ਮੁਫਤ ਬਿਜਲੀ ਕਿਤੇ ਪਾਵਰਕੌਮ ਦਾ ਕਰੰਟ ਹੀ ਨਾ ਘੱਟ ਕਰ ਦੇਵੇ 

Powercom Sachkahoon

ਸਮੇਂ ਸਿਰ ਸਬਸਿਡੀ ਦੀ ਰਕਮ ਨਾ ਮਿਲਣ ਕਾਰਨ ਪਾਵਰਕੌਮ (Powercom) ਲਈ ਹੁੰਦੀ ਹੈ ਮੁਸ਼ਕਿਲ ਖੜ੍ਹੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਗਵੰਤ ਮਾਨ ਸਰਕਾਰ ਵੱਲੋਂ ਅੱਜ 1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਬਿਜਲੀ ਮਾਫ ਕਰਨ ਦਾ ਕੀਤਾ ਐਲਾਨ ਪਾਵਰਕੌਮ (Powercom) ਦੀ ਆਰਥਿਕ ਹਾਲਤ ਨੂੰ ਹੋਰ ਵੀ ਝੰਜੋੜ ਕੇ ਰੱਖ ਸਕਦਾ ਹੈ। ਪਾਵਰਕੌਮ ਲਈ ਵੱਡੀ ਮੁਸ਼ਕਲ ਖੜ੍ਹੀ ਹੁੰਦੀ ਹੈ ਕਿ ਸਰਕਾਰ ਵੱਲੋਂ ਮੁਫ਼ਤ ਬਿਜਲੀ ਦਾ ਐਲਾਨ ਤਾਂ ਕਰ ਦਿੱਤਾ ਜਾਂਦਾ ਹੈ ਪਰ ਉਸਦੀ ਬਣਦੀ ਸਬਸਿਡੀ ਸਮੇਂ ਸਿਰ ਪਾਵਰਕੌਮ ਨੂੰ ਮੁਹੱਈਆ ਨਹੀਂ ਕਰਵਾਈ ਜਾਂਦੀ , ਜਿਸ ਕਾਰਨ ਵਧਦਾ ਆਰਥਿਕ ਪਾੜਾ ਪਾਵਰਕੌਮ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।

ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਅੱਜ ਤਿੰਨ ਸੌ ਮੁਫਤ ਯੂਨਿਟ ਦੇ ਕੀਤੇ ਐਲਾਨ ਸਮੇਤ ਹੋਰ ਰਿਆਇਤਾਂ ਨਾਲ ਪਾਵਰਕੌਮ (Powercom) ਦੇ ਸਿਰ ਇੱਕ ਸਾਲ ਦਾ ਲਗਪਗ 14 ਹਜਾਰ ਕਰੋੜ ਰੁਪਏ ਦਾ ਬੋਝ ਪਵੇਗਾ। ਮਾਹਰਾਂ ਅਨੁਸਾਰ 300 ਯੂਨਿਟ ਮੁਫਤ ਬਿਜਲੀ ਦਾ ਲਾਭ ਲਗਪਗ ਪੰਜਾਬ ਦੇ ਸੱਠ ਲੱਖ ਤੋਂ ਵੱਧ ਖਪਤਕਾਰਾਂ ਨੂੰ ਹੋਵੇਗਾ। ਉਂਜ ਜਨਰਲ ਵਰਗ ਵਿੱਚ ਇਸ ਗੱਲ ਦਾ ਰੋਸ ਵੀ ਹੈ ਕਿ ਜੇਕਰ 600 ਤੋਂ ਵੱਧ ਇੱਕ ਯੂਨਿਟ ਵੀ ਬਿਜਲੀ ਫੂਕੀ ਗਈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਪਲੇਟਫਾਰਮ ’ਤੇ ਜਨਰਲ ਵਰਗ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ । ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਛੇ ਸੌ ਤੋਂ ਵੱਧ ਯੂਨਿਟ ਫੂਕੀ ਗਈ ਤਾਂ ਉਸ ਦਾ ਹੀ ਬਿੱਲ ਅਦਾ ਕਰਨਾ ਪਵੇਗਾ ਜਦਕਿ ਹੁਣ ਸਰਕਾਰ ਆਉਣ ਤੋਂ ਬਾਅਦ ਪਲਟੀ ਮਾਰ ਲਈ ਗਈ ਹੈ ।

ਸਰਕਾਰ ਵੱਲ 7 ਹਜਾਰ ਕਰੋੜ ਤੋਂ ਵੱਧ ਦੀ ਰਕਮ ਅਜੇ ਵੀ ਪੈਂਡਿੰਗ

ਦੱਸਣਯੋਗ ਹੈ ਕਿ ਸਰਕਾਰ ਵੱਲੋਂ ਜੋ ਅੱਜ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕੀਤਾ ਗਿਆ ਹੈ ਇਸ ਦੀ ਸਬਸਿਡੀ ਸਰਕਾਰ ਵੱਲੋਂ ਪਾਵਰਕੌਮ ਨੂੰ ਮੁਹੱਈਆ ਕਰਵਾਈ ਜਾਵੇਗੀ। ਪਾਵਰਕੌਮ ਲਈ ਮੁਸ਼ਕਿਲ ਖੜ੍ਹੀ ਹੁੰਦੀ ਹੈ ਕਿ ਕਿਸੇ ਵੀ ਸਰਕਾਰ ਵੱਲੋਂ ਇਹ ਸਬਸਿਡੀ ਦੀ ਰਕਮ ਸਮੇਂ ਸਿਰ ਮੁਹੱਈਆ ਨਹੀਂ ਕਰਵਾਈ ਜਾਂਦੀ। ਸਰਕਾਰ ਵੱਲ ਪਾਵਰਕੌਮ ਦਾ ਹੁਣ ਵੀ ਸਬਸਿਡੀ ਦੀ ਰਕਮ ਦਾ 7 ਹਜ਼ਾਰ ਕਰੋੜ ਤੋਂ ਵੱਧ ਪੈਂਡਿੰਗ ਖੜ੍ਹਾ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਮੌਜੂਦਾ ਸਮੇਂ ਕਰਜੇ ਨਾਲ ਜੂਝ ਰਹੀ ਹੈ । ਪਾਵਰਕੌਮ ਸਿਰ ਵੱਖ-ਵੱਖ ਬੈਂਕਾਂ ਸਮੇਤ ਹੋਰ ਦੇਣਦਾਰੀਆਂ ਦਾ 16 ਹਜਾਰ ਕਰੋੜ ਤੋਂ ਵੱਧ ਦਾ ਕਰਜਾ ਖੜ੍ਹਾ ਹੈ ਜਦਕਿ ਆਏ ਸਾਲ ਇਸ ਦਾ ਵਿਆਜ ਹੀ ਕਰੋੜਾਂ ’ਚ ਅਦਾ ਕਰਨਾ ਪੈ ਰਿਹਾ ਹੈ ।

ਪਾਵਰਕੌਮ ਦੇ ਰਿਟਾਇਰ ਹੋਏ ਇੱਕ ਸਾਬਕਾ ਅਧਿਕਾਰੀ ਦਾ ਕਹਿਣਾ ਸੀ ਕਿ ਮੁਫ਼ਤ ਬਿਜਲੀ ਪਾਵਰਕੌਮ ਦਾ ਧੂੰਆਂ ਕੱਢ ਦੇਵੇਗੀ ਕਿਉਂਕਿ ਮੌਜੂਦਾ ਸਮੇਂ ਪਾਵਰਕੌਮ ਜਿੱਥੇ ਕੋਲੇ ਦੀ ਘਾਟ ਨਾਲ ਜੂਝ ਰਹੀ ਹੈ ਉਥੇ ਹੀ ਖਪਤਕਾਰਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਕਰਜੇ ਲੈ ਕੇ ਡੰਗ ਸਾਰ ਰਹੀ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਆਮ ਲੋਕਾਂ ਨੂੰ ਮੁਫ਼ਤ ਦੇ ਚੋਗੇ ਪਾਉਣ ਦੀ ਥਾਂ ਘੱਟ ਰੇਟ ਦੇ ਕੇ ਲੋਕਾਂ ਨੂੰ ਰਾਹਤ ਦੇਣ। ਉਨ੍ਹਾਂ ਕਿਹਾ ਕਿ ਗਰਮੀ ਅਤੇ ਝੋਨੇ ਦੇ ਸੀਜ਼ਨ ਵਿੱਚ ਇਸ ਵਾਰ ਆਮ ਲੋਕਾਂ ਨੂੰ ਬਿਜਲੀ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਧਰ ਸਰਕਾਰ ਦੇ ਇਸ ਐਲਾਨ ਸਬੰਧੀ ਜਦੋਂ ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ