ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਕੀਤੀ ਮੰਗ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਾਲੂ ਮਹੀਨਾ ਅਪਰੈਲ ਤੋਂ ਮਈ ਦੌਰਾਨ ਅੱਠਵੀਂ , ਦਸਵੀੰ ਅਤੇ 10+2 ਜਮਾਤ ਦੀਆਂ ਟਰਮ -2 ਦੀਆਂ ਸਾਲਾਨਾ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਰਜ ਸੰਚਾਲਨ ਸ਼ਾਖਾ ਵੱਲੋਂ ਪੱਤਰ ਨੰਬਰ ਪ .ਸ.ਸ.ਬ / ਕ.ਸ. / 2022 / 341 ਮਿਤੀ 7 ਅਪ੍ਰੈਲ 2022 ਨੂੰ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨਾਂਅ ਜਾਰੀ ਕੀਤਾ ਗਿਆ ਹੈ । ਇਸ ਪੱਤਰ ਤੇ ਲੜੀ ਨੰਬਰ 2 ਵਿੱਚ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ਨਿਭਾਉਣ ਵਾਲੇ ਨਿਗਰਾਨ ਅਮਲੇ ਸਬੰਧੀ ਲਿਖਿਆ ਗਿਆ ਹੈ ਕਿ ਸਕੂਲ ਦੇ ਨੇੜੇ ਸਕੂਲ ਪ੍ਰੀਖਿਆ ਕੇਂਦਰਾਂ ਵਿੱਚ ਤਾਇਨਾਤ ਸਮੂਹ ਅਮਲਾ ਆਪਣੇ ਸੰਬੰਧਤ ਸਕੂਲ ਵਿੱਚ ਪ੍ਰੀਖਿਆ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿੱਥੇ ਅਤੇ ਜਦੋਂ ਵੀ ਸੰਭਵ ਹੋਵੇ ਹਾਜ਼ਰ ਹੋਵੇਗਾ ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਈ ਇਸ ਹਦਾਇਤ ਦੇ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਸੂਬਾਈ ਵਿੱਤ ਸਕੱਤਰ ਨਵੀਨ ਕੁਮਾਰ ਸੱਚਦੇਵਾ , ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੱਦਰਪਾਲ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ ਨੇ ਕਿਹਾ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ਨਿਭਾਉਣ ਵਾਲੇ ਨਿਗਰਾਨ ਅਮਲਾ ਕਸੂਤੀ ਸਥਿਤੀ ਵਿੱਚ ਫਸ ਗਿਆ ਹੈ । ਅਧਿਆਪਕ ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗ ਰਾਜ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਜਾਰੀ ਕੀਤੇ ਗਏ ਪੱਤਰ ਦੀ ਮੱਦ ਨੰਬਰ 2 ਤੁਰੰਤ ਖਾਰਜ ਕੀਤੀ ਜਾਵੇ ਤਾਂ ਜੋ ਸਮੁੱਚਾ ਨਿਗਰਾਨ ਅਮਲਾ ਆਪਣੀ ਪ੍ਰੀਖਿਆ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਸਕੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ