ਐਸਸੀ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਨੇ ਬਠਿੰਡਾ ਪਹੁੰਚ ਕੇ ਸੁਣੀਆਂ ਸ਼ਿਕਾਇਤਾਂ

Bathinda~05

ਕਿਹਾ : ਐਸਸੀ ਵਰਗ ਨਾਲ ਧੱਕੇਸ਼ਾਹੀ ਤੇ ਤਸ਼ੱਦਦ ਨਹੀਂ ਹੋਵੇਗਾ ਬਰਦਾਸ਼ਤ

  •  ਗੰਭੀਰ ਮਸਲਿਆਂ ਦੇ ਹੱਲ ਲਈ ਅਧਿਕਾਰੀਆ ਨੂੰ ਕੀਤੀ ਹਦਾਇਤ

(ਸੁਖਜੀਤ ਮਾਨ) ਬਠਿੰਡਾ। ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ (SC Commission ) ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਨੇ ਅੱਜ ਇੱਥੇ ਸਰਕਟ ਹਾਊਸ ਪਹੁੰਚ ਕੇ ਐਸਸੀ ਵਰਗ ਨਾਲ ਸਬੰਧਤ ਵੱਖ-ਵੱਖ ਵਿਭਾਗਾ ’ਚ ਪੈਂਡਿੰਗ ਪਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼ਿਕਾਇਤ ਕਰਤਾ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਐਸ.ਸੀ. ਵਰਗ ਨਾਲ ਸਬੰਧਤ ਗੰਭੀਰ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ, ਐਸਸੀ ਵਰਗ ਨਾਲ ਸਬੰਧਤ ਧੱਕੇਸ਼ਾਹੀ ਅਤੇ ਤਸ਼ੱਦਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਸ੍ਰੀਮਤੀ ਕਾਂਗੜਾ ਨੇ ਵੱਖ-ਵੱਖ ਸ਼ਿਕਾਇਤ ਕਰਤਾ ਦੀਆਂ ਸ਼ਿਕਾਇਤਾ ਸੁਣੀਆਂ। ਇਸ ਦੌਰਾਨ ਮੌਕੇ ’ਤੇ ਹਾਜ਼ਰ ਸ਼ਿਕਾਇਤ ਕਰਤਾ ਕਿਰਨਾ ਕੁਮਾਰੀ ਨੇ ਪੂਨਮ ਕਾਂਗੜਾ ਨੂੰ ਦੱਸਿਆ ਕਿ ਉਸ ਦਾ ਵਿਆਹ ਜਰਨਲ ਜਾਤੀ ਵਿੱਚ ਹੋਇਆ ਸੀ ਉਨ੍ਹਾਂ ਕੋਲ ਇੱਕ ਲੜਕੀ ਵੀ ਹੈ ਪਰੰਤੂ ਉਸ ਦੇ ਪਤੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਆਹ ਤੋਂ ਖਫ਼ਾ ਹੋ ਕੇ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਦੁਖੀ ਹੋ ਕਿ ਉਸ ਦੇ ਪਤੀ ਨੇ ਆਤਮ ਹੱਤਿਆ ਕਰ ਲਈ ਸੀ। ਇਸ ਉਪਰੰਤ ਉਸ ਦੇ ਸੁਹਰਿਆਂ ਵੱਲੋਂ ਉਸ ਦਾ ਤੇ ਉਸ ਦੀ ਲੜਕੀ ਦਾ ਬਣਦਾ ਹਿੱਸਾ ਵੀ ਨਹੀਂ ਦਿੱਤਾ ਗਿਆ।

ਇਸੇ ਤਰ੍ਹਾਂ ਇੱਕ ਹੋਰ ਹਾਜ਼ਰ ਸ਼ਿਕਾਇਤ ਕਰਤਾ ਦਾਰਾ ਸਿੰਘ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਬਿਨਾ ਕਿਸੇ ਜੁਰਮ ਦੇ ਹੀ ਪੁਲਿਸ ਥਾਣੇ ਲਿਜਾ ਕਿ ਉਸ ’ਤੇ ਅੰਨੇ੍ਹਵਾਹ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਉਸ ਉਪਰ ਇੱਕ ਚੋਰੀ ਦਾ ਝੂਠਾ ਕੇਸ ਦਰਜ ਕੀਤਾ ਗਿਆ ਉਨ੍ਹਾਂ ਆਪਣੀ ਬੇਗੁਨਾਹੀ ਸਬੰਧੀ ਸਬੂਤ ਵੀ ਪੇਸ਼ ਕੀਤੇ ਇਸ ਤੋਂ ਇਲਾਵਾ ਰਿੰਪੀ ਕੌਰ ਪਿੰਡ ਸੰਗਤ ਖੁਰਦ, ਰਵੀਨਾ ਰਾਣੀ ਆਦਿ ਨੇ ਵੀ ਆਪਣਾ ਦੁੱਖੜਾ ਦੱਸਿਆ।

ਅਧਿਕਾਰੀ ਪੰਦਰ੍ਹਾਂ ਦਿਨਾਂ ਦੇ ਅੰਦਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ

ਇਸ ਮੌਕੇ ਹੋਰ ਵੀ ਕਈ ਸ਼ਿਕਾਇਤਾਂ ਸੁਣਦਿਆਂ ਸ਼੍ਰੀਮਤੀ ਪੂਨਮ ਕਾਂਗੜਾ ਨੇ ਗੰਭੀਰ ਮਸਲਿਆਂ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਨੂੰ ਲੈ ਕੇ ਮੌਕੇ ’ਤੇ ਮੌਜੂਦ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਪੰਦਰ੍ਹਾਂ ਦਿਨਾਂ ਦੇ ਅੰਦਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਉਨ੍ਹਾਂ ਵੱਲੋਂ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਵਰਿੰਦਰਪਾਲ ਸਿੰਘ ਬਾਜਵਾ, ਉੱਪ ਮੰਡਲ ਮੈਜਿਸਟਰੇਟ ਕੰਵਰਜੀਤ ਸਿੰਘ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ