜਤਾਲ ਅਤੇ ਕਾਰਵਾਈ ਦੇ ਐਲਾਨ ਦੀ ਤਰਜ ’ਤੇ ਨਾਭਾ ਕੌਂਸਲ ਵੀ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਨਾਲ ਘਿਰਦੀ ਰਹੀ ਹੈ। ਆਪ ਸਰਕਾਰ ਵੱਲੋਂ ਨਾਭਾ ਕੌਂਸਲ ਦੇ ਕੀਤੇ ਕਥਿਤ ਘਪਲਿਆਂ ਦੀ ਜਾਂਚ ਸਮੇਂ ਦੀ ਮੰਗ ਹੈ ਜੋ ਕਿ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਕਰ ਕੇ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਜਲਦ ਹੀ ਕਈ ਨਾਮੀ ਸਿਆਸੀ ਥੰਮ ਅਤੇ ਕੌਸਲਰ ਆਪ ਦੀ ਛੱਤਰੀ ਹੇਠ ਨਜ਼ਰ ਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ