ਅਲੋਪ ਹੋ ਰਹੇ ਪੰਜਾਬੀ ਲੋਕ-ਨਾਚ

Punjabi Folk Dance Sachkahoon

ਅਲੋਪ ਹੋ ਰਹੇ ਪੰਜਾਬੀ ਲੋਕ-ਨਾਚ

ਸੰਸਾਰ ਦਾ ਕੋਈ ਵੀ ਦੇਸ਼ ਜਾਂ ਕਿੱੱਤਾ ਅਜਿਹਾ ਨਹੀਂ ਹੈ, ਜਿੱਥੇ ਲੋਕਾਂ ਦਾ ਆਪਣਾ ਵਿਲੱਖਣ ਲੋਕ ਨਾਚ ਨਾ ਹੋਵੇ। ਲੋਕ ਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੀ ਜਨ ਸਮੂਹ ਦੀ ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਸੀ ਤੇ ਇਤਿਹਾਸਕ ਜੀਵਨ ਤੌਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ ਮੁਹਾਰਾ, ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੁੰਦੇ ਹਨ। ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਜਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਪੰਜਾਬ ਵਿੱਚ ਪੰਜ ਹਜ਼ਾਰ ਪੂਰਨ ਈਸਵੀ ਤੋਂ ਲੋਕ ਨਾਚ ਨੱਚਣ ਦੀ ਪ੍ਰੇਰਨਾ ਦੇ ਪ੍ਰਮਾਣ ਮਿਲਦੇ ਹਨ ਪਰ ਅਜੋਕੇ ਸਮੇਂ ’ਚ ਸਾਡੇ ਪੰਜਾਬੀਆਂ ਦੀ ਲੋਕ-ਨਾਚਾਂ ਪ੍ਰਤੀ ਬੇਪ੍ਰਵਾਹੀ ਇਸ ਦੀ ਲੋਕਪਿ੍ਰਅਤਾ ਨੂੰ ਦਿਨੋਂ ਦਿਨ ਖਾ ਰਹੀ ਹੈ।

ਇੱਥੋਂ ਦੇ ਲੋਕ ਨਾਚਾਂ ਨੇ ਇੱਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਨ ਕਾਇਮ ਰੱਖੀ ਹੋਈ ਸੀ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ, ਲੋਕ-ਗੀਤਾਂ ਦੀ ਸੁਰਤਾਲ ਵਿੱਚ ਢੋਲ ਤੇ ਪੰਜਾਬ ਦੇ ਸੁਮੇਲ ਦੇ ਸੱਚ ਨੂੰ ਉਜਾਗਰ ਕਰਦੀ ਸੀ ਪਰ ਅਫਸੋਸ ਜਿਸ ਤਰ੍ਹਾਂ ਪੰਜਾਬ ਦੇ ਹੋਰ ਲੋਕ ਰੰਗਾਂ ਨੂੰ ਪੰਜਾਬੀਆਂ ਦੀ ਪੱਛਮਵਾਦ ਪ੍ਰਤੀ ਖਿੱਚ ਨੇ ਨਿਗਲ ਲਿਆ ਉਸੇ ਤਰ੍ਹਾਂ ਪੰਜਾਬ ਦੇ ਲੋਕ ਨਾਚ ਵੀ ਉਨ੍ਹਾਂ ਦੀ ਇਸੇ ਸੋਚ ਤਹਿਤ ਅਲੋਪ ਹੋ ਰਹੇ ਹਨ। ਰੋਜ਼ਾਨਾ ਹੀ ਅਸੀਂ ਇਲੈਕਟ੍ਰਾਨਿਕ ਵੀਡੀਓ ਰਾਹੀਂ ਚੈਨਲਾਂ ’ਤੇ ਦੇਖਦੇ ਹਾਂ ਕਿ ਪੰਜਾਬੀ ਗੀਤਾਂ ’ਚ ਲੋਕ ਨਾਚਾਂ ਦੀ ਪੇਸ਼ਕਾਰੀ ਨਾ ਮਾਤਰ ਹੀ ਹੁੰਦੀ ਹੈ ਜੇਕਰ ਹੁੰਦੀ ਵੀ ਹੈ ਤਾਂ ਉਸ ਨੂੰ ਪੱਛਮੀ ਡਾਂਸ ਦੀ ਪੁੱਠ ਦੇ ਕੇ ਦਿਖਾਇਆ ਜਾਂਦਾ ਹੈ।

ਭੰਗੜਾ ਪੰਜਾਬ ਦਾ ਪ੍ਰਮੁੱਖ ਲੋਕ ਨਾਚ ਹੈ ਇਸ ਵਿੱਚ ਤਕੜੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਾਧਾਰਨ ਪਰ ਸੁੰਦਰ ਪੋਸ਼ਾਕ ਪਹਿਣ ਕੇ, ਅਲਬੇਲੇਪਣ ਵਿੱਚ,ਜੋਸ਼, ਵੀਰਤਾ ਤੇ ਹੌਸਲੇ ਭਰਪੂਰ ਨਾਚ ਮੁਦਰਾਵਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਪਰ, ਸਾਡੇ ਅਜੋਕੇ ਗੀਤਾਂ ਵਿੱਚੋਂ ਤਾਂ ਇਨ੍ਹਾਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਵੀ ਨਹੀਂ ਮਿਲਦੀ। ਭਾਵੇਂ ਕਿ ਗਾਇਕ ਦੇ ਨਾਲ ਨੱਚਦੇ ਮੁੰਡਿਆਂ ਨੂੰ ਅਕਸਰ ਹੀ ਦਿਖਾਇਆ ਜਾਂਦਾ ਹੈ ਪਰ ਉੱਥੇ ਇਸ ਗੱਲ ਦਾ ਨਹੀਂ ਪਤਾ ਲੱਗਦਾ ਕਿ ਇਹ ਕਿਹੜਾ ਨਾਚ ਹੈ। ਕਈ ਵਾਰੀ ਕਿਸੇ ਵਧੀਆ ਪੰਜਾਬੀ ਗੀਤ ਵਿੱਚ ਗਾਇਕ ਨਾਲ ਮੁੰਡੇ ਭੰਗੜਾ ਪਾ ਰਹੇ ਹੁੰਦੇ ਹਨ।

ਗੀਤ ਵਿੱਚ ਗੱਲ ਕੈਂਠੇ ਦੀ ਹੁੰਦੀ ਹੈ ਪਰ ਉਨ੍ਹਾਂ ਵਿੱਚ ਕਿਸੇ ਦੇ ਵੀ ਗੱਲ ’ਚ ਕੈਂਠੇ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ। ਇਸੇ ਤਰ੍ਹਾਂ ਹੋਰ ਵੀ ਕਈ ਗੀਤਾਂ ਵਿੱਚ ਭੰਗੜੇ ਦੀ ਵਿਸ਼ੇਸ਼ਤਾ ਨੂੰ ਅਕਸਰ ਨਸ਼ਟ ਕੀਤਾ ਪਿਆ ਹੁੰਦਾ ਹੈ ਜਿਵੇਂ ਕਈ ਪੱਛਮੀ ਸਾਜਾਂ ’ਤੇ ਆਧਾਰਿਤ ਗੀਤਾਂ ਵਿੱਚ ਭੰਗੜਾ ਪਾਉਂਦੇ ਮੁੰਡਿਆਂ ਨੂੰ ਕੁੜਤੇ ਚਾਦਰੇ ਪਾ ਕੇ ਦਿਖਾਇਆ ਜਾਂਦਾ ਹੈ ਅਤੇ ਫਿਰ ਉਸੇ ਡਰੈੱਸ ਵਿੱਚ ਉਨ੍ਹਾਂ ਮੁੰਡਿਆਂ ਕੋਲੋਂ ਡਾਂਸ (ਕੈਬਰੇ ਡਾਂਸ) ਕਰਵਾਇਆ ਦਿਖਾਇਆ ਜਾਂਦਾ ਹੈ ਜਿਹੜਾ ਕਿ ਭੰਗੜੇ ਦੀ ਮਾਣ ਮਰਿਆਦਾ ਦੇ ਉਲਟ ਜਾਪਦਾ ਹੈ। ਭੰਗੜੇ ਤੋਂ ਇਲਾਵਾ ਕਈ ਹੋਰ ਲੋਕ ਨਾਚ ਵੀ ਅਜਿਹੇ ਹਨ ਜਿਹੜੇ ਇਸ ਸਮੇਂ ਅਲੋਪ ਹੋ ਗਏ ਹਨ ਜਿਨ੍ਹਾਂ ਵਿੱਚ ਲੋਕ-ਨਾਚ ‘ਝੁੰਮਰ’ ‘ਲੁੱਡੀ’ ਆਦਿ ਜ਼ਿਕਰਯੋਗ ਹਨ।

ਇਸ ਤੋਂ ਇਲਾਵਾ ਲੋਕ ਨਾਚ ਧਮਾਲ ਤੇਜ਼ ਗਤੀ ਦਾ ਇਹ ਨਾਚ ਖਾਸ ਕਿਸਮ ਦੇ ਸਰੀਰਕ ਹਿਲੌਰੇ ਦਾ ਨਾਚ ਸੀ ਪਰੰਤੂ ਇਹ ਹੁਣ ਉਨ੍ਹਾਂ ਪ੍ਰਚੱਲਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਸੀਮਤ ਹੋ ਚੁੱਕਾ ਹੈ। ਖਲੀ ਹੈਮੜੀ ਡੰਡਾਸ ਅਖਾੜਾ ਗੱਤਕਾ ਆਪਣੀ ਹੋਂਦ ਇੱਕ-ਇੱਕ ਦੋ-ਦੋ ਮੁਦਰਾਵਾਂ ਤੱਕ ਸੀਮਤ ਕਰਕੇ ਲੱਗਭਗ ਖਤਮ ਹੋ ਗਏ ਹਨ। ਇਸਤਰੀਆਂ ਦੇ ਲੋਕ ਨਾਚ ਗਿੱਧਾ ਕਿੱਕਲੀ ਸੰਮੀ ਵੀ ਅਲੋਪ ਹੋ ਰਹੇ ਹਨ। ਇਨ੍ਹਾਂ ਵਿੱਚੋਂ ਗਿੱਧਾ ਅਜੇ ਪ੍ਰਚੱਲਤ ਹੈ। ਪਰ ਉਸ ਨੂੰ ਸਮੇਂ ਦੇ ਮਾਰੂ ਝੱਖੜਾਂ ਨੇ ਖਿੰਡਾ ਕੇ ਹੋਰ ਰੂਪ ਵਿੱਚ ਲੈ ਆਂਦਾ ਹੈ।

ਸਾਡੇ ਲੋਕ ਨਾਚਾਂ ਦੇ ਅਲੋਪ ਹੋਣ ਦਾ ਕਾਰਨ ਪੰਜਾਬ ਵਿੱਚ ਵੱਡੇ ਪੱਧਰ ਤੇ ਤੇਜ਼ੀ ਨਾਲ ਸ਼ਹਿਰੀਕਰਨ ਦਾ ਹੋਣਾ ਵੀ ਹੈ। ਜਿਸ ਪੰਜਾਬੀ ਪੇਂਡੂ ਸੱਭਿਆਚਾਰ ਤੋਂ ਅਸੀਂ ਵਾਕਿਫ਼ ਸੀ ਹੁਣ ਘੱਟ ਹੀ ਨਜ਼ਰ ਆਉਂਦਾ ਹੈ ਪਿੰਡਾਂ ਵਿੱਚ ਦਿਨੋਂ ਦਿਨ ਖੁੱਲ੍ਹ ਤੇ ਸਾਂਝ ਘਟਦੀ ਨਜ਼ਰ ਆ ਰਹੀ ਹੈ ਜਿਸ ਦੇ ਸ਼ਿਕਾਰ ਹੋਏ ਹਨ ਸਾਡੇ ਲੋਕ ਨਾਚ।ਇਨ੍ਹਾਂ ਵਿੱਚ ਪੈ ਰਹੇ ਪੱਛਮੀ ਪ੍ਰਭਾਵ ਪ੍ਰਤੀ ਚੇਤਨ ਹੋਣਾ ਲਾਜਮੀ ਹੈ ਤਾਂ ਹੀ ਇਹ ਲੋਕ ਨਾਚ ਸਮੂਹ ਪੰਜਾਬੀਆਂ ਦੇ ਸਰਵਪੱਖੀ ਸੱਭਿਆਚਾਰਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਸਮਰੱਥ ਹੋਣਗੇ।

ਹਰਮੀਤ ਸਿਵੀਆਂ
ਪਿੰਡ ਤੇ ਡਾਕ: ਸਿਵੀਆਂ (ਬਠਿੰਡਾ)
ਮੋ: 8054757806

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ